ਦੀਵਾਲੀ ਤੋਂ ਪਹਿਲਾਂ ਘੱਟੋ ਘੱਟ 205 ਕਰੋੜ  ਰੁਪਏ ਰਿਲੀਜ ਕਰੇ ਸਰਕਾਰ : ਪੁੱਕਾ

ਐਸ ਏ ਐਸ ਨਗਰ, 5 ਅਕਤੂਬਰ (ਸ.ਬ.) ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਅਨਏਡਿਡ ਕਾਲੇਜ ਐਸੋਸੀਏਸ਼ਨ (ਪੁੱਕਾ) ਨੇ ਪੰਜਾਬ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ 205 ਕਰੋੜ ਰੁਪਏ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਨ ਦੀ ਅਪੀਲ ਕੀਤੀ ਹੈ| ਇਹ ਵਰਨਣਯੋਗ ਹੈ ਕਿ  ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਨੂੰ 115 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਜਦੋਂਕਿ ਸਾਲ 2016-17 ਦਾ ਲਗਭਗ 30 ਕਰੋੜ ਅਤੇ 2017-18 ਦਾ ਲਗਭਗ 60 ਕਰੋੜ ਸਟੇਟ ਵੱਲ ਲਾਇਬਲਿਟੀ ਬਣਦੀ ਹੈ ਜੋਕਿ ਸਰਕਾਰ ਵੱਲ ਬਕਾਇਆ ਹੈ|
ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਆਯੋਜਿਤ ਇੱਕ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਬਸਿਡੀ ਭੁਗਤਾਨ ਨਾ ਹੋਣ ਕਾਰਨ, ਗੈਰ ਸਹਾਇਤਾ ਪ੍ਰਾਪਤ ਕਾਲਜ ਵੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ| ਉਹਨਾਂ ਕਿਹਾ ਕਿ ਗੈਰ-ਅਦਾਇਗੀ ਕਾਰਣ ਕਈ ਕਾਲਜਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੈਂਬਰਾਂ ਦੀ ਤਨਖਾਹਾਂ ਵੀ ਬਕਾਇਆ ਹਨ|
ਪੁੱਕਾ ਦੇ ਵਿੱਤ ਸਕੱਤਰ ਸੀ ਏ ਮਨਮੋਹਨ ਗਰਗ ਨੇ ਇਸ ਮੌਕੇ ਕਿਹਾ ਕਿ ਪੁੱਕਾ ਨੇ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਕੁੱਲ 1200 ਕਰੋੜ ਰੁਪਏ ਵਿੱਚੋਂ ਸਿਰਫ 205 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਹੈ| ਉਹਨਾਂ ਕਿਹਾ ਕਿ ਜੇ ਕੋਈ ਅਸਮਾਨਤਾ ਆਡਿਟ ਵਿੱਚ ਮਿਲਦੀ ਹੈ ਤਾਂ ਉਸ ਰਕਮ ਨੂੰ ਬਕਾਇਆ ਰਕਮ ਵਿੱਚ ਬਾਦ ਵਿਚ ਐਡਜਸਟ ਕੀਤਾ ਜਾ ਸਕਦਾ ਹੈ| ਮੀਟਿੰਗ ਵਿੱਚ ਪੁੱਕਾ ਦੇ  ਅਹੁਦੇਦਾਰ ਅਤੇ ਮੈਂਬਰ ਅਮਿਤ ਸ਼ਰਮਾ, ਗੁਰਪ੍ਰੀਤ ਸਿੰਘ, ਅਸ਼ੋਕ ਗਰਗ, ਗੁਰਕੀਰਤ ਸਿੰਘ, ਰੇਣੂ ਅਰੋੜਾ, ਮਾਨ ਧਵਨ, ਚੈਰੀ ਗੋਇਲ, ਮੌਂਟੀ ਗਰਗ, ਰਾਜੇਸ਼ ਗਰਗ, ਵਿੱਕੀ ਸਿੰਘਲ, ਡਾ. ਆਕਾਸ਼ਦੀਪ ਸਿੰਘ, ਸੰਜੀਵ ਚੋਪੜਾ, ਡਾ. ਗੁਨਿੰਦਰਜੀਤ ਜਵੰਦਾ ਵੀ ਹਾਜਿਰ ਸਨ|

Leave a Reply

Your email address will not be published. Required fields are marked *