ਦੁਕਾਨ ਵਿੱਚ ਚੋਰੀ ਕਰਨ ਦਾ ਯਤਨ ਅਸਫਲ

ਐਸ ਏ ਐਸ ਨਗਰ, 7 ਅਗਸਤ (ਸ.ਬ.) ਮੁਹਾਲੀ ਪਿੰਡ ਦੀ ਗਲੀ ਵਿੱਚ ਸਥਿਤ ਇਕ ਇਲੈਕਟ੍ਰੋਨਿਕ ਦੀ ਦੁਕਾਨ ਵਿੱਚ ਚੋਰਾਂ ਵਲੋਂ ਚੋਰੀ ਕਰਨ ਦਾ ਯਤਨ ਕੀਤਾ ਗਿਆ, ਪਰ ਗੁਆਂਢੀਆਂ ਦੀ ਹੁਸ਼ਿਆਰੀ ਨਾਲ ਬਚਾਓ ਹੋ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਤੀਸ਼ ਇਲੈਕਟ੍ਰੋਨਿਕ ਮੁਹਾਲੀ ਪਿੰਡ ਦੇ ਮਾਲਕ ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਸਵੇਰੇ 3 ਵੱਜ ਕੇ 55 ਮਿੰਟ ਤੇ ਐਕਟਿਵਾ ਸਕੂਟਰ ਉਪਰ ਦੋ ਵਿਅਕਤੀ ਉਸ ਦੀ ਦੁਕਾਨ ਕੋਲ ਆਏ, ਉਹਨਾਂ ਨੇ ਹੈਲਮਟ ਪਾਏ ਹੋਏ ਸਨ| ਦੋਵਾਂ ਵਿਅਕਤੀਆਂ ਨੇ ਪਹਿਲਾਂ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਵਿੱਚ ਪਿਆ ਸਮਾਨ ਇਕੱਠਾ ਕਰ ਲਿਆ ਜਿਸ ਵਿੱਚ 55 ਇੰਚੀ ਐਲ ਈ ਡੀ ਅਤੇ ਹੋਰ ਸਮਾਨ ਸੀ| ਜਦੋਂ ਦੋਵੇਂ ਵਿਅਕਤੀ ਇਹ ਸਮਾਨ ਲੈ ਕੇ ਜਾਣ ਦਾ ਯਤਨ ਕਰਨ ਲੱਗੇ ਤਾਂ ਉਸਦੇ ਗੁਆਂਢੀਆਂ ਨੂੰ ਜਾਗ ਆ ਗਈ ਅਤੇ ਗੁਆਂਢੀਆਂ ਵਲੋਂ ਦੋਵਾਂ ਚੋਰਾਂ ਨੂੰ ਫੜਨ ਦਾ ਯਤਨ ਵੀ ਕੀਤਾ ਗਿਆ ਪਰ ਚੋਰ ਉਸ ਨੂੰ ਧੱਕਾ ਮਾਰ ਭੱਜਣ ਵਿਚ ਸਫਲ ਹੋ ਗਏ ਅਤੇ ਆਪਣੇ ਨਾਲ ਲਿਆਂਦੀ ਲੋਹੇ ਦੀ ਰਾਡ ਵੀ ਉਥੇ ਹੀ ਛੱਡ ਗਏ|
ਉਸ ਨੇ ਦੱਸਿਆ ਕਿ ਉਸਦੀ ਦੁਕਾਨ ਦੇ ਸਾਹਮਣੇ ਸੀ ਸੀ ਟੀ ਵੀ ਕੈਮਰਾ ਵੀ ਲੱਗਿਆ ਹੋਇਆ ਹੈ ਪਰ ਚੋਰਾਂ ਨੇ ਉਸ ਕੈਮਰੇ ਦਾ ਮੂੰਹ ਘੁੰਮਾ ਦਿੱਤਾ ਸੀ ਜਦੋਂਕਿ ਉਸਦੀ ਦੁਕਾਨ ਦੇ ਨੇੜੇ ਹੀ ਲੱਗੇ ਇਕ ਹੋਰ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ|
ਉਹਨਾਂ ਦੱਸਿਆ ਕਿ ਮੌਕੇ ਉਪਰ ਆ ਕੇ ਪੁਲੀਸ ਨੇ ਜਾਂਚ ਕੀਤੀ ਅਤੇ ਚੋਰਾਂ ਵਲੋਂ ਛੱਡੀ ਗਈ ਲੋਹੇ ਦੀ ਰਾਡ ਬਰਾਮਦ ਕਰਕੇ ਆਪਣੇ ਨਾਲ ਲੈ ਗਈ|

Leave a Reply

Your email address will not be published. Required fields are marked *