ਦੁਨੀਆਂ ਲਈ ਖਤਰਾ ਬਣੇ ਐਟਮੀ ਹਥਿਆਰ

ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਨਫੀਸ ਜਕਰੀਆ ਨੇ ਦੁਨੀਆ ਨੂੰ ਗੁਹਾਰ ਲਗਾਈ ਹੈ ਕਿ ਭਾਰਤ ਐਟਮੀ ਹਥਿਆਰਾਂ ਨੂੰ ਸਮਰਪਿਤ ਇੱਕ ਗੁਪਤ ਸ਼ਹਿਰ ਵਸਾਉਣ ਵਿੱਚ ਜੁਟਿਆ ਹੈ, ਜਿਸ ਨੂੰ ਤੁਰੰਤ ਰੋਕਿਆ ਨਹੀਂ ਗਿਆ ਤਾਂ ਦੱਖਣੀ ਏਸ਼ੀਆ ਦਾ ਸ਼ਕਤੀ ਸੰਤੁਲਨ ਵਿਗੜ ਸਕਦਾ ਹੈ| ਜਵਾਬ ਵਿੱਚ ਭਾਰਤੀ ਵਿਦੇਸ਼ ਵਿਭਾਗ ਦੇ ਬੁਲਾਰੇ ਵਿਕਾਸ ਸਵਰੂਪ ਨੇ ਇਸ ਨੂੰ ਪਾਕਿਸਤਾਨੀ ਕਲਪਨਾ ਦੀ ਉਡਾਨ ਦੱਸਿਆ ਹੈ ਅਤੇ ਕਿਹਾ ਹੈ ਕਿ ਭਾਰਤ ਆਪਣੀ ਵਿਸ਼ਵ ਜਵਾਬਦੇਹੀ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬਧ ਹੈ| ਪਾਕਿਸਤਾਨ  ਵੱਲੋਂ ਖੜੇ ਕੀਤੇ ਜਾ ਰਹੇ ਇਸ ਹੰਗਾਮੇ ਦੀ ਵਜ੍ਹਾ ਅਮਰੀਕਾ ਦੀ ਪਤ੍ਰਿਕਾ ਫਾਰੇਨ ਪਾਲਿਸੀ ਵਿੱਚ ਪ੍ਰਕਾਸ਼ਿਤ ਉਹ ਲੇਖ ਹੈ, ਜਿਸ ਵਿੱਚ ਕਰਨਾਟਕ ਦੇ ਗੁਲਬਰਗਾ ਜਿਲ੍ਹੇ ਦੀ ਇੱਕ ਪਛੜੀ ਤਹਿਸੀਲ ਵਿੱਚ ਭਾਰਤ ਦੇ ਕੁੱਝ ਵਿਗਿਆਨੀ ਅਤੇ ਪ੍ਰਤੀਰੱਖਿਆ ਸੰਗਠਨਾਂ ਵੱਲੋਂ ਵਿਕਸਿਤ ਕੀਤੇ ਜਾ ਰਹੇ ਇੱਕ ਸ਼ੋਧ  ਅਤੇ ਪ੍ਰੀਖਣ ਠਿਕਾਣੇ ਨੂੰ ਹਾਇਡਰੋਜਨ ਬੰਬ ਵਰਗੇ ਖਤਰਨਾਕ ਐਟਮੀ ਹਥਿਆਰਾਂ ਤੇ ਕੰਮ ਕਰਨ ਦੀ ਥਾਂ ਦੱਸਿਆ ਗਿਆ ਹੈ|
ਸਚਾਈ ਇਹ ਹੈ ਕਿ ਕੁੱਝ ਸਮਾਂ ਪਹਿਲਾਂ ਜਾਰੀ ਇੱਕ ਅਮਰੀਕੀ ਰਿਪੋਰਟ ਦੇ ਮੁਤਾਬਿਕ ਹੁਣ ਪਾਕਿਸਤਾਨ ਦੇ ਕੋਲ 120 ਐਟਮ ਬੰਬ ਹਨ, ਜਦੋਂ ਕਿ ਭਾਰਤ ਦੇ ਕੋਲ 90 ਤੋਂ 110 ਐਟਮ ਬੰਬ ਹੋਣ ਦੀ ਗੱਲ ਆਖੀ ਗਈ ਹੈ| ਇਹ ਖੁਦ ਵਿੱਚ ਇਕ ਗੰਭੀਰ ਅਸੰਤੁਲਨ ਦਾ ਨਮੂਨਾ ਹੈ, ਕਿਉਂਕਿ ਪਾਕਿਸਤਾਨ ਨੂੰ ਖ਼ਤਰਾ ਸਿਰਫ ਭਾਰਤ ਤੋਂ ਹੈ, ਜਦੋਂ ਕਿ ਭਾਰਤ ਨੂੰ ਪਾਕਿਸਤਾਨ ਦੇ ਇਲਾਵਾ ਚੀਨ ਦੇ ਰੂਪ ਵਿੱਚ ਇੱਕ ਕਿਤੇ ਜ਼ਿਆਦਾ ਵੱਡੀ ਐਟਮੀ ਤਾਕਤ ਦੇ ਦਬਦਬੇ ਤੋਂ ਖੁਦ ਨੂੰ ਬਚਾ ਕੇ ਰੱਖਣਾ ਹੈ| ਇੱਥੇ ਇੱਕ ਹੋਰ ਗੱਲ ਵੱਲ ਦੁਨੀਆ ਦਾ ਧਿਆਨ ਖਿੱਚਣਾ ਜਰੂਰੀ ਹੈ ਕਿ ਭਾਰਤ ਦੇ ਵਿਗਿਆਨਕ ਸੰਗਠਨ ਕਰਨਾਟਕ ਵਿੱਚ ਜੋ ਵੀ ਕੰਮ ਕਰ ਰਹੇ ਹਨ, ਉਸ ਨੂੰ ਫਾਰੇਨ ਪਾਲਿਸੀ ਵਿੱਚ ਵੀ ਇੱਕ ਜਾਂਚ ਉਪਕਰਮ ਹੀ ਦੱਸਿਆ ਗਿਆ ਹੈ, ਐਟਮੀ ਹਥਿਆਰ ਬਣਾਉਣ ਅਤੇ ਜਮਾਂ ਕਰਨ ਦੀ ਥਾਂ ਨਹੀਂ| ਦੁਨੀਆ ਲਈ ਫਿਕਰ ਦਾ ਵਿਸ਼ਾ ਪਰਮਾਣੂ ਹਥਿਆਰਾਂ ਦਾ ਜਮਾਂ ਹੋਣਾ ਹੈ, ਨਿਊਕਲੀਅਰ ਸਾਇੰਸ ਤੇ ਰਿਸਰਚ ਕਰਨਾ ਨਹੀਂ|
ਇਸ ਨਜਰੀਏ ਨਾਲ ਵੇਖੀਏ ਤਾਂ ਸਭ ਤੋਂ ਪਹਿਲਾਂ ਅਮਰੀਕਾ ਨੂੰ ਆਪਣੇ ਐਟਮੀ ਹਥਿਆਰਾਂ ਤੇ ਕੋਈ ਸੀਮਾ  ਬੰਨਣੀ ਚਾਹੀਦੀ ਹੈ| ਉਸਦਾ ਰਵੱਈਆ ਇਸਦੇ ਠੀਕ ਉਲਟ ਹੈ, ਜਿਸ ਦੇ ਚਲਦੇ ਰੂਸ ਨੇ ਵੀ ਨਵੇਂ ਐਟਮੀ ਹਥਿਆਰ ਬਣਾਉਣ ਤੇ ਖੁਦ  ਲਗਾਈ ਗਈ ਰੋਕ ਨੂੰ ਹਾਲ ਵਿੱਚ ਹਟਾਉਣ ਦਾ ਫੈਸਲਾ ਕਰ ਲਿਆ ਹੈ| ਸਚਾਈ ਇਹ ਹੈ ਕਿ ਐਟਮੀ ਜੰਗ ਦਾ ਨਿਸ਼ਾਨਾ ਫੌਜੀ ਬਲ ਨਹੀਂ, ਹਮੇਸ਼ਾ ਆਮ ਨਾਗਰਿਕ ਹੀ ਬਣਦੇ ਹਨ, ਇਸ ਲਈ ਚਾਹੇ ਭਾਰਤ ਹੋਵੇ ਜਾਂ ਪਾਕਿਸਤਾਨ, ਜਾਂ ਦੁਨੀਆ ਦਾ ਹੋਰ ਕੋਈ ਵੀ ਦੇਸ਼, ਐਟਮੀ ਹਥਿਆਰਾਂ ਦੇ ਫੈਲਾਅ ਤੇ ਰੋਕ ਸੰਸਾਰ ਦੇ ਬਚੇ ਰਹਿਣ ਦੀ ਜਰੂਰੀ ਸ਼ਰਤ ਹੈ| ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਐਟਮੀ ਹਥਿਆਰਾਂ ਵਿੱਚ ਕਮੀ ਲਿਆਉਣ ਦੇ ਮੁੱਦੇ ਤੇ ਅੱਸੀ ਦੇ ਦਹਾਕੇ ਦੇ ਅਖੀਰਲੇ ਸਾਲਾਂ ਦੀ ਤਰ੍ਹਾਂ ਅੱਜ ਵੀ ਇੱਕ ਵਿਸ਼ਵਵਿਆਪੀ ਕੋਸ਼ਿਸ਼ ਦੀ ਜ਼ਰੂਰਤ ਹੈ| ਪਰ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਬਾਹਰੀ ਦਬਦਬੇ ਤੋਂ ਬਚਣ ਲਈ ਆਪਣੀ ਸੁਰੱਖਿਆ ਦਾ ਪੁਖਤਾ ਇੰਤਜਾਮ ਕਰਨ ਦਾ ਹੱਕ ਹਰ ਕਿਸੇ ਨੂੰ ਹੈ| ਪਾਕਿਸਤਾਨ ਜੇਕਰ ਦੱਖਣੀ ਏਸ਼ੀਆ ਵਿੱਚ ਸ਼ਕਤੀ ਸੰਤੁਲਨ ਨੂੰ ਲੈ ਕੇ ਅਸਲ ਵਿੱਚ ਚਿੰਤਤ ਹੈ ਤਾਂ ਉਸ ਨੂੰ ਆਪਣੇ ਐਟਮੀ ਜਖੀਰੇ ਨੂੰ ਜਿੱਥੇ ਤਕ ਹੋ ਸਕੇ ਰੋਕ ਦੇਣ ਦਾ ਇਕ ਪਾਸੜ ਐਲਾਨ ਕਰਨਾ ਚਾਹੀਦਾ ਹੈ|
ਪ੍ਰਭਜੋਤ

Leave a Reply

Your email address will not be published. Required fields are marked *