ਦੀਨ ਹੇਤ ਮਿਟਣ ਵਾਲਾ ਸ਼ਹੀਦ ਊਧਮ ਸਿੰਘ

ਦਸ ਅਪ੍ਰੈਲ, 1919 ਨੂੰ ਰਿਵੋਲਟ ਐਕਟ ਤਹਿਤ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ| ਇਨ੍ਹਾਂ ਆਗੂਆਂ ਵਿੱਚ ਸੱਤਿਆ ਪਾਲ ਅਤੇ ਸੈਫੁਦੀਨ ਕਿਚਲੂ ਸ਼ਾਮਿਲ ਸਨ| ਇਨ੍ਹਾਂ ਗ੍ਰਿਫਤਾਰੀਆਂ ਦਾ ਵਿਰੋਧ ਕਰਨ ਲਈ ਜਲ੍ਹਿਆਂਵਾਲਾ ਬਾਗ਼, ਅੰਮ੍ਰਿਤਸਰ ਵਿੱਚ 13 ਅਪ੍ਰੈਲ, 1919 ਨੂੰ ਕੋਈ ਵੀਹ ਕੁ ਹਜ਼ਾਰ ਲੋਕ ਇਕੱਠੇ ਹੋਏ ਸਨ| ਇਕੱਠ ਸ਼ਾਂਤਮਈ ਸੀ| ਅੰਬਰੋਂ ਅੱਗ ਵਰ੍ਹਾਉਂਦੀ ਗਰਮੀ ਵਿੱਚ ਲੋਕ ਅਮਨ ਅਮਾਨ ਨਾਲ ਬੈਠੇ ਹੋਏ ਆਪਣੇ ਆਗੂਆਂ ਦੇ ਵਿਚਾਰਾਂ ਨੂੰ ਸੁਣ ਰਹੇ ਸਨ| ਇਸ ਇਕੱਠ ਵਿੱਚ ਹਾਜ਼ਿਰ ਲੋਕਾਂ ਨੂੰ ਕੁਝ ਨੌਜ਼ਵਾਨ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ| ਕੋਈ ਭੜਕਾਹਟ ਨਹੀਂ ਸੀ ਅਚਨਚੇਤ ਬਸਤੀਵਾਦੀ ਅੰਗ੍ਰੇਜ਼ੀ ਹਕੂਮਤ ਦੀ ਫੌਜ ਦਾ ਜਨਰਲ ਡਾਇਰ ਆਪਣੇ ਹਥਿਆਰਬੰਦ ਫੌਜੀਆਂ ਦੀ ਟੁਕੜੀ ਨਾਲ ਬਾਗ਼ ਵਿੱਚ ਦਾਖਿਲ ਹੁੰਦਾ ਹੈ| ਬਾਗ਼ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੰਦਾ ਹੈ| ਬਾਗ਼ ਵਿੱਚੋਂ ਬਾਹਰ ਨਿਕਲਣ ਲਈ ਸਿਰਫ ਇੱਕ ਛੋਟੀ ਜਿਹੀ ਖਿੜਕੀ ਰਹਿ ਜਾਂਦੀ ਹੈ ਜਿਸ ਵਿੱਚੋਂ ਦੀ ਇੱਕ ਸਮੇਂ ਸਿਰਫ ਇੱਕ ਵਿਅਕਤੀ ਹੀ ਨਿਕਲ ਸਕਦਾ ਹੈ| ਜਨਰਲ ਡਾਇਰ ਨੇ ਬਾਗ਼ ਅੰਦਰ ਵੜਦਿਆਂ ਹੀ ਆਪਣੇ ਫੌਜੀਆਂ ਨੂੰ ਹਥਿਆਰ ਤਾਣ ਕੇ ਪੁਜੀਸ਼ਨਾਂ ਲੈਣ ਦਾ ਹੁਕਮ ਦਿੱਤਾ| ਫਿਰ ਅੱਖ ਝਪਕਦਿਆਂ ਹੀ ਫਾਇਰ ਦਾ ਹੁਕਮ ਦੇ ਦਿੱਤਾ| ਉਸ ਹਥਿਆਰਬੰਦ ਫੌਜੀ ਦਸਤੇ ਨੇ ਨਿਹੱਥੇ ਅਤੇ ਸ਼ਾਂਤਮਈ ਬੈਠੇ ਅੰਦੋਲਨਕਾਰੀਆਂ ਉਤੇ ਗੋਲੀਆਂ ਦਾ ਮੀਂਹ ਵਰ੍ਹਾਅ ਦਿੱਤਾ| ਹਰ ਪਾਸੇ ਚੀਖਾਂ ਹੀ ਚੀਖਾਂ ਸੁਣਾਈ ਪੈਂਦੀਆਂ ਸਨ| ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਸਨ| ਕੁਝ ਲੋਕ ਕੰਧਾਂ ਟੱਪ ਕੇ ਅਤੇ ਕੁਝ ਉਸ ਛੋਟੀ ਜਿਹੀ ਖਿੜਕੀ ਰਾਹੀਂ ਜ਼ਾਨ ਬਚਾ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ| ਅੰਦੋਲਨਕਾਰੀਆਂ ਨੂੰ ਪਾਣੀ ਪਿਲਾਉਣ ਵਾਲੇ ਕੁਝ ਨੌਜਵਾਨ ਵੀ ਕਿਸੇ ਤਰ੍ਹਾਂ ਇਸ ਖੂੰਨੀ ਤਸ਼ੱਦਦ ਵਿੱਚੋਂ ਬਚ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ| ਇਨ੍ਹਾਂ ਨੌਜਵਾਨਾਂ ਵਿੱਚ ਇੱਕ ਊਧਮ ਸਿੰਘ ਨਾਂ ਦਾ ਨੌਜਵਾਨ ਵੀ ਸੀ| ਉਸ ਨੇ ਇਹ ਸਾਰਾ ਖੂੰਨੀ ਸਾਕਾ ਆਪਣੀਆਂ ਅੱਖਾਂ ਨਾਲ ਵੇਖਿਆ ਸੀ| ਉਸ ਦੇ ਮਨ ਵਿੱਚ ਸਹਿਮ ਅਤੇ ਗੁੱਸਾ ਸੀ| ਊਧਮ ਸਿੰਘ ਨੂੰ ਇਸ ਖੂਨੀ ਸਾਕੇ ਦੀ ਵਾਰ ਵਾਰ ਯਾਦ ਆਉਂਦੀ ਸੀ| ਉਸਦਾ ਮਨ ਅੰਗ੍ਰੇਜ਼ੀ ਹਕੂਮਤ ਵਿਰੁੱਧ ਗੁੱਸੇ ਨਾਲ ਭਰ ਜਾਂਦਾ ਸੀ| ਇਸ ਗੁੱਸੇ ਨੇ ਉਸਨੂੰ ਇਨਕਲਾਬੀ ਬਣਾ ਦਿੱਤਾ|
ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਪਿਤਾ ਸ: ਟਹਿਲ ਸਿੰਘ ਕੰਬੋਜ ਦੇ ਘਰ ਹੋਇਆ| ਉਸਦਾ ਬਚਪਨ ਵਿੱਚ ਨਾਂ ਸ਼ੇਰ ਸਿੰਘ ਰੱਖਿਆ ਗਿਆ ਸੀ| ਪਿਤਾ ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਖੇ ਰੇਲਵੇ ਫਾਟਕ ਉਤੇ ਚੌਕੀਦਾਰ ਵਜੋਂ ਨੌਕਰੀ ਕਰਦਾ ਸੀ| ਊਧਮ ਸਿੰਘ ਦੀ ਉਸ ਵੇਲੇ ਉਮਰ ਕੋਈ 5-6 ਸਾਲ ਦੀ ਸੀ ਕਿ ਉਸਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉਠ ਗਿਆ| ਉਸਦਾ ਇੱਕ ਵੱਡਾ ਭਰਾ ਸੀ, ਜਿਸਦਾ ਨਾਂ ਮੁਕਤਾ ਸਿੰਘ ਸੀ| ਕਿਸੇ ਨੇ ਦੋਹਾਂ ਭਰਾਵਾਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਅਨਾਥ ਆਸ਼ਰਮ ਵਿੱਚ 24 ਅਕਤੂਬਰ 1907 ਨੂੰ ਭਰਤੀ ਕਰਵਾ ਦਿੱਤਾ| ਆਸ਼ਰਮ ਵਿੱਚ ਦੋਹਾਂ ਭਰਾਵਾਂ ਨੂੰ ਸਿੱਖ ਸਜਾਇਆ ਗਿਆ| ਉਨ੍ਹਾਂ ਦੇ ਨਾਂ ਬਦਲ ਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਦਿੱਤੇ ਗਏ| ਸੰਨ 1917 ਵਿੱਚ ਸਾਧੂ ਸਿੰਘ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਅਤੇ ਊਧਮ ਸਿੰਘ ਪਰਿਵਾਰ ਵਿੱਚ ਇਕੱਲਾ ਹੀ ਰਹਿ ਗਿਆ|
ਸੰਨ 1918 ਵਿੱਚ ਦਸਵੀਂ ਜਮਾਤ ਪਾਸ ਕਰਨ ਉਪ੍ਰੰਤ ਊਧਮ ਸਿੰਘ ਆਸ਼ਰਮ ਨੂੰ ਛੱਡ ਕੇ ਅਫਰੀਕਾ ਚਲਾ ਗਿਆ| ਉਥੇ ਕੁਝ ਦੇਰ ਰਹਿਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ| ਉਥੇ ਉਹ ਬੱਬਰ ਅਕਾਲੀਆਂ ਦੀਆਂ ਸਰਗਰਮੀਆਂ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਸੰਨ 1924 ਵਿੱਚ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਿਆ| ਉਹ ਭਗਤ ਸਿੰਘ ਅਤੇ ਉਸਦੇ ਇਨਕਲਾਬੀ ਗਰੁੱਪ ਤੋਂ ਬੜਾ ਪ੍ਰਭਾਵਿਤ ਸੀ| ਸੰਨ 1927 ਵਿੱਚ ਉਹ ਕੁਝ ਪਿਸਤੌਲ ਅਤੇ ਅਸਲਾ ਛੁਪਾ ਕੇ ਲੈ ਕੇ ਵਾਪਿਸ ਭਾਰਤ ਆ ਗਿਆ, ਪਰ ਅੰਮ੍ਰਿਤਸਰ ਵਿੱਚ ਪੁਲੀਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ| ਉਸ ਉਤੇ ਗੈਰ ਲਸੰਸੀ ਅਸਲਾ ਰੱਖਣ ਦਾ ਕੇਸ ਬਣ ਗਿਆ| ਉਸਨੂੰ ਪੰਜ ਸਾਲ ਦੀ ਜ੍ਹੇਲ ਹੋ ਗਈ| ਸੰਨ 1931 ਵਿੱਚ ਉਸਦੀ ਜ੍ਹੇਲ ਤੋਂ ਰਿਹਾਈ ਹੋਈ, ਪਰ ਪੰਜਾਬ ਦੀ ਪੁਲੀਸ ਵੱਲੋਂ ਉਸਦੀਆਂ ਸਰਗਰਮੀਆਂ ਉਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਸੀ| ਉਹ ਪੰਜਾਬ ਤੋਂ ਕਸ਼ਮੀਰ ਵੱਲ ਚਲਾ ਗਿਆ ਅਤੇ ਇੰਝ ਪੁਲੀਸ ਤੋਂ ਬਚਦਾ ਹੋਇਆ ਉਹ ਜਰਮਨ ਪੁੱਜਣ ਵਿੱਚ ਕਾਮਯਾਬ ਹੋ ਗਿਆ| ਸੰਨ 1934 ਵਿੱਚ ਉਹ ਲੰਦਨ ਪਹੁੰਚ ਗਿਆ| ਉਥੇ ਉਸਨੂੰ ਮੋਟਰ ਮਕੈਨਿਕ ਦੀ ਨੌਕਰੀ ਮਿਲ ਗਈ| ਇਥੇ ਉਹ ਜਲ੍ਹਿਆਂਵਾਲੇ ਬਾਗ਼ ਦੇ ਖੂੰਨੀ ਸਾਕੇ ਦਾ ਬਦਲਾ ਲੈਣ ਦੀਆਂ ਯੋਜਨਾਵਾਂ ਬਣਾਉਣ ਲੱਗਾ| ਉਹ ਜਨਰਲ ਡਾਇਰ ਨੂੰ ਮਾਰਨਾ ਚਾਹੁੰਦਾ ਸੀ, ਪਰ ਜਦੋਂ ਉਹ ਕੈਦ ਦੀ ਸਜਾ ਭੁਗਤ ਰਿਹਾ ਸੀ ਤਾਂ ਉਸ ਸਮੇਂ ਜਨਰਲ ਡਾਇਰ ਨੂੰ ਲਗਾਤਾਰ ਦਿਲ ਦੇ ਕੁਝ ਦੌਰੇ ਪਏ ਅਤੇ ਉਸਦੀ ਮੌਤ ਹੋ ਗਈ ਸੀ| ਇਸੇ ਦੌਰਾਨ ਹੀ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜਿਸ਼ ਕੇਸ ਤਹਿਤ ਫਾਂਸੀ ਦਿੱਤੀ ਗਈ ਸੀ| ਇਸ ਘਟਨਾ ਨੇ ਊਧਮ ਸਿੰਘ ਦੇ ਦਿਲ ਉਤੇ ਹੋਰ ਵੀ ਗਹਿਰਾ ਅਸਰ ਕੀਤਾ| ਹੁਣ ਉਹ ਜਲ੍ਹਿਆਂਵਾਲੇ ਬਾਗ਼ ਦੇ ਖੂੰਨੀ ਕਾਂਡ ਦਾ ਜਿੰਮੇਵਾਰ ਉਸ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਠਹਿਰਾਉਣ ਲੱਗਾ, ਕਿਉਂਕਿ ਉਸਨੇ ਹੀ ਉਥੇ ਫੌਜੀ ਦਸਤੇ ਨੂੰ ਭੇਜਣ ਦੀ ਮਨਜ਼ੂਰੀ ਦਿੱਤੀ ਸੀ|

Leave a Reply

Your email address will not be published. Required fields are marked *