ਦਿੱਲੀ ਵਿੱਚ ਝੁੱਗੀ ਝੋਪੜੀ ਵਾਲਿਆਂ ਨੂੰ ਮਿਲਣਗੇ ਪੱਕੇ ਘਰ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 15 ਸਤੰਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਵਿੱਚ ਰੇਲਵੇ ਲਾਈਨ ਦੇ ਨੇੜੇ ਬਣੀਆਂ ਝੁੱਗੀ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਘਰ ਨਹੀਂ ਹੋਣ ਦੇਣਗੇ| ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਉਨ੍ਹਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਕੇਂਦਰ ਨਾਲ ਮਿਲ ਕੇ ਕੰਮ ਕਰੇਗੀ| ਦਿੱਲੀ ਵਿੱਚ ਰੇਲਵੇ ਲਾਈਨ ਦੇ ਨੇੜੇ ਬਣੀਆਂ ਝੁੱਗੀਆਂ ਬਸਤੀਆਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਲਏ ਜਾਣ ਤੱਕ ਇਨ੍ਹਾਂ ਝੁੱਗੀਆਂ ਨੂੰ ਨਹੀਂ ਹਟਾਇਆ ਜਾਵੇਗਾ| ਸੁਪਰੀਮ ਕੋਰਟ ਨੇ 31 ਅਗਸਤ ਨੂੰ ਇਕ ਫੈਸਲੇ ਵਿੱਚ ਦਿੱਲੀ ਵਿੱਚ ਰੇਲਵੇ ਲਾਈਨ ਦੇ ਕਿਨਾਰੇ ਬਣੀਆਂ 48 ਹਜ਼ਾਰ ਝੁੱਗੀਆਂ ਨੂੰ ਤਿੰਨ ਮਹੀਨਿਆਂ ਅੰਦਰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ|
ਇਸ ਮੁੱਦੇ ਤੇ ਦਿੱਲੀ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ ਦੌਰਾਨ ਬਹਿਸ ਹੋਈ ਅਤੇ ਇਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਦਲ ਭਾਜਪਾ ਨੇ ਇਕ-ਦੂਜੇ ਤੇ ਦੋਸ਼ ਲਗਾਇਆ| ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਥੂੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰਦੇ ਹੋਏ 2022 ਤੱਕ ਸਾਰਿਆਂ ਨੂੰ ਘਰ ਉਪਲੱਬਧ ਕਰਵਾਉਣ ਦੀ ਉਨ੍ਹਾਂ ਦੀ ਮੁਹਿੰਮ ਦੀ ਪ੍ਰਸ਼ੰਸਾ ਕੀਤੀ| ਕੇਜਰੀਵਾਲ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮਹਾਮਾਰੀ ਦੇ ਇਸ ਦੌਰ ਵਿੱਚ 48 ਹਜ਼ਾਰ ਝੁੱਗੀਆਂ ਨੂੰ ਹਟਾਉਣਾ ਸਹੀ ਨਹੀਂ ਹੈ| ਜੇਕਰ ਉਹ ਸਥਾਨ ਕੋਰੋਨਾ ਵਾਇਰਸ ਹੌਟ ਸਪਾਟ ਬਣ ਗਿਆ ਤਾਂ ਕੀ ਹੋਵੇਗਾ? ਕਾਨੂੰਨ ਕਹਿੰਦਾ ਹੈ ਕਿ ਮੁੜ ਵਸੇਬੇ ਤੋਂ ਪਹਿਲਾਂ ਉਨ੍ਹਾਂ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ| ਹਰ ਝੁੱਗੀ ਵਾਲੇ ਦਾ ਇਹ ਕਾਨੂੰਨੀ ਅਧਿਕਾਰ ਹੈ ਕਿ ਉਸ ਦਾ ਇਕ ਘਰ ਹੋਵੇ|

Leave a Reply

Your email address will not be published. Required fields are marked *