ਦਿੱਲੀ ਸੰਘਰਸ਼ ਤੋਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ ਦੀ ਮੌਤ
ਜੈਤੋ, 26 ਦਸੰਬਰ (ਸ.ਬ.) ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਕੁਝ ਦਿਨ ਪਹਿਲਾਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ (68) ਵਾਸੀ ਪਿੰਡ ਰਾਮੇਆਣਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਇਕਾਈ ਰਾਮੇਆਣਾ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਰਾਗੀ ਬੇਅੰਤ ਸਿੰਘ ਰਾਮੇਆਣਾ ਨੇ ਦੱਸਿਆ ਕਿ ਕਿਸਾਨ ਮੇਜਰ ਸਿੰਘ ਖਾਲਸਾ ਜੋ ਕਿ ਦਿੱਲੀ ਦੇ ਟਿੱਕਰੀ ਬਾਰਡਰ ਤੇ ਸੰਘਰਸ਼ ਵਿਚ ਹਿੱਸਾ ਲੈ ਰਿਹਾ ਸੀ, ਅਚਾਨਕ ਉਸ ਨੂੰ ਠੰਡ ਲੱਗ ਗਈ ਅਤੇ ਕਾਫ਼ੀ ਬੀਮਾਰ ਹੋ ਗਿਆ। ਉਸ ਨੂੰ ਕਰੀਬ 5 ਦਿਨ ਪਹਿਲਾਂ ਪਿੰਡ ਰਾਮੇਆਣਾ ਵਿਖੇ ਲਿਆਂਦਾ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਮੇਜਰ ਸਿੰਘ ਖਾਲਸਾ ਦਾ ਪਿੰਡ ਰਾਮੇਆਣਾ ਵਿਖੇ ਸੰਸਕਾਰ ਕੀਤਾ ਗਿਆ। ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਸਰਕਾਰ ਨੂੰ ਮੰਗ ਕਰਦਿਆਂ ਕਿਹਾ ਕਿ ਮੇਜਰ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।