ਦੁਨੀਆ ਲਈ ਗੰਭੀਰ ਖਤਰਾ ਬਣ ਚੁੱਕੀ ਹੈ ਗਲੋਬਲ ਵਾਰਮਿੰਗ

ਗਲੋਬਲ ਵਾਰਮਿੰਗ ਇਸ ਵੇਲੇ ਦੁਨੀਆ ਲਈ ਇੱਕ ਗੰਭੀਰ ਖਤਰੇ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਵਾਤਾਵਰਨ ਤੇ ਪੈਣ ਵਾਲੇ ਇਸਦੇ ਅਸਰ ਨਾਲ ਹੁਣ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਦਰਜ ਕੀਤੀਆਂ ਜਾ ਰਹੀਆਂ ਹਨ| ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਓਜੋਨ ਪਰਤ ਵਿੱਚ ਕਈ ਵੱਡੇ ਛੇਦ ਹੋ ਚੁੱਕੇ ਹਨ ਜੋ ਕਿ ਦਿਨੋਂ ਦਿਨ ਹੋਰ ਵੱਡੇ ਹੁੰਦੇ ਜਾ ਰਹੇ ਹਨ| ਓਜੋਨ ਪਰਤ ਦੇ ਕਾਰਨ ਹੀ ਸੂਰਜ ਦੀਆਂ ਕਿਰਨਾਂ ਸਿੱਧਾ ਧਰਤੀ ਉਪਰ ਨਹੀਂ ਪੈਂਦੀਆਂ, ਜੇ ਓਜੋਨ ਪਰਤ ਵਿੱਚ ਪਏ ਛੇਦ ਹੋਰ ਵੱਡੇ ਹੋਏ ਤਾਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ ਉਪਰ ਪਿਆ ਕਰਨਗੀਆਂ ਅਤੇ ਧਰਤੀ ਉਪਰੋਂ ਸੂਰਜ ਦੀਆਂ ਕਿਰਨਾਂ ਦੇ ਸੇਕ ਕਾਰਨ ਜਨ ਜੀਵਨ ਖਤਮ ਹੋ ਜਾਵੇਗਾ|
ਦੁਨੀਆਂ ਵਿੱਚ ਜੰਗਲਾਂ ਦਾ ਰਕਬਾ ਲਗਾਤਾਰ ਘੱਟ ਹੋ ਰਿਹਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮਸਿਆਵਾਂ ਪੈਦਾ ਹੋ ਗਈਆਂ ਹਨ| ਗਲੋਬਲ ਵਾਰਮਿੰਗ ਕਾਰਨ ਆਪਣੇ ਸਮੇਂ ਉਪਰ ਆਉਣ ਵਾਲੀਆਂ ਰੁੱਤਾਂ ਦੇ ਸਮੇਂ ਵਿੱਚ ਵੀ ਤਬਦੀਲੀ ਹੋਣ ਲੱਗ ਪਈ ਹੈ| ਹੁਣ ਸਰਦੀਆਂ ਵਿੱਚ ਜਾਂ ਤਾਂ ਠੰਡ ਬਹੁਤ ਘੱਟ ਪੈਂਦੀ ਹੈ ਜਾਂ ਫਿਰ ਹੱਦ ਤੋਂ ਵੱਧ ਪਂੈਦੀ ਹੈ| ਬੀਤੀਆਂ ਸਰਦੀਆਂ ਵਿੱਚ ਸਰਦੀ ਘੱਟ ਪਈ ਸੀ ਤੇ ਉਦੋਂ ਹੀ ਇਹ ਅਨੁਮਾਨ ਲਗਾ ਲਿਆ ਗਿਆ ਸੀ ਕਿ ਇਸ ਵਾਰ ਗਰਮੀ ਦੀ ਰੁੱਤ ਲੰਮੀ ਵੀ ਹੋਵੇਗੀ ਅਤੇ ਗਰਮੀ ਬਹੁਤ ਪਵੇਗੀ| ਬਰਸਾਤਾਂ ਪੈਣੀਆਂ ਬਹੁਤ ਘੱਟ ਗਈਆਂ ਹਨ| ਅਸਲ ਵਿੱਚ ਬਰਸਾਤਾਂ ਦਰਖਤਾਂ ਦੇ ਬਹੁਤਾਤ ਵਿੱਚ ਹੋਣ ਕਾਰਨ ਜਲਦੀ ਪੈਂਦੀਆਂ ਹਨ ਪਰ ਹੁਣ ਦਰਖਤਾਂ ਦੀ ਗਿਣਤੀ ਹੀ ਬਹੁਤ ਘੱਟ ਗਈ ਹੈ, ਜਿਸ ਕਾਰਨ ਬਰਸਾਤਾਂ ਵੀ ਹੁਣ ਕਦੇ ਕਦਾਈਂ ਪੈਂਦੀਆਂ ਹਨ, ਜੇ ਬਰਸਾਤਾਂ ਲਗਾਤਾਰ ਪੈ ਜਾਣ ਤਾਂ ਹੜ੍ਹ ਆ ਜਾਂਦੇ ਹਨ| ਇਸ ਤਰ੍ਹਾਂ ਗਲੋਬਲ ਵਾਰਮਿੰਗ ਕਾਰਨ ਹਰ ਚੀਜ਼ ਹੀ ਖਤਰਾ ਬਣਦੀ ਜਾ ਰਹੀ ਹੈ|
ਗਲੋਬਲ ਵਾਰਮਿੰਗ ਤੇ ਕਾਬੂ ਕਰਨ ਲਈ ਭਾਵੇਂ ਯ ੂਐਨ ਓ ਦੀ ਅਗਵਾਈ ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਇਸ ਸੰਬੰਧੀ ਠੋਸ ਕਾਰਵਾਈ ਕਰਨ ਲਈ ਕੋਈ ਵੀ ਦੇਸ਼ ਇਮਾਨਦਾਰੀ ਨਾਲ ਅੱਗੇ ਨਹੀਂ ਆਉਂਦਾ| ਦੁਨੀਆ ਦੀ ਮਹਾਸ਼ਕਤੀ ਅਮਰੀਕਾ ਵਲੋਂ ਵੀ ਸਨਅਤੀ ਅਤੇ ਹੋਰ ਕਈ ਤਰ੍ਹਾਂ ਦੇ ਕਚਰੇ ਫੈਲਾ ਕੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਿੱਚ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ| ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੀ ਇਸ ਕਾਰਵਾਈ ਵਿੱਚ ਭਾਰਤ ਵੀ ਪਿੱਛੇ ਨਹੀਂ ਹੈ ਅਤੇ ਇੱਥੇ ਵੱਡੀ ਪੱਧਰ ਤੇ ਪ੍ਰਦੂਸ਼ਨ ਫੈਲਾਇਆ ਜਾ ਰਿਹਾ ਹੈ| ਕਾਰਖਾਨਿਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ ਬਹੁਤ ਵੱਡੇ ਪੱਧਰ ਉੱਪਰ ਪ੍ਰਦੂਸ਼ਣ ਫੈਲਾ ਰਿਹਾ ਹੈ|
ਪੂਰੇ ਸੰਸਾਰ ਵਿੱਚ ਹੀ ਨਿਤ ਨਵੇਂ ਕਾਰਖਾਨੇ ਲੱਗ ਰਹੇ ਹਨ, ਜਿਹਨਾਂ ਦੀਆਂ ਚਿਮਨੀਆਂ ਵਿਚੋਂ ਜਹਿਰੀਲਾ ਧੂੰਆਂ ਨਿਕਲਦਾ ਹੈ, ਜਿਸ ਕਰਕੇ ਵਾਤਾਵਰਨ ਹੋਰ ਗੰਧਲਾ ਹੋ ਰਿਹਾ ਹੈ| ਰਹਿੰਦੀ ਕਸਰ ਵਾਹਨਾਂ ਵਲੋਂ ਪੂਰੀ ਕਰ ਦਿੱਤੀ ਜਾਂਦੀ ਹੈ| ਅੱਜ ਹਰ ਸ਼ਹਿਰ ਵਿੱਚ ਹੀ ਵਾਹਨਾਂ ਦੀ ਭੀੜ ਹੁੰਦੀ ਹੈ| ਇਹਨਾਂ ਵਾਹਨਾਂ ਵਿਚੋਂ ਨਿਕਲਦਾ ਧੂੰਆਂ ਬਹੁਤ ਵੱਡੇ ਪੱਧਰ ਉਪਰ ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲਾ ਰਿਹਾ ਹੈ| ਵੱਖ ਵੱਖ ਸ਼ਹਿਰਾਂ ਵਿੱਚ ਸਥਿਤ ਉਦਯੋਗਾਂ ਅਤੇ ਸਨਅਤੀ ਖੇਤਰਾਂ ਦਾ ਕੈਮੀਕਲ ਵਾਲਾ ਪਾਣੀ ਵੀ ਇਹਨਾਂ ਨਦੀਆਂ ਸਮੇਤ ਹੋਰ ਨਦੀਆਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਹਨਾਂ ਨਦੀਆਂ ਵਿੱਚ ਪ੍ਰਦੂਸ਼ਣ ਬਹੁਤ ਵੱਡੇ ਪੱਧਰ ਉੱਪਰ ਫੈਲ ਗਿਆ ਹੈ|
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਭਾਰਤ ਵਿੱਚ ਨਦੀਆਂ ਨੂੰ ਦੇਵੀ ਮਾਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਅਤੇ ਉਹਨਾਂ ਨਦੀਆਂ ਦੇ ਪਾਣੀ ਨੂੰ ਨਵਜੰਮੇ ਬੱਚੇ ਦੇ ਮੂੰਹ ਵਿੱਚ ਪਾਉਣਾ ਚੰਗਾ ਸਮਝਿਆ ਜਾਂਦਾ ਹੈ ਪਰੰਤੂ ਦੂਜੇ ਪਾਸੇ ਇਹਨਾਂ ਨਦੀਆਂ ਵਿੱਚ ਵੱਡੇ ਪੱਧਰ ਉਪਰ ਗੰਦਗੀ ਸੁੱਟ ਕੇ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ| ਭਾਰਤ ਵਿੱਚ ਮਹਾਨ ਕਹੀਆਂ ਜਾਂਦੀਆਂ ਗੰਗਾ ਅਤੇ ਯਮੁਨਾ ਨਦੀਆਂ ਜਿਸ ਵੀ ਸ਼ਹਿਰ ਵਿਚੋਂ ਲੰਘਦੀਆਂ ਹਨ ਉਹਨਾਂ ਸਾਰੇ ਸ਼ਹਿਰਾਂ ਦਾ ਸੀਵਰੇਜ ਅਤੇ ਗੰਦਗੀ ਇਹਨਾਂ ਨਦੀਆਂ ਵਿੱਚ ਹੀ ਸੁੱਟੀ ਜਾਂਦੀ ਹੈ| ਇਸ ਤੋਂ ਇਲਾਵਾ ਇਹਨਾਂ ਨਦੀਆਂ ਕਿਨਾਰੇ ਲਾਸ਼ਾਂ ਦਾ ਦਾਹ ਸਸਕਾਰ ਕਰਕੇ ਮ੍ਰਿਤਕਾਂ ਦੀਆਂ ਅਸਥੀਆਂ ਜਾਂ ਅੱਧ ਸੜੀਆਂ ਲਾਸ਼ਾਂ ਨੂੰ ਇਨ੍ਹਾਂ ਨਦੀਆਂ ਵਿੱਚ ਹੀ ਰੋੜ ਦਿੱਤਾ ਜਾਂਦਾ ਹੈ| ਇਸ ਕਾਰਨ ਨਦੀਆਂ ਵੱਡੇ ਪੱਧਰ ਉਪਰ ਪ੍ਰਦੂਸ਼ਿਤ ਹੋ ਗਈਆਂ ਹਨ|
ਭਾਵੇਂ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਰਜਕਾਲ ਸਮੇਂ ਗੰਗਾ ਦੀ ਸਫਾਈ ਮੁਹਿੰਮ ਬਹੁਤ ਵੱਡੇ ਪੱਧਰ ਉਪਰ ਚਲਾਈ ਗਈ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਵੀ ਗੰਗਾ ਯਮੁਨਾ ਨੂੰ ਸਾਫ ਕਰਨ ਦੀ ਮੁਹਿੰਮ ਚਲਾਈ ਗਈ ਹੈ ਪਰ ਇਹਨਾਂ ਮੁਹਿੰਮਾਂ ਦੇ ਆਸ ਮੁਤਾਬਿਕ ਨਤੀਜੇ ਨਹੀਂ ਨਿਕਲ ਰਹੇ| ਚਾਹੀਦਾ ਤਾਂ ਇਹ ਹੈ ਕਿ ਵਾਤਾਵਰਣ ਦੀ ਸੰਭਾਲ ਲਈ ਸਾਰੇ ਦੇਸ਼ ਰਲ ਕੇ ਮਿਲ ਕੇ ਸਾਂਝੀ ਮੁਹਿੰਮ ਚਲਾਉਣ ਤਾਂ ਹੀ ਅਸੀਂ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹਾਂ|

Leave a Reply

Your email address will not be published. Required fields are marked *