ਦਿੱਲੀ ਵਿੱਚ ਵਧਿਆ ਪ੍ਰਦੂਸ਼ਣ ਜਾਵਡੇਕਰ ਵਲੋਂ ਕੈਪਟਨ ਸਰਕਾਰ ਨੂੰ ਪਰਾਲੀ ਨਾ ਸਾੜਨ ਦੀ ਹਿਦਾਇਤ


ਨਵੀਂ ਦਿੱਲੀ, 15 ਅਕਤੂਬਰ (ਸ.ਬ.) ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ 96 ਫੀਸਦੀ ਸਥਾਨਕ ਕਾਰਕਾਂ ਅਤੇ ਸਿਰਫ 4 ਫੀਸਦੀ ਪਰਾਲੀ ਕਾਰਨ ਹੈ| ਉਹਨਾਂ ਦਿੱਲੀ ਸਮੇਤ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਵਿੱਚ ਪ੍ਰਦੂਸ਼ਣ ਕੰਟਰੋਲ ਲਈ ਗਠਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਦਸਤਿਆਂ ਨੂੰ ਆਪਣੇ ਆਵਾਸ ਤੋਂ ਰਵਾਨਾ ਕਰਨ ਤੋਂ ਪਹਿਲਾਂ ਇਹ ਗੱਲ ਕਹੀ| ਸੀ. ਪੀ. ਸੀ. ਬੀ. ਦੇ 50 ਦਸਤੇ ਦਿੱਲੀ-ਐਨ. ਸੀ. ਆਰ. ਦੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਨਿਗਰਾਨੀ ਕਰਨਗੇ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨਗੇ|
ਸ੍ਰੀ ਜਾਵਡੇਕਰ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਦਿੱਲੀ ਵਿੱਚ ਹਮੇਸ਼ਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ| ਇਸ ਵਿੱਚ ਹਿਮਾਲਿਆ ਦੀ ਠੰਡੀ ਹਵਾ, ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਬਣਨ ਵਾਲੀ ਨਮੀ, ਹਵਾ ਦੀ ਹੌਲੀ ਰਫਤਾਰ, ਸਥਾਨਕ ਪੱਧਰ ਤੇ ਨਿਰਮਾਣ ਕੰਮ ਦੌਰਾਨ ਬਣਨ ਵਾਲੀ ਧੂੜ-ਮਿੱਟੀ, ਵਾਹਨਾਂ ਵਿਚੋਂ ਨਿਕਲਣ ਵਾਲਾ ਧੂੰਆਂ, ਲੋਕਾਂ ਵਲੋਂ ਖੁੱਲ੍ਹੇ ਵਿੱਚ ਕੂੜਾ ਸਾੜਿਆ ਜਾਣਾ ਅਤੇ ਆਲੇ-ਦੁਆਲੇ ਸੂਬਿਆਂ ਵਿੱਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣਾ ਆਦਿ ਕਾਰਕ ਹਨ| ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਪ੍ਰਦੂਸ਼ਣ ਵਿਚ ਪਰਾਲੀ ਦਾ ਯੋਗਦਾਨ ਸਿਰਫ 4 ਫੀਸਦੀ ਹੈ| ਬਾਕੀ 96 ਫੀਸਦੀ ਪ੍ਰਦੂਸ਼ਣ ਸਥਾਨਕ ਕਾਰਕਾਂ ਕਾਰਨ ਹੈ|
ਉਹਨਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਨੂੰ ਲੈ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਖਤ ਸ਼ਬਦਾਂ ਵਿਚ ਹਿਦਾਇਤ ਦਿੱਤੀ ਹੈ| ਉਨ੍ਹਾਂ ਕਿਹਾ ਕਿ ਪੰਜਾਬ  ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉੱਥੇ ਪਰਾਲੀ ਜ਼ਿਆਦਾ ਨਾ ਸਾੜੀ ਜਾਵੇ| ਪੰਜਾਬ ਸਰਕਾਰ ਤੁਰੰਤ ਹਰਕਤ ਵਿੱਚ ਆਵੇ ਤਾਂ ਕਿ ਪਰਾਲੀ ਘੱਟ ਸੜੇ| ਇਸ ਨਾਲ ਸੂਬੇ ਦੇ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੋਵੇਗੀ|
ਉਹਨਾਂ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਗ ਗਲੀਆਂ ਅਤੇ ਸੜਕਾਂ ਤੇ ਵਾਹਨ ਲਿਜਾਣ ਤੋਂ ਗੁਰੇਜ਼ ਕਰਨ| ਉਨ੍ਹਾਂ ਕਿਹਾ ਕਿ ਲੋਕ ਪੈਦਲ ਜਾਂ ਸਾਈਕਲ ਰਾਹੀਂ ਥੋੜ੍ਹੀ ਦੂਰੀ ਲਈ ਜਾ ਸਕਦੇ ਹਨ| ਕੂੜੇ ਨੂੰ ਖੁੱਲੇ ਵਿੱਚ ਨਾ ਸੁੱਟਣ ਅਤੇ ਕੂੜਾ ਨਾ ਸਾੜਨ| 

Leave a Reply

Your email address will not be published. Required fields are marked *