ਦਿੱਲੀ ਵਿੱਚ ਹਵਾ ਹੋਰ ਹੋਈ ਪਲੀਤ, ਗੁਣਵੱਤਾ ‘ਐਮਰਜੈਂਸੀ’ ਪੱਧਰ ਦੇ ਨੇੜੇ ਪਹੁੰਚੀ


ਨਵੀਂ ਦਿੱਲੀ, 10 ਨਵੰਬਰ (ਸ.ਬ.) ਦਿੱਲੀ ਵਿੱਚ ਸਵੇਰੇ-ਸਵੇਰੇ ਧੁੰਦ ਛਾਈ ਰਹਿਣ ਦੇ ਨਾਲ ਹੀ ਸੂਰਜ ਆਸਮਾਨ ਤੋਂ ਗਾਇਬ ਰਿਹਾ ਅਤੇ ਇਸ ਦੇ ਨਾਲ ਹੀ ਅੱਜ ਹਵਾ ਗੁਣਵੱਤਾ ‘ਐਮਰਜੈਂਸੀ’ ਪੱਧਰ ਦੇ ਬੇਹੱਦ ਕਰੀਬ ਪਹੁੰਚ ਗਈ| ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਮੰਦਰ ਮਾਰਗ, ਪੰਜਾਬੀ ਬਾਗ਼, ਪੂਸਾ, ਰੋਹਿਣੀ, ਪਟਪੜਗੰਜ, ਜਵਾਹਰਲਾਲ ਨਹਿਰੂ ਸਟੇਡੀਅਮ, ਨਜਫਗੜ੍ਹ, ਸ਼੍ਰੀ ਔਰੋਬਿੰਦੋ ਮਾਰਗ ਅਤੇ ਓਖਲਾ ਫੇਜ਼-2 ਸਥਿਤ ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 500 ਦੇ ਨੇੜੇ ਹੀ ਦਰਜ ਕੀਤਾ ਗਿਆ| ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਦ੍ਰਿਸ਼ਤਾ ਸਿਰਫ਼ 300 ਮੀਟਰ ਸੀ, ਜਿਸ ਨਾਲ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਇਆ| ਦਿੱਲੀ ਵਿੱਚ ਸਵੇਰੇ 9 ਵਜੇ ਏ.ਕਿਊ.ਆਈ. 487 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ|
ਹਵਾ ਗੁਣਵੱਤਾ ਸੂਚਕਾਂਕ ਦਿੱਲੀ ਦੇ ਗੁਆਂਢੀ ਸ਼ਹਿਰਾਂ ਫਰੀਦਾਬਾਦ ਵਿੱਚ 474, ਗਾਜ਼ੀਆਬਾਦ ਵਿੱਚ 476, ਨੋਇਡਾ ਵਿੱਚ 490, ਗ੍ਰੇਟਰ ਨੋਇਡਾ ਵਿੱਚ 467, ਗੁਰੂਗ੍ਰਾਮ ਵਿੱਚ 469 ਦਰਜ ਕੀਤਾ ਗਿਆ| ਦਿੱਲੀ ਵਿੱਚ ਲਗਾਤਾਰ 6ਵੇਂ ਦਿਨ ਹਵਾ ਗੁਣਵੱਤਾ ਸੂਚਕਾਂਕ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ| ਦੱਸਣਯੋਗ ਹੈ ਕਿ 0 ਅਤੇ 50 ਦਰਮਿਆਨ ਏ.ਕਿਊ.ਆਈ. ਨੂੰ ‘ਚੰਗਾ, 51 ਅਤੇ 100 ਦਰਮਿਆਨ ‘ਸੰਤੋਸ਼ਜਨਕ’, 101 ਅਤੇ 200 ਦਰਮਿਆਨ ‘ਮੱਧਮ’, 201 ਅਤੇ 300 ਦਰਮਿਆਨ ‘ਖਰਾਬ’, 301 ਅਤੇ 400 ਦਰਮਿਆਨ ‘ਬੇਹੱਦ ਖਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ (ਐਮਰਜੈਂਸੀ) ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ| ਉੱਥੇ ਹੀ ਦਿੱਲੀ-ਐਨ.ਸੀ.ਆਰ. ਵਿੱਚ ਸਵੇਰੇ 8 ਵਜੇ ਤੋਂ ਪੀਐਮ 2.5 ਦਾ ਪੱਧਰ 605 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ, ਜੋ ਸੁਰੱਖਿਆ ਸੀਮਾ 60 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ 10 ਗੁਣਾ ਵੱਧ ਹੈ| ਸੀ.ਪੀ.ਸੀ.ਬੀ. ਦੇ ਅੰਕੜਿਆਂ ਅਨੁਸਾਰ ਸਵੇਰੇ 8 ਵਜੇ ਤੋਂ ਪੀਐਮ 10 ਦਾ ਪੱਧਰ 777 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ|

Leave a Reply

Your email address will not be published. Required fields are marked *