ਦੁਨੀਆ ਦੀ ਆਤਮਹੱਤਿਆ ਰਾਜਧਾਨੀ ਬਣਨ ਵੱਲ ਵੱਧ ਰਿਹਾ ਹੈ ਭਾਰਤ : ਓਪਿੰਦਰ ਪ੍ਰੀਤ ਕੌਰ

ਐਸ.ਏ.ਐਸ.ਨਗਰ, 1 ਜੁਲਾਈ (ਸ.ਬ.) ਭਾਰਤ ਵਿੱਚ ਖੁਦਕੁਸ਼ੀ ਦੇ ਮਾਮਲਿਆਂ ਅਤੇ ਹੋਰ ਮਾਨਸਿਕ ਸਿਹਤ ਸਬੰਧਤ ਮਸਲਿਆਂ ਵਿੱਚ ਤੇਜ਼ੀ ਨਾਲ ਹੋਣ ਵਾਲ਼ੇ ਵਾਧੇ ਵੱਲ ਧਿਆਨ ਦਵਾਉਣ ਲਈ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵਲੋਂ ਐਮ. ਏ. ਸੀ. ਟੀ. ਅਤੇ ਵਾਈਟਲ ਸਟ੍ਰੈਟੀਜੀਸ ਦੇ ਸਹਿਯੋਗ ਨਾਲ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਨੂੰ ਲੈ ਕੇ ਇੱਕ ਵੈਬੀਨਾਰ ਅਯੋਜਿਤ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 1200 ਵਿਦਿਆਰਥਾਂ ਨੇ ਹਿੱਸਾ ਲਿਆ|
ਇਸ ਮੌਕੇ ਸੰਸਥਾ ਦੀ ਪ੍ਰੋਗਰਾਮ ਡਾਇਰੈਕਟਰ ਓਪਿੰਦਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਹ ਵੈਬੀਨਾਰ ਬੱਚਿਆਂ ਅਤੇ ਨੌਜਵਾਨਾਂ ਦੇ ਮਸਲਿਆਂ ਵੱਲ ਧਿਆਨ ਖਿੱਚਣ ਦਾ ਇੱਕ ਯਤਨ ਹੈ| ਉਨ੍ਹਾਂ ਕਿਹਾ ਜਿਵੇਂ ਕਿ ਭਾਰਤੀ ਨੌਜਵਾਨ ਵਧੇਰੇ ਪ੍ਰਗਤੀਸ਼ੀਲ ਹੁੰਦਾ ਜਾ ਰਿਹਾ ਹੈ, ਉਨ੍ਹਾਂ ਦੇ ਰਵਾਇਤੀ ਪਰਿਵਾਰ ਬੱਚਿਆਂ ਦੇ ਪੇਸ਼ੇ ਚੁਣਨ, ਵਿਆਹ ਦੀ ਉਮਰ ਤੈਅ ਕਰਨ, ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਸਥਾਪਿਤ ਕਰਨ, ਲਿਵ ਇਨ ਰਿਲੇਸ਼ਨਸ਼ਿਪ, ਜਿਣਸੀ ਸਬੰਧਾਂ ਪ੍ਰਤੀ ਉਨ੍ਹਾਂ ਦੀ ਪਹੁੰਚ ਨੂੰ ਲੈ ਕੇ ਬਹੁਤ ਹੀ ਘੱਟ ਹਿਮਾਇਤੀ ਹੁੰਦੇ ਹਨ| ਇਸ ਅਸੰਤੋਸ਼ ਦਾ ਨਤੀਜਾ ਉਨ੍ਹਾਂ ਦੀ ਪੜ੍ਹਾਈ-ਲਿਖਾਈ, ਕੰਮ ਦੀ ਥਾਂ ਅਤੇ ਇੱਥੋਂ ਤੱਕ ਸਮਾਜ ਵੱਲੋਂ ਦਿੱਤੇ ਜਾਂਦੇ ਤਣਾਓ ਅਤੇ ਦਬਾਅ ਦੇ ਰਲੇਵੇਂ ਦੇ ਰੂਪ ਵਿੱਚ ਨਿਕਲਦਾ ਹੈ ਅਤੇ ਉਹਨਾਂ ਨੂੰ ਖੁਦਕੁਸ਼ੀ ਦਾ ਰਾਹ ਆਸਾਨ ਲੱਗਦਾ ਹੈ| ਉਹਨਾਂ ਕਿਹਾ ਕਿ ਭਾਰਤ ਆਪਣੇ ਨੌਜਵਾਨਾਂ ਅੰਦਰ ਖੁਦਕੁਸ਼ੀ ਦੀ ਸਭ ਤੋਂ ਉੱਚੀ ਦਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਨੁਸਾਰ ਭਾਰਤ ਅੰਦਰ ਹਰੇਕ ਮਿੰਟ ਇੱਕ ਵਿਦਿਆਰਥੀ ਖੁਦਕੁਸ਼ੀ ਕਰਦਾ ਹੈ|
ਇਸ ਮੌਕੇ ਬੋਲਦਿਆਂ ਡਾ. ਰਾਣਾ ਜੇ ਸਿੰਘ, ਡਿਪਟੀ ਡਾਇਰੈਕਟਰ, ਟੀ ਬੀ ਅਤੇ ਲੰਗ ਡਿਸੀਸਿਜ਼ ਨੇ ਕਿਹਾ ਕਿ ਬੱਚੇ ਆਪਣੇ ਮਾਪਿਆਂ ਅਤੇ ਦੋਸਤਾਂ ਵਿੱਚ ਹਿਮਾਇਤੀ ਸੁਭਾਅ ਲੱਭਣ ਵਿੱਚ ਅਸਮਰੱਥ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਖੁਦਕੁਸ਼ੀ ਦਾ ਰਾਹ ਸੁਖ਼ਾਲਾ ਲੱਗਦਾ ਹੈ|
ਸਾਬਕਾ ਆਈ ਏ ਐਸ ਅਧਿਕਾਰੀ ਸ੍ਰੀ ਵਿਵੇਕ ਅਟਰੇ ਨੇ ਕਿਹਾ ਕਿ ਜਦੋਂ ਬੱਚਿਆਂ ਨੂੰ ਉਨ੍ਹਾਂ ਦੇ ਆਪਣੇ ਪਰਿਵਾਰਾਂ ਵੱਲੋਂ ਸਮਾਜਿਕ ਪ੍ਰਵਾਨਗੀ ਨਹੀਂ ਮਿਲ਼ਦੀ ਤਾਂ ਉਹ ਸ਼ੋਸ਼ਲ ਮੀਡਿਆ ਰਾਹੀਂ ਲਾਈਕ ਅਤੇ ਕੁਮੈਂਟਾਂ ਰਾਹੀਂ ਸਮਰਥਨ ਲੱਭਣਾ ਸ਼ੁਰੂ ਕਰ ਦਿੰਦੇ ਹਨ|ਂ ਉਨ੍ਹਾਂ ਦਾ ਖ਼ੁਦ ਪ੍ਰਤੀ ਵੱਧਦਾ ਇਹੀ ਅਸੰਤੋਸ਼ ਬੱਚਿਆਂ ਨੂੰ ਡਿੱਗਦੇ ਸਵੈ-ਮਾਣ ਵੱਲ ਧੱਕ ਦਿੰਦਾ ਹੈ| ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਅੰਦਰ ਇਨ੍ਹਾਂ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਕਾਊਂਸਲਿੰਗ ਕਰਨੀ ਚਾਹੀਦੀ ਹੈ|
ਮਿਸ ਸੀਮਾ ਗੁਪਤਾ, ਸੀਨੀਅਰ ਕਾਊਂਸਲਰ, ਆਸ਼ਿਆਨਾ ਨੇ ਕਿਹਾ ਕਿ 20 ਫੀਸਦੀ ਬੱਚੇ ਮਾਨਸਿਕ ਵਿਕਾਰਾਂ ਜਿਵੇਂ ਗੁੱਸਾ, ਚਿੰਤਾ, ਦਬਾਓ, ਧਿਆਨ ਦੀ ਕਮੀ, ਹਾਈਪਰਐਕਟੀਵਿਟੀ, ਆਤਮ ਕੇਂਦਰਤਾ ਅਤੇ ਨਸ਼ਿਆਂ ਦੇ ਸੇਵਨ ਤੋਂ ਪੀੜਤ ਹਨ| ਮਾਪੇ ਜੇਕਰ ਆਪਣੇ ਬੱਚਿਆਂ ਵਿੱਚ ਅਜਿਹੇ ਲੱਛਣ ਦੇਖਣ ਤਾਂ ਉਨ੍ਹਾਂ ਨੂੰ ਕਿਸੇ ਪੇਸ਼ੇਵਰ ਦੀ ਸਲਾਹ ਲੈਣੀ ਚਾਹੀਦੀ ਹੈ|
ਸ਼੍ਰੀ ਲੰਕਾ ਦੀ ਕਲੰਬੋ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ, ਮਨੋਰੋਗ ਵਿਭਾਗ, ਫੈਕਲਟੀ ਮੈਡੀਸਨ, ਡਾ. ਮਹੇਸ਼ ਰਾਜਾਸੁਰਿਆ ਨੇ ਕਿਹਾ ਕਿ ਮਾਨਸਿਕ ਰੋਗ ਤੋਂ ਜੂਝ ਰਹੇ ਬੱਚਿਆਂ ਅੰਦਰ ਨਜਾਇਜ਼ ਪਦਾਰਥਾਂ ਦਾ ਸੇਵਨ ਕਰਨ ਅਤੇ ਅਪਰਾਧੀਆਂ ਵਾਂਗ ਵਰਤਾਓ ਕਰਨ ਅਤੇ ਖ਼ਤਰੇ ਮੁੱਲ ਲੈਣ ਦੀ ਸੰਭਾਵਨਾ ਵੱਧ ਹੁੰਦੀ ਹੈ|
ਵੈਬੀਨਾਰ ਦੌਰਾਨ ਪੂਰੇ ਭਾਰਤ ਵਿੱਚੋਂ ਹਿੱਸਾ ਲੈਣ ਵਾਲ਼ੇ ਬੱਚਿਆਂ ਵਲੋਂ ਤਣਾਓ ਅਤੇ ਸੁੰਗੜ ਰਹੇ ਸਵੈ-ਮਾਣ ਦੇ ਦਾਇਰੇ ਨਾਲ਼ ਲੜਨ ਦੇ ਤਰੀਕਿਆਂ ਸਬੰਧੀ ਕਈ ਸਵਾਲ ਚੁੱਕੇ ਗਏ, ਜਿਨ੍ਹਾਂ ਸਵਾਲਾਂ ਦੇ ਜਵਾਬ ਵਿਵਹਾਰ ਵਿਗਿਆਨੀ ਅਤੇ ਮਨੋਵਿਗਿਆਨਕ ਡਾ. ਮੀਰਾ ਬੀ ਅਘੀ ਵਲੋਂ ਦਿੱਤੇ ਗਏ|

Leave a Reply

Your email address will not be published. Required fields are marked *