ਦੁੱਗਣੀਆਂ ਤਨਖਾਹਾਂ ਦੀ ਅਦਾਇਗੀ ਤੋਂ ਬਾਅਦ ਹੁਣ ਸਰਕਾਰ ਨੇ ਸਿੰਗਲ ਐਂਟਰੀਆਂ ਵੀ ਕੀਤੀਆਂ ਵਾਪਸ

ਦੁੱਗਣੀਆਂ ਤਨਖਾਹਾਂ ਦੀ ਅਦਾਇਗੀ ਤੋਂ ਬਾਅਦ ਹੁਣ ਸਰਕਾਰ ਨੇ ਸਿੰਗਲ ਐਂਟਰੀਆਂ ਵੀ ਕੀਤੀਆਂ ਵਾਪਸ
ਪੰਜਾਬ ਸਰਕਾਰ ਦੀ ਧੱਕੇਸ਼ਾਹੀ ਸਹਿਣ ਨਹੀਂ ਕਰਾਂਗੇ : ਓਮ ਪ੍ਰਕਾਸ਼
ਐਸ ਏ ਐਸ ਨਗਰ, 5 ਨਵੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਪਹਿਲਾਂ ਸਰਕਾਰੀ ਮੁਲਾਜਮਾਂ ਦੇ ਖਾਤਿਆਂ ਵਿੱਚ ਸਾਫਟਵੇਅਰ ਦੀ ਖਰਾਬੀ ਕਾਰਨ ਡਬਲ ਤਨਖਾਹ ਪਾ ਦਿੱਤੇ ਜਾਣ ਦੇ ਮਾਮਲੇ ਵਿੱਚ ਮੁਲਾਜਮਾਂ ਨੂੰ ਕੀਤੀ ਵਾਧੂ ਅਦਾਇਗੀ ਦੀ ਵਸੂਲੀ ਲਈ ਹੁਣ ਸਰਕਾਰੀ ਮੁਲਾਜਮਾਂ ਦੇ ਤਨਖਾਹਾਂ ਨਾਲ ਲਿੰਕ ਬੈਂਕ ਖਾਤਿਆਂ ਨੂੰ ਸੀਲ ਕਰਵਾ ਕੇ ਆਰ.ਬੀ.ਆਈ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚੋਂ ਤਨਖਾਹਾਂ ਰਿਵਰਟ ਮਾਰ ਲਈਆਂ ਗਈਆਂ ਹਨ| ਬੀਤੇ ਦਿਨੀਂ ਪੰਜਾਬ ਸਕੱਤਰੇਤ ਦੇ ਬਹੁਤੇ ਕਰਮਚਾਰੀਆਂ ਦੇ ਬੈਂਕ ਖਾਤਿਆਂ ਵਿੱਚ ਕਿਸੇ ਤਕਨੀਕੀ ਗਲਤੀ ਕਰ ਕੇ ਦੋ-ਦੋ ਮਹੀਨਿਆਂ ਦੀਆਂ ਤਨਖਾਹਾਂ ਜਮ੍ਹਾ ਹੋ ਗਈਆਂ ਸਨ| ਜਿਸ ਤੋਂ ਬਾਅਦ ਹੁਣ ਆਰ.ਬੀ.ਆਈ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚੋਂ ਤਨਖਾਹਾਂ ਰਿਵਰਟ ਮਾਰ ਲਈਆਂ ਗਈਆਂ ਹਨ| ਜਿਹੜੇ ਖਾਤਿਆਂ ਵਿੱਚ ਤਨਖਾਹਾਂ ਦੁੱਗਣੀਆਂ ਗਈਆਂ ਸਨ, ਉਨ੍ਹਾਂ ਦੇ ਖਾਤਿਆਂ ਵਿੱਚੋਂ ਤਾ ਤਨਖਾਹਾਂ ਵਾਪਸ ਲੈਣਾ ਜਾਇਜ ਹੈ ਪਰ ਜਿਹੜੇ ਕਰਮਚਾਰੀਆਂ ਦੇ ਖਾਤਿਆਂ ਵਿੱਚ ਤਕਨੀਕੀ ਨੁਕਸ ਕਾਰਨ ਦੋ ਵਾਰ ਤਨਖਾਹ ਨਹੀਂ ਗਈ ਸੀ, ਉਨ੍ਹਾਂ ਦੀਆਂ ਸਿੰਗਲ ਐਂਟਰੀ ਵਾਲੀਆਂ ਤਨਖਾਹਾਂ ਵੀ ਸਰਕਾਰ ਨੇ ਖਾਤਿਆਂ ਵਿੱਚੋਂ ਖਿੱਚ ਲਈਆਂ ਹਨ|
ਡੀ ਸੀ ਦਫਤਰ ਇੰਪਲਾਈਜ ਯੂਨੀਅਨ ਪੰਜਾਬ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਅਤੇ ਜਿਲ੍ਹਾ ਐਸ ਏ ਐਸ ਨਗਰ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਕਾਰਨ ਜਿੱਥੇ ਮੁਲਾਜਮ ਆਪਣੇ ਹੀ ਖਾਤਿਆਂ ਵਿੱਚ ਪਈ ਰਕਮ ਕਢਵਾਉਣ ਤੋਂ ਅਸਮਰਥ ਹੋ ਗਏ ਹਨ ਉੱਥੇ ਦਿਵਾਲੀ ਦਾ ਮੌਸਮ ਸਿਰ ਤੇ ਹੋਣ ਕਾਰਨ ਉਹਨਾਂ ਲਈ ਤਿਉਹਾਰਾਂ ਮੌਕੇ ਕੀਤੀ ਜਾਣ ਵਾਲੀ ਖਰੀਦ ਅਤੇ ਹੋਰਨਾਂ ਖਰਚਿਆਂ ਤੇ ਵੀ ਰੋਕ ਲੱਗ ਗਈ ਹੈ ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਦਿਵਾਲੀ ਦੇ ਤਿਉਹਾਰ ਮੌਕੇ ਹੋਰਨਾਂ ਲੋਕਾਂ ਵਾਂਗ ਸਰਕਾਰੀ ਮੁਲਾਜਮਾਂ ਨੇ ਤਿਉਹਾਰ ਮਨਾਉਣ ਲਈ ਸਾਮਾਨ ਖਰੀਦਣਾ ਹੁੰਦਾ ਹੈ ਅਤੇ ਉਹਨਾਂ ਨੂੰ ਵੀ ਪੈਸੇ ਦੀ ਲੋੜ ਪੈਂਦੀ ਹੈ ਪਰੰਤੂ ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜਮਾਂ ਦੇ ਤਨਖਾਹ ਵਾਲੇ ਬੈਂਕ ਖਾਤੇ ਹੀ ਸੀਲ ਕਰਵਾਏ ਜਾਣ ਕਾਰਨ ਮੁਲਾਜਮ ਆਪਣੇ ਜਰੂਰੀ ਖਰਚੇ ਕਰਨ ਤੋਂ ਵੀ ਅਸਮਰਥ ਹੋ ਗਏ ਹਨ| ਉਹਨਾਂ ਕਿਹਾ ਕਿ ਪਹਿਲਾਂ ਤਾਂ ਸਾਫਟਵੇਅਰ ਦੀ ਖਰਾਬੀ ਕਾਰਨ ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜਮਾਂ ਦੇ ਖਾਤਿਆਂ ਵਿੱਚ ਤਨਖਾਹ ਦੀ ਰਕਮ ਤੋਂ ਵੱਧ ਰਕਮ ਜਮਾਂ ਕਰ ਦਿੱਤੀ ਗਈ ਅਤੇ ਫਿਰ ਇਸ ਗਲਤੀ ਦਾ ਪਤਾ ਲੱਗਣ ਤੋਂ ਬਾਅਦ ਸਰਕਾਰ ਨੇ ਰਿਜਰਵ ਬੈਂਕ ਕੋਲ ਪੰਹੁਚ ਕਰ ਕੇ ਪੰਜਾਬ ਦੇ ਸਰਕਾਰੀ ਮੁਲਾਜਮਾਂ ਦੇ ਤਨਖਾਹ ਵਾਲੇ ਬਂੈਕ ਖਾਤੇ ਹੀ ਸੀਲ ਕਰਵਾ ਦਿੱਤੇ ਹਨ ਜਿਸ ਕਾਰਨ ਹੁਣ ਸਰਕਾਰੀ ਮੁਲਾਜਮ ਇਹਨਾਂ ਖਾਤਿਆਂ ਵਿਚੋਂ ਕੋਈ ਲੈਣ ਦੇਣ ਕਰਨ ਤੋਂ ਅਸਮਰਥ ਹੋ ਗਏ ਹਨ|
ਉਹਨਾਂ ਕਿਹਾ ਕਿ ਜੇ ਸਰਕਾਰ ਵਲੋਂ ਸਾਫਟ ਵੇਅਰ ਦੀ ਖਰਾਬੀ ਕਾਰਨ ਡਬਲ ਤਨਖਾਹ ਸਰਕਾਰੀ ਮੁਲਾਜਮਾਂ ਦੇ ਖਾਤਿਆਂ ਵਿੱਚ ਜਮਾਂ ਕਰਵਾ ਦਿੱਤੀ ਗਈ ਸੀ ਤਾਂ ਇਸ ਵਿੱਚ ਸਰਕਾਰੀ ਮੁਲਾਜਮਾਂ ਦਾ ਕੋਈ ਕਸੂਰ ਨਹੀਂ ਸੀ ਪਰ ਸਰਕਾਰ ਨੇ ਤਾਂ ਸਰਕਾਰੀ ਮੁਲਾਜਮਾਂ ਦੇ ਬੈਂਕ ਖਾਤੇ ਹੀ ਸੀਲ ਕਰਵਾ ਕੇ ਸਰਕਾਰੀ ਮੁਲਾਜਮਾਂ ਨਾਲ ਧੱਕਾ ਕੀਤਾ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ|
ਉਹਨਾਂ ਮੰਗ ਕੀਤੀ ਕਿ ਸਰਕਾਰੀ ਮੁਲਾਜਮਾਂ ਦੇ ਸੀਲ ਕੀਤੇ ਬਂੈਕ ਖਾਤੇ ਤੁਰੰਤ ਖੋਲੇ ਜਾਣ ਤਾਂ ਕਿ ਸਰਕਾਰੀ ਮੁਲਾਜਮ ਵੀ ਦਿਵਾਲੀ ਦਾ ਤਿਉਹਾਰ ਮਨਾ ਸਕਣ|

Leave a Reply

Your email address will not be published. Required fields are marked *