ਦੁਨੀਆ ਦੇ ਦੂਜੇ ਦੇਸ਼ਾਂ ਲਈ ਮਜਬੂਤ ਸਪਲਾਈ ਚੇਨ ਬਨਣ ਵੱਲ ਵੱਧਦਾ ਭਾਰਤ

ਪੂਰੇ ਸੰਸਾਰ ਦੇ ਚਿਕਿਤਸਾ ਅਤੇ ਆਰਥਿਕ ਖੇਤਰਾਂ ਵਿੱਚ ਹਾਹਾਕਾਰ ਮਚਾਉਣ ਵਾਲਾ ਕੋਰੋਨਾ ਵਾਇਰਸ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਵੀ ਭਾਰੀ ਉਲਟਫੇਰ ਕਰਨ ਜਾ ਰਿਹਾ ਹੈ। ਸੰਨ 2020 ਵਿੱਚ ਇਸ ਵਾਇਰਸ ਦੇ ਖਿਲਾਫ ਵਿਸ਼ਵਯੁੱਧ ਜਿਹਾ ਛਿੜ ਗਿਆ ਸੀ, ਜਿਸਦੀ ਅੱਗ 2021 ਵਿੱਚ ਵੀ ਨਹੀਂ ਬੁੱਝਣ ਵਾਲੀ। ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਦੀ ਪਹਿਲੀ ਤੋਪ ਚੱਲੀ ਤਾਂ ਪੂਰਾ ਸੰਸਾਰ ਇਸਦੀਆਂ ਚਿੰਗਾਰੀਆਂ ਨਾਲ ਕਰਾਹ ਉੱਠਿਆ। ਨਤੀਜੇ ਵਜੋਂ ਚੀਨ ਦੇ ਖਿਲਾਫ ਪੂਰੇ ਸੰਸਾਰ ਵਿੱਚ ਗੁੱਸਾ ਵੇਖਿਆ ਗਿਆ। ਆਪਣੀ ਆਰਥਿਕ ਅਤੇ ਫੌਜੀ ਤਾਕਤ ਦੇ ਜੋਰ ਤੇ ਚੀਨ ਖੁਦ ਨੂੰ ਕੂਟਨੀਤਿਕ ਖਿਚੋਤਾਣ ਤੋਂ ਕਿਨਾਰੇ ਕਰਨ ਵਿੱਚ ਫਿਲਹਾਲ ਕਾਮਯਾਬ ਦਿਖ ਰਿਹਾ ਹੈ, ਪਰ ਇਸ ਕੋਰੋਨਾ ਕਾਰਨ ਉਸਨੇ ਪੂਰੀ ਦੁਨੀਆ ਦਾ ਵਿਸ਼ਵਾਸ ਗਵਾ ਦਿੱਤਾ ਹੈ। ਕੋਰੋਨਾ ਇਨਫੈਕਸ਼ਨ ਫੈਲਣ ਤੋਂ ਬਾਅਦ ਚੀਨ ਦੇ ਖਿਲਾਫ ਜਿਸ ਤਰ੍ਹਾਂ ਦੀ ਗੋਲਬੰਦੀ ਸ਼ੁਰੂ ਹੋ ਗਈ ਹੈ, ਉਸ ਨਾਲ ਦੂਜੇ ਸ਼ੀਤਯੁੱਧ ਵਰਗਾ ਮਾਹੌਲ ਬਣਦਾ ਦਿਖ ਰਿਹਾ ਹੈ।

ਤੇਜ ਹੁੰਦੀ ਗੋਲਬੰਦੀ

ਪਿਛਲੀ ਸਦੀ ਵਿੱਚ ਪੰਜਾਹ ਤੋਂ ਅੱਸੀ ਦੇ ਦਹਾਕੇ ਤੱਕ ਚੱਲਿਆ ਸ਼ੀਤਯੁੱਧ ਤਤਕਾਲੀਨ ਸੋਵੀਅਤ ਸੰਘ ਅਤੇ ਅਮਰੀਕਾ ਦੀ ਅਗਵਾਈ ਵਾਲੇ ਦੇਸ਼ਾਂ ਦੇ ਵਿੱਚ ਸੀ। ਦੂਜਾ ਸ਼ੀਤਯੁੱਧ 21ਵੀਂ ਸਦੀ ਦੇ ਤੀਸਰੇ ਦਹਾਕੇ ਦੇ ਪਹਿਲੇ ਸਾਲ ਤੋਂ ਹੀ ਸ਼ੁਰੂ ਹੋਇਆ ਮੰਨਿਆ ਜਾ ਸਕਦਾ ਹੈ। ਇਸ ਸ਼ੀਤਯੁੱਧ ਵਿੱਚ ਇੱਕ ਪਾਸੇ ਚੀਨ, ਰੂਸ, ਪਾਕਿਸਤਾਨ, ਈਰਾਨ ਵਰਗੇ ਦੇਸ਼ ਹਨ ਤੇ ਦੂਜੇ ਪਾਸੇ ਅਮਰੀਕੀ ਅਗਵਾਈ ਵਿੱਚ ਹਿੰਦ-ਪ੍ਰਸ਼ਾਂਤ ਦੇ ਦੇਸ਼। ਇਸ ਕੁਨਬੇ ਵਿੱਚ ਹੁਣ ਯੂਰੋਪੀ ਦੇਸ਼ ਵੀ ਜੁੜਣ ਲੱਗੇ ਹਨ। ਦੱਖਣ – ਪੂਰਵ ਏਸ਼ੀਆ ਦੇ ਦੇਸ਼ ਚੀਨ ਉੱਤੇ ਆਰਥਿਕ ਨਿਰਭਰਤਾ ਕਾਰਨ ਉਸਤੋਂ ਸਹਮੇ ਰਹਿੰਦੇ ਹਨ ਪਰ ਜਿਸ ਤਰ੍ਹਾਂ ਇੰਡੋਨੇਸ਼ੀਆ, ਵਿਅਤਨਾਮ, ਸਿੰਗਾਪੁਰ, ਫਿਲੀਪੀਂਸ ਵਰਗੇ ਦੇਸ਼ ਹਿੰਦ – ਪ੍ਰਸ਼ਾਂਤ ਦੇ ਨਾਲ ਦਿਖਣ ਲੱਗੇ ਹਨ ਉਸ ਨਾਲ ਲੱਗਦਾ ਹੈ ਕਿ ਚੀਨ ਦੇ ਗੁਆਂਢੀ ਸਾਗਰ ਦੇਸ਼ ਵੀ ਉਸਦੇ ਖਿਲਾਫ ਹੋ ਰਹੀ ਗੋਲਬੰਦੀ ਵਿੱਚ ਸ਼ਾਮਿਲ ਹੋ ਸਕਦੇ ਹਨ।

ਚਾਰ ਦੇਸ਼ਾਂ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਦੇ ਗਠਜੋੜ ਕਵਾਡ ਨੂੰ ਲੈ ਕੇ ਫ਼ਰਾਂਸ, ਜਰਮਨੀ ਅਤੇ ਨੀਦਰਲੈਂਡ ਵਰਗੇ ਯੂਰੋਪ ਦੇ ਤਾਕਤਵਰ ਦੇਸ਼ਾਂ ਨੇ ਵੀ ਨਾਲ ਦਿਖਣ ਵਾਲੇ ਨੀਤੀਗਤ ਬਿਆਨ ਦਿੱਤੇ, ਜਿਸਦੇ ਨਾਲ ਲੱਗਿਆ ਕਿ ਹਿੰਦ ਪ੍ਰਸ਼ਾਂਤ ਦਾ ਗੁਟ ਚੀਨ ਦੇ ਖਿਲਾਫ ਮਜਬੂਤੀ ਹਾਸਿਲ ਕਰ ਰਿਹਾ ਹੈ। ਪਰ ਸਾਮਰਿਕ ਹਲਕਿਆਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਚਾਰ ਦੇਸ਼ਾਂ ਦੀ ਅਗਵਾਈ ਵਾਲਾ ਇਹ ਚੀਨ ਵਿਰੋਧੀ ਗੁਟ ਕਿਸੇ ਫੌਜੀ ਤਾਕਤ ਨਾਲ ਲੈਸ ਹੋਵੇਗਾ, ਜਾਂ ਬਹੁਪੱਖੀ ਅਤੇ ਦੋਪੱਖੀ ਪੱਧਰ ਤੇ ਸਾਂਝਾ ਫੌਜੀ ਅਭਿਆਸ ਕਰਕੇ ਦਿਖਾਵਟੀ ਫੌਜੀ ਇੱਕ ਜੁੱਟਤਾ ਤੱਕ ਹੀ ਸੀਮਿਤ ਰਹੇਗਾ।

ਅਸਲ ਵਿੱਚ ਚੀਨ ਦੇ ਹਮਲਾਵਰ ਰੁਖ ਨੇ ਕੋਰੋਨਾ ਦੇ ਖਿਲਾਫ ਪਹਿਲਾਂ ਤੋਂ ਚੱਲ ਰਹੀ ਵਿਸ਼ਵ ਜੰਗ ਦੀ ਅੱਗ ਵਿੱਚ ਘੀ ਪਾਉਣ ਦਾ ਕੰਮ ਕੀਤਾ। ਜਿੱਥੇ ਚੀਨ ਨੇ ਭਾਰਤ ਦੇ ਪੂਰਵੀ ਲੱਦਾਖ ਦੇ ਸਰਹੱਦੀ ਇਲਾਕਿਆਂ ਵਿੱਚ ਘੁਸਪੈਠ ਕਰਕੇ ਆਪਣੀ ਹਿੰਮਤ ਵਿਖਾਈ, ਉੱਥੇ ਹੀ ਦੱਖਣ ਚੀਨ ਸਾਗਰ ਅਤੇ ਪੂਰਵੀ ਚੀਨ ਸਾਗਰ ਦੇ ਇਲਾਕਿਆਂ ਵਿੱਚ ਜਾਪਾਨ, ਵਿਅਤਨਾਮ, ਹਾਂਗਕਾਂਗ, ਤਾਇਵਾਨ ਆਦਿ ਉੱਤੇ ਆਪਣੀ ਦਾਦਾਗਿਰੀ ਥੋਪਣ ਦੀ ਕੋਸ਼ਿਸ਼ ਵੀ ਕੀਤੀ। ਉਸਨੇ ਹਿੰਦ – ਪ੍ਰਸ਼ਾਂਤ ਦੇ ਚਤੁਰਪੱਖੀ ਗੁਟ ਨੂੰ ਚੀਨ ਦੇ ਖਿਲਾਫ ਰਣਨੀਤੀ ਬਣਾਉਣ ਤੇ ਮਜ਼ਬੂਰ ਕੀਤਾ। ਮਸਲਾ ਦੱਖਣ ਚੀਨ ਸਾਗਰ ਵਿੱਚ ਚੀਨ ਦੀ ਦਾਦਾਗਿਰੀ ਰੋਕਣ ਦਾ ਹੈ, ਜਿਸਦੇ ਨਾਲ ਭਾਰਤ ਦੇ ਸਾਮਰਿਕ – ਆਰਥਿਕ ਹਿੱਤ ਜੁੜੇ ਹਨ।

ਅਜਿਹੇ ਵਿੱਚ ਭਾਰਤ ਦੀ ਮਜਬੂਰੀ ਬਣ ਜਾਂਦੀ ਹੈ ਕਿ ਇਸ ਸਾਗਰੀ ਇਲਾਕੇ ਨੂੰ ਚੀਨ ਦੇ ਜਾਲ ਤੋਂ ਮੁਕਤ ਕਰਨ ਲਈ ਹਿੰਦ – ਪ੍ਰਸ਼ਾਂਤ ਗੁਟ ਵਿੱਚ ਸ਼ਾਮਿਲ ਹੋਵੇ। ਰਿਸ਼ਤਿਆਂ ਦਾ ਇਹ ਸਮੀਕਰਨ ਫਿਲਹਾਲ ਠੋਸ ਸਰੂਪ ਨਹੀਂ ਲੈ ਸਕਿਆ ਹੈ ਪਰ ਇਸਦੀ ਦਿਸ਼ਾ ਜਰੂਰ ਸਾਫ ਦਿਖਣ ਲੱਗੀ ਹੈ। ਇਸ ਸਮੀਕਰਣ ਨੂੰ ਮਜਬੂਤੀ ਉਦੋਂ ਮਿਲੇਗੀ ਜਦੋਂ ਭਾਰਤ ਇਸਦਾ ਇੱਕ ਪ੍ਰਮੁੱਖ ਸਤੰਭ ਬਨਣ ਦਾ ਸੰਕਲਪ ਦਿਖਾਏਗਾ । ਕਵਾਡ ਦੇ ਮੈਂਬਰ ਦੇਸ਼ ਭਾਰਤ ਵੱਲ ਇਸ ਲਈ ਵੇਖ ਰਹੇ ਹਨ ਕਿ ਭਾਰਤ ਉਨ੍ਹਾਂ ਦੀ ਆਰਥਿਕ ਤਾਕਤ ਨੂੰ ਬਣਾ ਕੇੇ ਰੱਖਣ ਵਿੱਚ ਚੀਨ ਦਾ ਬਿਹਤਰ, ਭਰੋਸੇਮੰਦ ਵਿਕਲਪ ਬਨਣ ਦੀਆਂ ਸੰਭਾਵਨਾਵਾਂ ਪੇਸ਼ ਕਰਦਾ ਹੈ। ਕਵਾਡ ਦੇ ਝੰਡੇ ਹੇਠ ਇਸ ਸਾਮਰਿਕ ਇੱਕ ਜੁੱਟਤਾ ਦੀ ਪਹਿਲੀ ਘਾਤਕ ਮਾਰ ਚੀਨ ਦੀ ਅਰਥ ਵਿਵਸਥਾ ਤੇ ਪੈ ਸਕਦੀ ਹੈ।

ਜਾਪਾਨ ਨੇ ਇਸ ਦਿਸ਼ਾ ਵਿੱਚ ਇੱਕ ਅਹਿਮ ਪਹਿਲ ਕੀਤੀ ਹੈ। ਇਹ ਪਹਿਲ ਦਰਸਾਉਦੀਂ ਹੈ ਕਿ ਚੀਨ ਬਨਾਮ ਕਵਾਡ ਦੇ ਮੈਂਬਰਾਂ ਅਤੇ ਸਮਰਥਕ ਦੇਸ਼ਾਂ ਦੇ ਵਿੱਚ ਵਪਾਰਕ ਲੜਾਈ ਦੀ ਜਵਾਲਾ ਤੇਜੀ ਨਾਲ ਫੈਲੇਗੀ। ਦੁਨੀਆ ਜਿਸ ਤਰ੍ਹਾਂ ਉਦਯੋਗਕ – ਤਕਨੀਕੀ ਖੇਤਰ ਵਿੱਚ ਚੀਨ ਤੇ ਨਿਰਭਰ ਹੋ ਗਈ ਹੈ, ਉਸਨੂੰ ਵੇਖਦੇ ਹੋਏ ਜਾਪਾਨ ਨੇ ਸਪਲਾਈ ਚੇਨ ਰਿਜਿਲਿਅੰਸ ਇਨੀਸ਼ਇਏਟਿਵ (ਐਸਸੀਆਰਆਈ) ਰਾਹੀਂ ਸਪਲਾਈ ਚੇਨ ਵਿੱਚ ਲਚੀਲਾਪਨ ਲਿਆਉਣ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਆਸਟ੍ਰੇਲੀਆ ਅਤੇ ਭਾਰਤ ਨੂੰ ਸ਼ਾਮਿਲ ਕਰਨ ਦਾ ਪ੍ਰਸਤਾਵ ਰੱਖਿਆ। ਜਾਹਿਰ ਹੈ ਕਿ ਜਾਪਾਨ ਵਰਗੇ ਦੇਸ਼ ਆਪਣੇ ਜਰੂਰੀ ਮੌਲਿਕ ਉਦਯੋਗਕ ਉਤਪਾਦਾਂ ( ਜਿਵੇਂ ਦੁਰਲਭ ਖਣਿਜ) ਲਈ ਚੀਨ ਉੱਤੇ ਆਪਣੀ ਨਿਰਭਰਤਾ ਖਤਮ ਕਰਕੇ ਉਸ ਵਿੱਚ ਲਚੀਲਾਪਨ ਲਿਆਉਣਾ ਚਾਹੁੰਦੇ ਹਨ ਤਾਂ ਕਿ ਭਵਿੱਖ ਵਿੱਚ ਰਾਜਨੀਤਕ ਰਿਸ਼ਤੇ ਵਿਗੜਨ ਤੇ ਚੀਨ ਮੌਲਿਕ ਉਦਯੋਗਿਕ ਮਾਲ ਦੀ ਸਪਲਾਈ ਰੋਕ ਕੇ ਬਲੈਕਮੇਲ ਨਾ ਕਰ ਸਕੇ।

ਮਿਸਾਲ ਦੇ ਤੌਰ ਤੇ ਚੀਨ ਜੇਕਰ ਜਾਪਾਨ, ਅਮਰੀਕਾ ਵਰਗੇ ਦੇਸ਼ਾਂ ਨੂੰ ਦੁਰਲਭ ਖਣਿਜ ਦਾ ਨਿਰਯਾਤ ਰੋਕ ਦੇਵੇ ਤਾਂ ਇਨ੍ਹਾਂ ਦਾ ਵਿਕਲਪ ਲੱਭਣ ਦੀ ਵਿਵਸਥਾ ਜਦੋਂ ਤੱਕ ਕੀਤੀ ਜਾਵੇਗੀ ਉਦੋਂ ਤੱਕ ਇਹਨਾਂ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਕਾਫੀ ਨੁਕਸਾਨ ਹੋ ਚੁੱਕਿਆ ਹੋਵੇਗਾ। ਭਾਰਤ ਵਿਕਲਪਿਕ ਸਪਲਾਈ ਚੇਨ ਦੀ ਅਹਿਮ ਕੜੀ ਬਣ ਸਕਦਾ ਹੈ ਪਰ ਇਸਦੇ ਲਈ ਉਸਨੂੰ ਦੁਨੀਆ ਨੂੰ ਇਹ ਭਰੋਸਾ ਦਿਵਾਉਣਾ ਪਵੇਗਾ ਕਿ ਇੱਥੇ ਰਾਜਨੀਤਕ, ਸਮਾਜਿਕ ਸਥਿਰਤਾ ਦਾ ਮਾਹੌਲ ਭੰਗ ਨਹੀਂ ਹੋਣ ਵਾਲਾ। ਸਮਾਜਿਕ ਸਮਰਸਤਾ ਦਾ ਮਾਹੌਲ ਬਣਾ ਕੇ ਹੀ ਭਾਰਤ ਵਿਦੇਸ਼ੀ ਨਿਵੇਸ਼ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ। ਕੁਲ ਮਿਲਾ ਕੇ 21ਵੀਂ ਸਦੀ ਦਾ ਤੀਜਾ ਦਹਾਕਾ ਭਾਰਤ ਲਈ ਸਾਮਰਿਕ ਅਤੇ ਆਰਥਿਕ – ਵਪਾਰਕ ਖੇਤਰ ਵਿੱਚ ਅਨੁਕੂਲ ਮਾਹੌਲ ਪੇਸ਼ ਕਰ ਰਿਹਾ ਹੈ। ਪਰ, ਸਵਾਲ ਇਹ ਉਠਦਾ ਹੈ ਕਿ ਕੀ ਭਾਰਤ ਇਸਦੇ ਲਈ ਅਨੁਕੂਲ ਘਰੇਲੂ ਮਾਹੌਲ ਦੇਣ ਨੂੰ ਤਿਆਰ ਹੈ?

ਘਰੇਲੂ ਮਾਹੌਲ

ਹਿੰਦ ਪ੍ਰਸ਼ਾਂਤ ਦੇ ਦੇਸ਼ਾਂ ਨੂੰ ਤਾਕਤ ਭਾਰਤ ਤੋਂ ਹੀ ਮਿਲ ਸਕਦੀ ਹੈ ਕਿਉਂਕਿ ਭਾਰਤ ਜਨਤੰਤਰ ਹੈ, ਵੱਡੀ ਅਰਥ ਵਿਵਸਥਾ ਹੈ, ਵੱਡਾ ਬਾਜ਼ਾਰ ਹੈ ਅਤੇ ਇੱਥੇ ਕੁਸ਼ਲ ਮਨੁੱਖ ਸੰਸਾਧਨ ਵੀ ਹਨ। ਇਸ ਲਈ ਅਮਰੀਕਾ, ਜਾਪਾਨ, ਆਸਟ੍ਰੇਲੀਆ ਵਰਗੇ ਦੇਸ਼ ਅਗਲੇ ਦਹਾਕੇ ਵਿੱਚ ਭਾਰਤ ਨੂੰ ਵਿਕਲਪਿਕ ਸਪਲਾਈ ਚੇਨ ਬਨਣ ਵਾਲੇ ਦੇਸ਼ ਦੇ ਤੌਰ ਤੇ ਵੇਖ ਰਹੇ ਹਨ। ਜੇਕਰ ਭਾਰਤ ਅਜਿਹਾ ਭਰੋਸਾ ਨਹੀਂ ਦਿਵਾ ਸਕਿਆ ਤਾਂ ਅਮਰੀਕੀ ਅਗਵਾਈ ਵਾਲੇ ਦੇਸ਼ਾਂ ਨੂੰ ਮਜਬੂਰਨ ਵਿਅਤਨਾਮ ਅਤੇ ਹੋਰ ਦੱਖਣ ਪੂਰਵੀ ਏਸ਼ੀਆਈ ਦੇਸ਼ਾਂ ਦੇ ਵੱਲ ਦੇਖਣਾ ਪਵੇਗਾ ਅਤੇ ਚੀਨ ਨਾਲ ਵੀ ਰਿਸ਼ਤਿਆਂ ਵਿੱਚ ਸੰਤੁਲਨ ਬਣਾ ਕੇ ਚੱਲਣਾ ਪਵੇਗਾ। ਫਿਲਹਾਲ ਵਿਸ਼ਵ ਸਾਮਰਿਕ ਸੰਤੁਲਨ ਦਾ ਪੱਖ ਭਾਰਤ ਵੱਲ ਝੁਕਦਾ ਨਜ਼ਰ ਆ ਰਿਹਾ ਹੈ ਪਰ ਇਹ ਉਦੋਂ ਤੱਕ ਝੁੱਕਿਆ ਰਹੇਗਾ ਜਦੋਂ ਤੱਕ ਭਾਰਤ ਆਪਣੀ ਲੋਕਤਾਂਤਰਿਕ ਭਰੋਸੇਯੋਗਤਾ ਤੇ ਆਂਚ ਨਹੀਂ ਆਉਣ ਦਿੰਦਾ।

ਰਣਜੀਤ ਕੁਮਾਰ

Leave a Reply

Your email address will not be published. Required fields are marked *