ਦਿੱਲੀ ਵਿੱਚ ਕੋਰੋਨਾ ਮਾਹਾਂਮਾਰੀ ਕਾਰਨ ਕੇਜਰੀਵਾਲ ਸਰਕਾਰ ਵਲੋਂ ਵਿਆਹ ਵਿੱਚ ਦਿੱਤੀ ਛੋਟ ਵਾਪਿਸ


ਨਵੀਂ ਦਿੱਲੀ, 17 ਨਵੰਬਰ (ਸ.ਬ.) ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ| ਦਿੱਲੀ ਵਿੱਚ ਕੋਰੋਨਾ ਲਾਗ ਦੀ ਭਿਆਨਕ ਹੁੰਦੀ ਜਾ ਰਹੀ ਸਥਿਤੀ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਵਿਆਹਾਂ ਵਿੱਚ ਮਿਲੀ ਛੋਟ ਨੂੰ ਵਾਪਸ ਲੈ ਲਿਆ ਹੈ| ਅਰਵਿੰਦ ਕੇਜਰੀਵਾਲ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਸੀਂ ਵਿਆਹ ਸਮਾਰੋਹਾਂ ਵਿੱਚ 200 ਲੋਕਾਂ ਦੇ ਸ਼ਾਮਿਲ ਹੋਣ ਦੀ ਇਜਾਜ਼ਤ ਨੂੰ ਵਾਪਿਸ ਲੈ ਲਿਆ ਹੈ| ਹੁਣ ਸਿਰਫ 50 ਲੋਕ ਹੀ ਵਿਆਹ ਸਮਾਰੋਹਾਂ ਵਿੱਚ ਸ਼ਾਮਿਲ ਹੋ ਸਕਦੇ ਹਨ| ਉਹਨਾਂ ਕਿਹਾ ਕਿ ਕੋਰੋਨਾ ਦੀ ਸਥਿਤੀ ਆਮ ਹੋਣ ਤੇ ਪਹਿਲਾਂ 50 ਤੋਂ ਇਹ ਗਿਣਤੀ 200 ਤੱਕ ਵਧਾਈ ਗਈ ਸੀ, ਜਿਸ ਨੂੰ ਹੁਣ ਵਾਪਿਸ ਲੈ ਲਿਆ ਗਿਆ ਹੈ| 
ਮੁੱਖ ਮੰਤਰੀ ਅਰਵਿੰਦ                        ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਲੋਕਾਂ ਨੇ ਮਾਸਕ ਪਹਿਨਣ ਵਿੱਚ ਅਣਗਹਿਲੀ ਕੀਤੀ, ਜਿਸ ਕਾਰਨ ਕੋਰੋਨਾ ਬਹੁਤ ਜ਼ਿਆਦਾ ਫੈਲਿਆ ਹੈ| ਦਿੱਲੀ ਦੇ ਭੀੜ-ਭਾੜ ਵਾਲੇ ਬਾਜ਼ਾਰਾਂ ਨੂੰ ਜੇਕਰ ਜ਼ਰੂਰੀ ਹੋਇਆ ਤਾਂ ਬੰਦ ਕੀਤਾ ਜਾ ਸਕਦਾ ਹੈ| ਇਸ ਲਈ ਦਿੱਲੀ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਪ੍ਰਸਤਾਵ ਵੀ ਭੇਜਿਆ ਜਾ ਰਿਹਾ ਹੈ| ਨਿਯਮਾਂ ਦਾ ਉਲੰਘਣ ਅਤੇ ਸਮਾਜਿਕ ਦੂਰੀ ਦਾ ਪਾਲਣ ਨਾ ਹੋਣ ਦੀ ਸਥਿਤੀ ਵਿਚ ਦਿੱਲੀ ਕੋਰੋਨਾ ਹੌਟ-ਸਪੌਟ ਬਣ ਸਕਦਾ ਹੈ| ਭੀੜ ਵਾਲੇ ਬਜ਼ਾਰਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦੀ ਮੰਜੂਰੀ ਕੇਂਦਰ ਤੋਂ ਮੰਗੀ ਜਾਵੇਗੀ|
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਮਿਲ ਕੇ ਕੋਰੋਨਾ ਦੀ ਸਥਿਤੀ ਨੂੰ ਕੰਟਰੋਲ ਕਰਨ ਵਿਚ ਜੁੱਟੀਆਂ ਹੋਈਆਂ ਹਨ| ਦਿੱਲੀ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈਡਾਂ ਦੀ ਗਿਣਤੀ ਉਚਿਤ ਹੈ ਪਰ ਆਈ. ਸੀ. ਯੂ. ਵਿੱਚ ਬੈਡਾਂ ਦੀ ਕਮੀ ਹੈ, ਜਿਸ ਲਈ ਕੇਂਦਰ ਸਰਕਾਰ ਨੇ ਮਦਦ ਕੀਤੀ ਹੈ| ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਭ ਤੋਂ ਵੱਡੀ ਲੋੜ ਹੈ ਕਿ ਲੋਕ ਧਿਆਨ ਰੱਖਣ| ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਜ਼ਰੂਰ ਪਹਿਨੋ ਅਤੇ ਸਮਾਜਿਕ ਦੂਰੀ ਦਾ ਪਾਲਣ ਕਰੋ|

Leave a Reply

Your email address will not be published. Required fields are marked *