ਦਿੱਲੀ ਸਰਕਾਰ ਦੀ ਤਰਜ ਤੇ ਪੰਜਾਬ ਵਿੱਚ ਵੀ ਘੱਟ ਹੋਵੇ ਡੀਜਲ ਅਤੇ ਪੈਟਰੋਲ ਤੇ ਲੱਗਦਾ ਟੈਕਸ

ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਦਿਨੀਂ ਦਿੱਲੀ ਦੀ ਜਨਤਾ ਨੂੰ ਰਾਹਤ ਦਿੰਦਿਆਂ ਡੀਜਲ ਤੇ ਲਗਾਏ ਜਾਣ ਵਾਲੇ ਵੈਟ ਦੀ ਦਰ ਨੂੰ30 ਫੀਸਦੀ ਤੋਂ ਘਟਾ ਕੇ 16.3 ਫੀਸਦੀ ਕਰ ਦਿੱਤਾ ਗਿਆ ਹੈ ਜਿਸ ਨਾਲ ਦਿੱਲੀ ਵਿੱਚ ਵਿਕਣ ਵਾਲੇ ਡੀਜਲ ਦੀ ਕੀਮਤ ਸਾਢੇ ਅੱਠ ਰੁਪਏ ਪ੍ਰਤੀ ਲੀਟਰ ਦੇ ਕਰੀਬ ਘੱਟ ਗਈ ਹੈ| ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਦਾ ਕਹਿਣਾ ਹੈ ਕਿ ਡੀਜਲ ਦੀ ਕੀਮਤ ਵਿੱਚ ਹੋਣ ਵਾਲੀ ਇਸ ਕਟੌਤੀ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਇਸ ਨਾਲ ਉੱਥੋਂ ਦੀ ਬਦਹਾਲ ਹੁੰਦੀ ਆਰਥਿਕਤਾ ਨੂੰ ਵੀ ਸਹਾਰਾ ਮਿਲੇਗਾ| 
ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਵਲੋਂ ਡੀਜਲ ਦੀ ਵਿਕਰੀ ਤੇ ਲਗਾਏ ਜਾਂਦੇ ਵੈਟ ਦੀ ਦਰ ਵਿੱਚ ਕੀਤੀ ਗਈ ਇਸ ਕਟੌਤੀ ਨਾਲ ਜਿੱਥੇ ਦਿੱਲੀ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਉੱਥੇ ਇਸ ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਵਲੋਂ ਵੀ ਆਪੋ ਆਪਣੇ ਸੂਬਿਆਂ ਦੀ ਸਰਕਾਰਾਂ ਤੋਂ ਪੈਟਰੋਲ ਅਤੇ ਡੀਜਲ ਦੀ ਵਿਕਰੀ ਤੇ ਲਗਾਏ ਜਾਂਦੇ ਵੈਟ ਵਿੱਚ ਕਮੀ ਕਰਨ ਦੀ ਮੰਗ ਜੋਰ ਫੜਣ ਲੱਗ ਗਈ ਹੈ| ਪੰਜਾਬ ਸਰਕਾਰ ਵਲੋਂ ਵੀ ਪੈਟਰੋਲ ਅਤੇ ਡੀਜਲ ਦੀ ਵਿਕਰੀ ਤੇ ਜਿਹੜਾ ਟੈਕਸ ਵਸੂਲਿਆ ਜਾਂਦਾ ਹੈ ਉਸਦੀ ਦਰ ਬਹੁਤ ਜਿਆਦਾ ਹੋਣ ਕਾਰਨ ਰਾਜ ਦੇ ਲੋਕਾਂ ਤੇ ਬਹੁਤ ਜਿਆਦਾ ਭਾਰ ਪੈਂਦਾ ਹੈ ਅਤੇ ਸੂਬੇ ਦੀ ਜਨਤਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੈਟਰੋਲ ਅਤੇ ਡੀਜਲ ਤੇ ਲਗਾਏ ਜਾਂਦੇ ਵੈਟ ਦੀ ਦਰ ਘੱਟ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ|
ਅੱਜਕੱਲ ਦੇ ਜਮਾਨੇ ਵਿੱਚ ਲਗਭਗ ਹਰ ਵਿਅਕਤੀ ਆਪਣੀ ਲੋੜ ਅਤੇ ਹੈਸੀਅਤ ਦੇ ਹਿਸਾਬ ਨਾਲ ਕੋਈ ਨਾ ਕੋਈ ਵਾਹਨ ਜਰੂਰ ਰੱਖਦਾ ਹੈ ਤਾਂ ਜੋ ਉਹ ਆਪਣੇ ਜਰੂਰੀ ਕੰਮਾਂ ਕਾਰਾਂ ਲਈ ਇੱਕ ਤੋਂ ਦੂਜੀ ਥਾਂ ਤੱਕ ਜਾਣ ਦੀ ਆਪਣੀ ਆਵਾਜਾਈ ਦੀ ਲੋੜ ਨੂੰ ਪੂਰਾ ਕਰ ਸਕੇ ਅਤੇ ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ ਦੀ ਵਿਕਰੀ ਤੇ ਵਸੂਲਿਆ ਜਾਂਦਾ ਭਾਰੀ ਟੈਕਸ ਆਮ ਲੋਕਾਂ ਦੀਆਂ             ਜੇਬਾਂ ਤੇ ਬਹੁਤ ਭਾਰੀ ਪੈਂਦਾ ਹੈ| ਜੇਕਰ ਪੰਜਾਬ ਸਰਕਾਰ ਪੈਟਰੋਲ ਅਤੇ ਡੀਜਲ ਦੀ ਵਿਕਰੀ ਤੇ ਲਗਾਏ ਜਾਂਦੇ ਵੈਟ ਦੀ ਦਰ ਵਿੱਚ ਕਟੌਤੀ ਦਾ ਐਲਾਨ ਕਰ ਦੇਵੇ ਤਾਂ ਇਸ ਨਾਲ ਸੂਬੇ ਦੀ ਪੂਰੀ ਆਰਥਿਕਤਾ ਤੇ ਦੂਰਗਾਮੀ ਅਸਰ ਪੈਣਾ ਤੈਅ ਹੈ|
ਪੈਟਰੋਲ ਅਤੇ ਡੀਜਲ ਦੀ ਕੀਮਤ ਵਿੱਚ ਹੋਣ ਵਾਲੀ ਕਿਸੇ ਵੀ ਕਟੌਤੀ ਦਾ ਅਸਰ ਮਹਿੰਗਾਈ ਤੇ ਵੀ ਜਰੂਰ ਪੈਂਦਾ ਹੈ ਕਿਉਂਕਿ ਸਾਮਾਨ ਦੀ ਢੋਆ ਢੁਆਈ ਤੇ ਹੋਣ ਵਾਲੇ ਖਰਚੇ ਵਿੱਚ ਆਉਣ ਵਾਲੀ ਕਮੀ ਨਾਲ ਸਾਮਾਨ ਦੀ ਕੀਮਤ ਵੀ ਘੱਟ ਹੋ ਜਾਂਦੀ ਹੈ| ਜੇਕਰ ਅਜਿਹਾ ਹੋਇਆ ਤਾਂ ਆਮ ਜਨਤਾ ਨੂੰ ਉਹਨਾਂ ਦੇ ਆਪਣੇ ਵਾਹਨਾਂ ਵਿੱਚ ਭਰਵਾਏ ਜਾਣ ਵਾਲੇ ਤੇਲ ਦੇ ਖਰਚੇ ਤੋਂ ਤਾਂ ਰਾਹਤ ਮਿਲਣੀ ਹੀ ਹੈ ਇਸਦੇ ਨਾਲ ਨਾਲ ਇਸ ਕਟੌਤੀ ਦਾ ਬਾਜਾਰ ਤੇ ਪੈਣ ਵਾਲਾ ਅਸਰ ਆਮ ਲੋਕਾਂ ਨੂੰ ਹੋਰ ਵੀ ਰਾਹਤ ਦੇਣ ਵਾਲਾ ਸਾਬਿਤ ਹੋ ਸਕਦਾ ਹੈ| ਪੰਜਾਬ ਦੇ ਪੈਟਰੋਲ ਪੰਪ ਮਾਲਕ ਵੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸੂਬੇ ਵਿੱਚ ਵੈਟ ਦੀ ਦਰ ਨੂੰ ਘੱਟ ਕੀਤਾ ਜਾਵੇ ਕਿਉਂਕਿ ਸੂਬੇ ਵਿੱਚ ਪੈਟਰੋਲ ਅਤੇ ਡੀਜਲ ਤੇ ਵੈਟ ਦੀ ਦਰ ਕਾਫੀ ਜਿਆਦਾ ਹੋਣ ਕਾਰਨ ਆਮ ਲੋਕ ਆਪਣੇ ਵਾਹਨਾਂ ਵਿੱਚ ਚੰਡੀਗੜ੍ਹ ਅਤੇ ਹਰਿਆਣਾ ਤੋਂ ਤੇਲ ਪਵਾਉਣ ਨੂੰ ਪਹਿਲ ਦਿੰਦੇ ਹਨ ਅਤੇ ਇਸਦਾ ਸਿੱਧਾ ਅਸਰ ਪੰਜਾਬ ਦੇ ਪੈਟਰੋਲ ਪੰਪਾਂ ਦੀ ਵਿਕਰੀ ਤੇ ਪੈਂਦਾ ਹੈ| 
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵਲੋਂ ਦਿੱਲੀ ਸਰਕਾਰ ਦੀ ਤਰਜ ਤੇ ਸੂਬੇ ਵਿੱਚ ਪੈਟਰੋਲ ਅਤੇ ਡੀਜਲ ਦੀ ਵਿਕਰੀ ਤੇ ਲਗਾਏਜਾਂਦੇ ਭਾਰੀ ਭਰਕਮ ਵੈਟ ਦੀ ਦਰ ਨੂੰ ਘੱਟ ਕਰਕੇ ਰਾਜ ਦੀ ਜਨਤਾ ਨੂੰ ਰਾਹਤ ਦਿੱਤੀ ਜਾਵੇ| ਕੋਰੋਨਾ ਦੀ ਮਹਾਮਾਰੀ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਸਰਕਾਰੀ ਕਾਰਵਾਈ ਦੇ ਤਹਿਤ ਲਗਾਏ ਗਏ ਲਾਕ ਡਾਊਨ ਨੇ ਸੂਬੇ ਦੀ ਆਰਥਿਕਤਾ ਤੇ ਭਾਰੀ ਸੱਟ ਮਾਰੀ ਹੈ ਅਤੇ ਲੋਕਾਂ ਲਈ ਆਪਣੇ ਜਰੂਰੀ ਖਰਚਿਆਂ ਦੀ ਭਰਪਾਈ ਕਰਨੀ ਵੀ ਔਖੀ ਹੋ ਚੁੱਕੀ ਹੈ| ਅਜਿਹੇ ਹਾਲਾਤ ਵਿੱਚ ਆਰਥਿਕਤਾ ਨੂੰ ਸੰਭਾਲਣ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਜਰੂਰੀ ਹੈ ਕਿ ਉਹਨਾਂ ਉੱਪਰ ਪਾਏ ਜਾਂਦੇ ਟੈਕਸਾਂ ਦਾ ਬੋਝ ਘੱਟ ਕੀਤਾ ਜਾਵੇ ਅਤੇ ਅਜਿਹੇ ਕਦਮ ਚੁੱਕੇ ਜਾਣ ਜਿਹਨਾਂ ਨਾਲ ਆਮ ਲੋਕਾਂ ਨੂੰ ਆਪਣੀਆਂ ਜਬਰੀ ਲੋੜਾਂ ਦੀ ਪੂਰਤੀ ਲਈ ਵੱਧ ਰਕਮ ਹਾਸਿਲ ਹੋਵੇ| ਪੈਟਰੋਲ ਅਤੇ ਡੀਜਲ ਤੇ ਲਗਾਏ ਜਾਂਦੇ ਟੈਕਸ ਵਿੱਚ ਕੀਤੀ ਜਾਣ ਵਾਲੀ ਕਟੌਤੀ ਦਾ ਬਾਜਾਰ ਵਿੱਚ ਵਿਕਦੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਤੇ ਸਿੱਧਾ ਅਸਰ ਪੈਂਦਾ ਹੈ ਅਤੇ ਮਹਿੰਗਾਈ ਘੱਟ ਹੋਣ ਨਾਲ ਜਨਤਾ ਨੂੰ ਚੁਫੇਰਿਉਂ ਰਾਹਤ ਮਿਲਦੀ ਹੈ ਇਸ ਲਈ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ                  ਦੇਣਾ ਚਾਹੀਦਾ ਹੈ ਅਤੇ ਪੈਟਰੋਲ ਅਤੇ ਡੀਜਲ ਦੀ ਵਿਕਰੀ ਤੇ ਲਗਾਏ ਜਾਂਦੇ ਵੈਟ ਦੀ ਦਰ ਨੂੰ ਤੁਰੰਤ ਘੱਟ ਕੀਤਾ ਜਾਣਾ ਚਾਹੀਦਾ ਹੈ| 

Leave a Reply

Your email address will not be published. Required fields are marked *