ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ
ਨਵੀਂ ਦਿੱਲੀ, 28 ਜਨਵਰੀ (ਸ.ਬ.) 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋ ਗਏ ਹਨ। ਘਟਨਾਂ ਦੀ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ ਤੇ ਗ੍ਰਹਿ ਮੰਤਰਾਲਾ ਨੇ ਦਿੱਲੀ ਪੁਲੀਸ ਨੂੰ ਇਹਨਾਂ ਦੋਵਾਂ ਦੀ ਛੇਤੀ ਗ੍ਰਿਫ਼ਤਾਰੀ ਨੂੰ ਲੈ ਕੇ ਸਖ਼ਤ ਹੁਕਮ ਦਿੱਤੇ ਹਨ।
ਇਸ ਮਾਮਲੇ ਦੀ ਜਾਂਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਵਲੋਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਦਰਜ ਤਮਾਮ ਐਫ. ਆਈ. ਆਰ. ਨੂੰ ਇਕ ‘ਸਿੱਟ’ ਟੀਮ ਬਣਾ ਕੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ਦੌਰਾਨ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਵਿੱਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੋਹਾਂ ਦੀ ਅਹਿਮ ਭੂਮਿਕਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਦੀਪ ਸਿੱਧੂ ਤੇ ਦੋਸ਼ ਲਾਇਆ ਹੈ। ਦੋਸ਼ ਹੈ ਕਿ ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਕੇ ਗਿਆ। ਇਸ ਤੋਂ ਇਲਾਵਾ ਲੱਖਾ ਸਿਧਾਣਾ ਤੇ ਵੀ ਟਰੈਕਟਰ ਪਰੇਡ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਸਨ। ਹਾਲਾਂਕਿ ਦੀਪ ਅਤੇ ਲੱਖਾ ਆਪਣੇ ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖ਼ੁਦ ਨੂੰ ਬੇਗੁਨਾਹ ਦੱਸ ਚੁੱਕੇ ਹਨ।