ਦੁਨੀਆਂ ਦੀ ਸਭ ਤੋਂ ਵਧੀਆ ਇੰਟਰਨੈਟ ਸਪੀਡ ਦਾ ਆਨੰਦ ਮਾਣਦੇ ਹਨ ਕੈਨੇਡਾ ਦੇ ਲੋਕ : ਰਿਪੋਰਟ

ਓਟਾਵਾ, 23 ਫਰਵਰੀ (ਸ.ਬ.) ਕੈਨੇਡਾ ਦੁਨੀਆਂ ਭਰ ਦੇ ਦੇਸ਼ਾਂ ਵਿਚ ਇੰਟਰਨੈਟ ਸਪੀਡ (ਰਫਤਾਰ) ਦੇ ਮਾਮਲੇ ਵਿੱਚ ਕਾਫੀ ਅੱਗੇ ਹੈ ਪਰ ਇੱਥੋਂ ਦੇ ਲੋਕਾਂ ਨੂੰ ਇਸ ਦੇ ਬਦਲੇ ਵਿਚ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ, ਜਿਸ ਦੀ ਸ਼ਿਕਾਇਤ ਉਹ ਅਕਸਰ ਕਰਦੇ ਸੁਣੇ ਜਾਂਦੇ ਹਨ|  ਦੁਨੀਆ ਭਰ ਵਿਚ ਇੰਟਰਨੈਟ ਦੀ ਸਪੀਡ ਦਾ ਅਧਿਐਨ ਕਰਨ ਵਾਲੀ ਕੰਪਨੀ ‘ਓਪਨ ਸਿਗਨਲ,  ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਲੋਕ ਦੁਨੀਆਂ ਦੀ ਬਿਹਤਰੀਨ ਇੰਟਰਨੈਟ ਸਪੀਡ ਦਾ ਆਨੰਦ ਮਾਣਦੇ ਹਨ| ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ 87 ਦੇਸ਼ਾਂ ਦੀ ਇੰਟਰਨੈਟ ਸਪੀਡ ਦਾ ਮੁਲਾਂਕਣ ਕੀਤਾ ਗਿਆ ਅਤੇ ਇਸ ਸੂਚੀ ਵਿਚ ਕੈਨੇਡਾ 12ਵੇਂ ਨੰਬਰ ਤੇ ਹੈ| ਇਸ ਸੂਚੀ ਵਿਚ ਦੱਖਣੀ ਕੋਰੀਆ ਸਭ ਤੋਂ ਅੱਗੇ ਹੈ| ਇੱਥੋਂ ਦੇ ਲੋਕ 37.54 ਮੈਗਾਬਿਟਸ ਪ੍ਰਤੀ ਸਕਿੰਟ (ਐਮ. ਬੀ. ਪੀ. ਐਸ.) ਦੀ ਇੰਟਰਨੈਟ ਸਪੀਡ ਦਾ ਮਜ਼ਾ ਲੈਂਦੇ ਹਨ| ਕੈਨੇਡਾ ਦੇ ਲੋਕ 20.26 ਐਮ.ਬੀ.ਪੀ.ਐਸ. ਦੀ ਇੰਟਰਨੈਟ ਸਪੀਡ ਦਾ ਮਜ਼ਾ ਲੈਂਦੇ ਹਨ| ਇਸ ਮਾਮਲੇ ਵਿਚ ਕੈਨੇਡਾ ਦੇ ਲੋਕ ਅਮਰੀਕਾ ਤੋਂ ਵੀ ਅੱਗੇ ਹਨ|
ਦੂਜੇ ਪਾਸੇ ਕਈ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਓਪਨ ਸਿਗਨਲ ਕੰਪਨੀ ਦੇ ਮੁਲਾਂਕਣ ਤੋਂ ਕਿਤੇ ਜ਼ਿਆਦਾ ਸਪੀਡ ਆਪਣੇ ਗਾਹਕਾਂ ਨੂੰ ਮੁਹੱਈਆ ਕਰਵਾਉਂਦੀਆਂ ਹਨ| ਇਕ ਪਾਸੇ ਜਿੱਥੇ ਕੈਨੇਡਾ ਇਸ ਮਾਮਲੇ ਵਿਚ ਕਾਫੀ ਅੱਗੇ ਹੈ, ਉੱਥੇ ਭਾਰਤ ਦਾ ਨਾਂ ਉਨ੍ਹਾਂ ਦੇਸ਼ਾਂ ਵਿਚ ਸ਼ੁਮਾਰ ਹੈ, ਜੋ ਇਸ ਸੂਚੀ ਵਿਚ ਆਖਰੀ 10 ਦੇਸ਼ਾਂ ਵਿਚ ਸ਼ਾਮਲ ਹਨ| ਭਾਰਤ ਵਿਚ ਲੋਕਾਂ ਨੂੰ 4.17 ਐਮ.ਬੀ.ਪੀ.ਐਸ. ਦੀ ਇੰਟਰਨੈਟ ਸਪੀਡ ਮੁੱਹਈਆ ਕਰਵਾਈ ਜਾਂਦੀ ਹੈ ਅਤੇ ਉਹ ਇਸ ਸੂਚੀ ਵਿਚ 81ਵੇਂ ਨੰਬਰ ਤੇ ਮੌਜੂਦ ਹੈ|

Leave a Reply

Your email address will not be published. Required fields are marked *