ਦੁਸ਼ਮਣਾਂ ਨੂੰ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਹਵਾਈ ਫੌਜ : ਫੌਜ ਮੁਖੀ

ਨਵੀਂ ਦਿੱਲੀ, 8 ਅਕਤੂਬਰ (ਸ.ਬ.) ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਅੱਜ ਦੇਸ਼ ਨੂੰ ਭਰੋਸਾ ਦਿੱਤਾ ਕਿ ਹਵਾਈ ਫੌਜ ਦੇਸ਼ ਦੀਆਂ ਹਵਾਈ ਸਰਹੱਦਾਂ ਦੇ ਦਿਨ-ਰਾਤ ਰੱਖਿਆ ਕਰਨ ਅਤੇ ਕਿਸੇ ਵੀ ਸਥਿਤੀ ਨਾਲ ਮਜ਼ਬੂਤੀ ਨਾਲ ਨਜਿੱਠਣ ਲਈ ਤਿਆਰ ਹੈ| ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਹਵਾਈ ਫੌਜ ਦੇ 88ਵੇਂ ਸਥਾਪਨਾ ਦਿਵਸ ਤੇ ਹਵਾਈ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੁਦ ਨੂੰ ਇਕ ਅਜਿਹੇ ਰੂਪ ਵਿੱਚ ਬਦਲਣਾ ਹੈ, ਜੋ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਸਕੇ|
ਉਹਨਾਂ ਕਿਹਾ ਕਿ ਖੇਤਰ ਵਿੱਚ ਗੁਆਂਢੀਆਂ ਦੀਆਂ ਵਧਦੀਆਂ ਇੱਛਾਵਾਂ ਤੋਂ ਪੈਦਾ ਖਤਰੇ ਅਤੇ ਚੁਣੌਤੀ ਨਾਲ ਨਜਿੱਠਣ ਲਈ ਹਵਾਈ ਫੌਜ ਪੂਰੀ ਤਰ੍ਹਾਂ ਨਾਲ ਤਿਆਰ ਹੈ| ਪਿਛਲੇ ਦਿਨੀਂ ਜ਼ਰੂਰਤ ਪੈਣ ਤੇ ਫੋਰਸ ਨੇ ਤੁਰੰਤ ਜ਼ਰੂਰੀ ਕਾਰਵਾਈ ਕਰ ਕੇ ਆਪਣੀ ਸਮਰੱਥਾ ਅਤੇ ਸੰਚਾਲਨ ਕੁਸ਼ਲਤਾ ਦਿਖਾਈ| ਉਨ੍ਹਾਂ ਨੇ ਕਿਹਾ ਕਿ ਉਹ             ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਹਵਾਈ ਫੌਜ ਕਿਸੇ ਵੀ ਸਥਿਤੀ ਅਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ| ਇਹ ਸਮੇਂ ਦੀ ਜ਼ਰੂਰਤ ਹੈ ਕਿ ਹਵਾਈ ਫੌਜ ਹਰ ਤਰ੍ਹਾਂ ਨਾਲ ਮਜ਼ਬੂਤ ਬਣੇ ਅਤੇ ਚੁਣੌਤੀਆਂ ਦੀਆਂ ਕਸੌਟੀਆਂ ਤੇ ਖਰ੍ਹੀ ਉਤਰੇ, ਨਾਲ ਹੀ ਆਤਮਨਿਰਭਰ ਭਾਰਤ ਲਈ ਵੀ ਜ਼ਰੂਰੀ ਹੈ| ਇਸ ਮੌਕੇ ਉਨ੍ਹਾਂ ਨੇ ਹਵਾਈ ਫੌਜ ਦੇ ਜਾਬਾਜ਼ਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਸੇਵਾ ਸਮਰਪਣ ਲਈ ਮੈਡਲਾਂ ਨਾਲ ਸਨਮਾਨਤ ਵੀ ਕੀਤਾ|
ਉਹਨਾਂ ਦੇ ਸੰਬੋਧਨ ਤੋਂ ਬਾਅਦ ਹਵਾਈ ਫੌਜ ਦੇ ਵੱਖ-ਵੱਖ ਜਹਾਜ਼ਾਂ ਨੇ ਕਰਤੱਵਬਾਜ਼ੀ ਅਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ| ਇਸ ਮੌਕੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਮੁਖੀ ਅਤੇ ਜਲ ਸੈਨਾ ਮੁਖੀ ਵੀ ਮੌਜੂਦ ਸਨ| ਇਸ ਤੋਂ ਪਹਿਲਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਹਵਾਈ ਫੌਜ ਦਿਵਸ ਤੇ ਹਵਾਈ ਫੌਜ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ| ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਹਵਾਈ ਫੌਜ ਦਿਵਸ ਤੇ ਅਸੀਂ ਆਪਣੇ ਹਵਾਈ ਯੋਧਿਆਂ, ਹਵਾਈ ਫੌਜ ਦੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਅਤੇ ਸਨਮਾਨ ਨਾਲ ਵਧਾਈ ਦਿੰਦੇ ਹਾਂ| ਸਾਡੀਆਂ ਹਵਾਈ ਸਰਹੱਦਾਂ ਦੀ ਰੱਖਿਆ ਕਰਨ ਅਤੇ ਆਫਤ ਦੇ ਸਮੇਂ ਰਾਹਤ ਅਤੇ ਬਚਾਅ ਮੁਹਿੰਮਾਂ ਦੇ ਪ੍ਰਸ਼ਾਸਨ ਦੇ ਸਹਿਯੋਗ ਲਈ ਰਾਸ਼ਟਰ ਹਵਾਈ ਫੌਜ ਦੇ ਯੋਗਦਾਨ ਦੇ ਪ੍ਰਤੀ ਧੰਨਵਾਦ ਜ਼ਾਹਰ ਕਰਦਾ ਹੈ|

Leave a Reply

Your email address will not be published. Required fields are marked *