ਦਿੱਲੀ ਵਿੱਚ ਹੋਏ ਮੁਕਾਬਲੇ ਦੌਰਾਨ ਚਾਰ ਬਦਮਾਸ਼ਾਂ ਨੂੰ ਲੱਗੀਆਂ ਗੋਲੀਆਂ, ਪੁਲੀਸ ਵੱਲੋਂ ਬਦਮਾਸ਼ ਕਾਬੂ

ਨਵੀਂ ਦਿੱਲੀ, 8 ਅਕਤੂਬਰ (ਸ.ਬ.) ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਉੱਤਰ ਪੱਛਮੀ ਦਿੱਲੀ ਦੇ ਰੋਹਿਣੀ ਵਿੱਚ ਮੁਕਾਬਲੇ ਤੋਂ ਬਾਅਦ 4 ਵਾਂਟੇਡ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ| ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਸੋਨੂੰ ਮਿਤਰਾਨ (23), ਅਮਿਤ (26), ਰੋਹਿਤ (23) ਅਤੇ ਰਵਿੰਦਰ ਯਾਦਵ (31) ਜ਼ਖਮੀ ਹੋ  ਗਏ| ਉਨ੍ਹਾਂ ਨੇ ਦੱਸਿਆ ਕਿ ਉਹ ਕਾਲਾ ਝਤਰੀ ਲਾਰੇਂਸ ਬਿਸ਼ਨੋਈ ਗਿਰੋਹ ਨਾਲ ਸੰਬੰਧਤ ਸਨ| ਇਹ ਕਤਲ, ਕਤਲ ਦੀ ਕੋਸ਼ਿਸ਼, ਗੋਲੀਬਾਰੀ, ਜ਼ਬਰਨ ਵਸੂਲੀ ਅਤੇ ਲੁੱਟਖੋਹ ਦੇ ਕਈ ਮਾਮਲਿਆਂ ਵਿੱਚ ਵਾਂਟੇਡ ਸਨ| 
ਦਿੱਲੀ ਪੁਲੀਸ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਯਾਦਵ ਨੇ ਕਿਹਾ, ਕਿ ”ਸਾਡੇ ਦਲ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਅਤੇ ਐਨ.ਸੀ.ਆਰ. ਖੇਤਰ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਗੋਲੀਬਾਰੀ, ਜ਼ਬਰਨ ਵਸੂਲੀ ਅਤੇ ਲੁੱਟਖੋਹ ਦੇ ਕਈ ਮਾਮਲਿਆਂ ਵਿੱਚ ਵਾਂਟੇਡ ਗਿਰੋਹ ਦੇ ਬਦਮਾਸ਼ ਆਪਣੇ ਮੁਕਾਬਲੇਬਾਜ਼ਾਂ ਨੂੰ ਖਤਮ ਕਰਨ ਲਈ ਹਰਿਆਣਾ ਤੋਂ ਰੋਹਿਣੀ ਆਉਣਗੇ| ” ਉਨ੍ਹਾਂ ਨੇ ਦੱਸਿਆ ਕਿ ਤੜਕੇ ਕਰੀਬ ਸਾਢੇ 3 ਵਜੇ ਗਿਰੋਹ ਦੇ ਮੈਂਬਰ ਕੇਰਾ ਪਿੰਡ ਇਲਾਕੇ ਵਿੱਚ ਇਕ ਕਾਰ ਵਿੱਚ ਆਉਂਦੇ ਫੜੇ ਗਏ| ਉਨ੍ਹਾਂ ਨੂੰ ਰੁਕਣ ਦਾ ਸੰਕੇਤ ਦਿੱਤਾ ਗਿਆ ਪਰ ਉਨ੍ਹਾਂ ਨੇ ਬਚ ਕੇ ਦੌੜਨ ਦੀ ਕੋਸ਼ਿਸ਼ ਕੀਤੀ|
ਹਾਲਾਂਕਿ ਪੁਲੀਸ ਫੋਰਸ ਰਸਤਾ ਰੋਕ ਕੇ ਉਨ੍ਹਾਂ ਨੂੰ ਰੋਕਣ ਵਿੱਚ ਸਫਲ ਰਹੀ| ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਹਥਿਆਰ ਕੱਢੇ ਅਤੇ ਪੁਲੀਸ ਦਲ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਉਨ੍ਹਾਂ ਨੇ ਤਿੰਨ ਰਾਊਂਡ ਗੋਲੀਆਂ ਚਲਾਈਆਂ| ਹਾਲਾਂਕਿ ਗੋਲੀਬਾਰੀ ਵਿੱਚ ਕੋਈ ਪੁਲੀਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ| ਇਕ ਪੁਲੀਸ ਅਧਿਕਾਰੀ ਨੇ ਦੱਸਿਆ, ਕਿ ”ਬਦਮਾਸ਼ਾਂ ਨੇ ਕੁੱਲ 22 ਗੋਲੀਆਂ ਚਲਾਈਆਂ, ਜਦੋਂ ਕਿ ਪੁਲਸ ਦਲ ਨੇ 28 ਗੋਲੀਆਂ ਚਲਾਈਆਂ|” ਡੀ.ਸੀ.ਪੀ. ਨੇ ਦੱਸਿਆ ਕਿ ਚਾਰੇ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਪੁਲੀਸ ਉਨ੍ਹਾਂ ਨੂੰ ਕਾਬੂ ਕਰ ਕੇ ਰੋਹਿਣੀ ਸਥਿਤ ਬੀ.ਐਸ.ਏ. ਹਸਪਤਾਲ ਲੈ ਗਈ| ਪੁਲੀਸ ਨੇ ਦੱਸਿਆ ਕਿ ਬਦਮਾਸ਼ਾਂ ਕੋਲੋਂ 50 ਕਾਰਤੂਸ ਨਾਲ ਚਾਰ ਪਿਸਤੌਲ, 10 ਕਾਰਤੂਸ ਨਾਲ 2 ਦੇਸੀ ਪਿਸਤੌਲ, ਤਿੰਨ ਉੱਚ ਗੁਣਵੱਤਾ ਵਾਲੀਆਂ             ਬੁਲੇਟਪਰੂਫ ਜੈਕੇਟਾਂ ਅਤੇ ਉੱਚ ਗੁਣਵੱਤਾ ਵਾਲੇ ਬੁਲੇਟਪਰੂਫ ਹੈਲਮੈਟ ਮਿਲੇ| 
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *