ਦੁੱਧ ਅਤੇ ਦੁੱਧ ਨਾਲ ਬਣਦੀਆਂ ਵਸਤੂਆਂ ਦੀ ਗੁਣਵੱਤਾ ਜਾਂਚ ਦੇ ਪ੍ਰਬੰਧ ਕਰੇ ਸਰਕਾਰ

ਗਰਮੀ ਦਾ ਮੌਸਮ ਵਧਣ ਲੱਗ ਗਿਆ ਹੈ ਅਤੇ ਹਰ ਸਾਲ ਜਦੋਂ ਗਰਮੀਆਂ ਦੇ ਮੌਸਮ ਦੌਰਾਨ ਗਾਵਾਂ ਮੱਝਾਂ ਦਾ ਦੁੱਧ ਕੁਦਰਤੀ ਰੂਪ ਵਿੱਚ ਘੱਟ ਹੋ ਜਾਂਦਾ ਹੈ ਜਿਸ ਕਾਰਨ ਦੁੱਧ ਦੀ ਉਪਲਬਧਤਾ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਕਾਰਨ ਬਾਜਾਰ ਵਿੱਚ ਵਿਕਣ ਵਾਲੇ ਦੁੱਧ ਅਤੇ ਦੁੱਧ ਨਾਲ ਬਣਨ ਵਾਲੀਆਂ ਵੱਖ ਵੱਖ ਵਸਤੂਆਂ (ਪਨੀਰ, ਮੱਖਣ, ਖੋਆ, ਕ੍ਰੀਮ, ਦਹੀ, ਲੱਸੀ ਆਦਿ) ਦੀ ਸਪਲਾਈ ਵਿੱਚ ਵੀ ਕਾਫੀ ਹੱਦ ਤਕ ਕਮੀ ਆ ਜਾਂਦੀ ਹੈ| ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਦੋਂ ਵੀ ਬਾਜਾਰ ਵਿੱਚ ਦੁੱਧ ਅਤੇ ਉਸ ਨਾਲ ਬਣਦੀਆਂ ਵਸਤੂਆਂ ਦੀ ਮੰਗ ਦੇ ਮੁਕਾਬਲੇ ਉਸਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਉਦੋਂ ਬਾਜਾਰ ਵਿੱਚ ਦੁੱਧ ਅਤੇ ਦੁੱਧ ਨਾਲ ਬਣਨ ਵਾਲੀਆਂ ਮਿਲਾਵਟੀ ਅਤੇ ਨਕਲੀ ਵਸਤੂਆਂ ਦੀ ਸਪਲਾਈ ਵੀ ਕਾਫੀ ਵੱਧ ਜਾਂਦੀ ਹੈ|
ਸਾਡੇ ਦੇਸ਼ ਵਿੱਚ ਨਕਲੀ ਅਤੇ ਸਿੰਥੈਟਿਕ ਦੁੱਧ ਤਿਆਰ ਕਰਕੇ ਬਾਜਾਰ ਵਿੱਚ ਵੇਚੇ ਜਾਣ ਦੀਆਂ ਖਬਰਾਂ ਆਮ ਹਨ| ਇਸ ਸੰਬੰਧੀ ਸਮੇਂ ਸਮੇਂ ਤੇ ਵੱਖ ਵੱਖ ਟੀ. ਵੀ. ਚੈਨਲਾਂ ਉੱਪਰ ਮੁਨਾਫਾਖੋਰਾਂ ਵਲੋਂ ਵੱਖ ਵੱਖ ਕੈਮੀਕਲਾਂ ਦੀ ਮਦਦ ਨਾਲ ਦੁੱਧ ਅਤੇ ਦੁੱਧ ਨਾਲ ਬਣਨ ਵਾਲੇ ਹੋਰ ਉਤਪਾਦਾਂ ਦੇ ਨਕਲੀ ਉਤਪਾਦਨ ਅਤੇ ਬਾਜਾਰ ਵਿੱਚ ਚਲ ਰਹੀ ਇਹਨਾਂ ਉਤਪਾਦਾਂ ਦੀ ਵਿਕਰੀ ਸੰਬੰਧੀ ਸਮੇਂ ਸਮੇਂ ਤੇ ਵੱਖੋ ਵੱਖਰੀਆ ਰਿਪੋਰਟਾਂ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਵੇਖਣ ਤੋਂ ਬਾਅਦ ਆਮ ਆਦਮੀ ਦੀ ਦੁੱਧ ਜਾਂ ਉਸਤੋਂ ਬਣਨ ਵਾਲੇ ਉਤਪਾਦਾਂ ਨੂੰ ਖਰੀਦਣ ਜਾਂ ਆਪਣੇ ਬੱਚਿਆਂ ਨੂੰ ਖਿਲਾਉਣ ਦੀ ਹਿੰਮਤ ਹੀ ਨਹੀਂ ਪੈਂਦੀ| ਇਹਨਾਂ ਰਿਪੋਰਟਾਂ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹਨ ਕਿ ਪੂਰੇ ਦੇਸ਼ ਵਿੱਚ ਨਕਲੀ ਦੁੱਧ ਅਤੇ ਦੁੱਧ ਦੇ ਨਕਲੀ ਉਤਪਾਦਾਂ ਦੀ ਵਿਕਰੀ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੀ ਜਾਂਦੀ ਹੈ|
ਬਾਜਾਰਾਂ ਵਿੱਚ ਵਿਕਣ ਵਾਲਾ ਖਾਣ ਪੀਣ ਦਾ ਅਜਿਹਾ ਮਿਲਾਵਟੀ ਜਾਂ ਨਕਲੀ ਸਾਮਾਨ ਆਮ ਲੋਕਾਂ ਦੀ ਸਿਹਤ ਉੱਪਰ ਬਹੁਤ ਜਿਆਦਾ ਮਾਰੂ ਅਸਰ ਪਾਉਂਦਾ ਹੈ| ਬਾਜਾਰ ਵਿੱਚ ਵਿਕਣ ਵਾਲਾ ਇਹ ਸਿੰਥੈਟਿਕ ਜਾਂ ਨਕਲੀ ਦੁੱਧ ਅਤੇ ਦੁੱਧ ਦੇ ਨਕਲੀ ਉਤਪਾਦ ਆਮ ਲੋਕਾਂ ਲਈ ਅਜਿਹਾ ਹਲਕਾ ਜਹਿਰ ਹਨ, ਜਿਹੜੇ ਉਹਨਾਂ ਦੇ ਪੂਰੇ ਪਰਿਵਾਰ ਦੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਸਾਬਿਤ ਹੋ ਸਕਦੇ ਹਨ| ਪਰੰਤੂ ਇਸਦੇ ਬਾਵਜੂਦ ਆਮ ਆਦਮੀ ਨੂੰ ਆਪਣੀਆਂ ਰੋਜਾਨਾਂ ਲੋੜਾਂ ਲਈ ਬਾਜਾਰ ਤੋਂ ਇਹ ਸਾਰਾ ਕੁੱਝ ਖਰੀਦਣਾ ਹੀ ਪੈਂਦਾ ਹੈ ਅਤੇ ਉਸ ਕੋਲ ਇਹ ਪਰਖਣ ਦਾ ਕੋਈ ਮੌਕਾ ਨਹੀਂ ਹੁੰਦਾ ਕਿ ਆਪਣੇ ਪਰਿਵਾਰ ਨੂੰ ਸਿਹਤਮੰਦ ਰੱਖਣ ਲਈ ਉਹ ਜਿਹੜਾ ਸਾਮਾਨ ਖਰੀਦ ਰਿਹਾ ਹੈ ਉਹ ਅਸਲੀ ਹੈ ਜਾਂ ਫਿਰ ਨਕਲੀ ਸਾਮਨ ਦੇ ਰੂਪ ਵਿੱਚ ਉਹ ਆਪਣੇ ਅਤੇ ਆਪਣੇ ਪਰਿਵਾਰ ਲਈ ਹਲਕਾ ਜਹਿਰ ਖਰੀਦ ਰਿਹਾ ਹੈ|
ਇਸ ਸੰਬੰਧੀ ਸੂਬੇ ਦੇ ਡੇਅਰੀ ਵਿਕਾਸ ਵਿਭਾਗ ਵਲੋਂ ਭਾਵੇਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੇ ਵਸਨੀਕਾਂ ਨੂੰ ਸਪਲਾਈ ਹੋਣ ਵਾਲੇ ਦੁੱਧ ਦੀ ਗੁਣਵਤਾ ਦੀ ਜਾਂਚ ਕਰਨ ਅਤੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਜਾਂਚ ਕੈਂਪ ਆਯੋਜਿਤ ਕੀਤੇ ਜਾਂਦੇ ਹਨ ਜਿਹਨਾਂ ਵਿੱਚ ਆਮ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੁੰਦੇ ਦੁੱਧ ਦੀ ਵਿਗਿਆਨਿਕ ਤਰੀਕੇ ਨਾਲ ਜਾਂਚ ਕੀਤੀ ਜਾਂਦੀ ਹੈ ਪਰੰਤੂ ਇਹ ਕੈਂਪ ਸਿਰਫ ਦੁੱਧ ਦੀ ਜਾਂਚ ਤਕ ਹੀ ਸੀਮਿਤ ਹਨ| ਸ਼ਹਿਰ ਵਿੱਚ ਦੁੱਧ ਅਤੇ ਇਸ ਤੋਂ ਬਣਨ ਵਾਲੇ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਰੋਕਣ ਦੀ ਜਿੰਮੇਵਾਰੀ ਨਿਭਾਉਣ ਵਾਲੇ ਸਿਹਤ ਵਿਭਾਗ ਵਲੋਂ ਇਹਨਾਂ ਪਦਾਰਥਾਂ ਦੀ ਜਾਂਚ ਲਈ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਕੋਈ ਵੀ ਸਪਸ਼ਟ ਤੌਰ ਤੇ ਇਹ ਨਹੀਂ ਦੱਸ ਸਕਦਾ ਕਿ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਦੀਆਂ ਦੁਕਾਨਾਂ ਤੇ ਖੁੱਲੇਆਮ ਵਿਕਣ ਵਾਲਾ ਦੁੱਧ ਅਤੇ ਦੁੱਧ ਤੋਂ ਬਣਿਆ ਹੋਰ ਸਾਮਾਨ ਲੋਕਾਂ ਦੀ ਸਿਹਤ ਦਾ ਕਿੰਨਾ ਕੁ ਨੁਕਸਾਨ ਕਰ ਰਿਹਾ ਹੈ|
ਪੰਜਾਬ ਦੀ ਸੱਤਾ ਸੰਭਾਲਣ ਵਾਲੀ ਨਵੀਂ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ ਅਤੇ ਦੁੱਧ ਅਤੇ ਦੁੱਧ ਨਾਲ ਬਣਦੀਆਂ ਵਸਤੂਆਂ ਦੀ ਗੁਣਵਤਾ ਜਾਂਚ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ| ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਹਰ ਸੰਭਵ ਕਾਰਵਾਈ ਕੀਤੀ ਜਾਣੀ ਚਾਹਦੀ ਹੈ| ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਸੰਬੰਧੀ ਸਰਕਾਰ ਵਲੋਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀ ਸਿਹਤ ਤੇ ਮੰਡਰਾ ਰਹੇ ਇਸ ਖਤਰੇ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *