ਦੁਕਾਨਦਾਰ ਦੇ ਕੋਰੋਨਾ ਪਾਜਿਟਿਵ ਹੋਣ ਤੇ ਫੇਜ਼ 1 ਗੁਰੂ ਨਾਨਕ ਖੋਖਾ ਮਾਰਕੀਟ ਤਿੰਨ ਦਿਨਾਂ ਲਈ ਬੰਦ

ਐਸ.ਏ.ਐਸ.ਨਗਰ, 29 ਜੁਲਾਈ (ਜਸਵਿੰਦਰ ਸਿੰਘ) ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੀ ਇੱਕ ਦੁਕਾਨਦਾਰ ਦੇ ਪਤੀ ਦੇ ਕੋਰੋਨਾ ਪਾਜਿਟਿਵ ਆਉਣ ਕਾਰਨ ਗੁਰੂ ਨਾਨਕ ਮਾਰਕੀਟ ਵੈਲਫੇਅਰ ਸੋਸਾਇਟੀ ਵਲੋਂ ਇਹ ਮਾਰਕੀਟ 3 ਦਿਨਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ| 
ਮਾਰਕੀਟ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਨੇ ਦੱਸਿਆ ਕਿ ਮਾਰਕੀਟ ਦੇ ਬੂਥ ਨੰ. 29 ਵਿੱਚ ਕੰਮ ਕਰਨ ਵਾਲੀ ਮਹਿਲਾ ਦੇ ਪਤੀ ਦੀ ਕੋਰੋਨਾ ਰਿਪੋਰਟ ਬੀਤੇ ਦਿਨੀਂ ਪਾਜੀਟਿਵ ਆਈ ਹੈ| ਉਹਨਾਂ ਦੱਸਿਆ ਕਿ ਉਕਤ ਮਹਿਲਾ ਦਾ ਪਤੀ ਚੰਡੀਗੜ੍ਹ ਦੇ ਸੈਕਟਰ 32 ਸਿਵਲ ਹਸਪਤਾਲ ਵਿੱਚ ਕੰਮ ਕਰਦਾ ਹੈ ਅਤੇ ਉਹ ਹਰ ਰੋਜ ਆਪਣੀ ਪਤਨੀ ਨੂੰ ਮਾਰਕੀਟ ਵਿੱਚ ਛੱਡਣ ਅਤੇ ਲੈਣ ਲਈ ਆਉਂਦਾ ਸੀ ਅਤੇ ਇਸ ਦੌਰਾਨ ਉਹ ਕਾਫੀ ਸਮੇਂ ਤੱਕ ਮਾਰਕੀਟ ਵਿੱਚ ਰਹਿੰਦਾ ਸੀ| 
ਉਹਨਾਂ ਦੱਸਿਆ ਕਿ ਉਸਦੇ ਪਤੀ ਦੀ ਰਿਪੋਰਟ ਪਾਜਿਟਿਵ ਆਉਣ ਤੇ ਉਸਦਾ ਇਲਾਜ ਸੈਕਟਰ 32 ਦੇ ਹਸਪਤਾਲ ਵਿੱਚ ਚਲ ਰਿਹਾ ਹੈ ਜਦਕਿ ਉਸਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਅਤੇ ਇਸ ਸਾਰੇ ਕੁੱਝ ਨੂੰ ਮੁੱਖ ਰੱਖਦਿਆਂ ਮਾਰਕੀਟ ਵੈਲਫੇਅਰ ਸੁਸਾਇਟੀ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਮਾਰਕੀਟ ਨੂੰ ਅਗਲੇ ਤਿੰਨ ਦਿਨਾਂ ਤਕ ਬੰਦ ਰੱਖਿਆ ਜਾਵੇ ਅਤੇ ਇਸਨੂੰ ਪੂਰੀ ਤਰ੍ਹਾਂ ਸੈਨੇਟਾਈਜ ਕਰਵਾਏ ਜਾਣ ਤੋਂ ਬਾਅਦ ਹੀ ਖੋਲ੍ਹਿਆ ਜਾਵੇ|  ਉਹਨਾਂ ਦੱਸਿਆ ਕਿ ਮਾਰਕੀਟ ਵੈਲਫੇਅਰ ਸੁਸਾਇਟੀ ਵਲੋਂ ਮਾਰਕੀਟ ਨੂੰ ਤਿੰਨ ਦਿਨਾਂ ਤੱਕ ਬੰਦ ਰੱਖਣ ਦੇ ਫੈਸਲੇ ਦੀ ਜਾਣਕਾਰੀ ਸਥਾਨਕ ਪੁਲੀਸ ਅਤੇ ਪ੍ਰਸ਼ਾਸ਼ਨ ਨੂੰ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਕੋਰੋਨਾ ਮਹਾਮਾਰੀ ਦੇ ਖਤਰੇ ਨੂੰ ਮੁੱਖ ਰੱਖਦਿਆਂ ਇਸ ਮਾਰਕੀਟ ਨੂੰ  ਸੈਨੇਟਾਈਜ ਕੀਤਾ ਜਾਵੇ ਤਾਂ ਜੋ  ਮਾਰਕੀਟ ਦੇ ਦੁਕਾਨਦਾਰਾਂ ਦੀ ਸੁੱਰਖਿਆ ਯਕੀਨੀ ਬਣਾਈ ਜਾ                ਸਕੇ|

Leave a Reply

Your email address will not be published. Required fields are marked *