ਦੁੱਧ ਉਤਪਾਦਕਾਂ ਵਲੋਂ ਵੇਰਕਾ ਮਿਲਕ ਪਲਾਂਟ ਦਾ ਘਿਰਾਓ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਪਿੰਡਾਂ ਦੀਆਂ ਦੁੱਧ ਉਤਪਾਦਕ ਸੁਸਾਇਟੀਆਂ ਦਾ ਸਾਰਾ ਕਾਰੋਬਾਰ ਆਨਲਾਈਨ ਕਰਨ ਵਿਰੁੱਧ ਅੱਜ ਨੌਜਵਾਨ ਸਭਾ ਤੇ ਪੰਜਾਬ ਰਾਜ ਦੁੱਧ ਉਤਪਾਦਕ ਯੂਨੀਅਨ ਵਲੋਂ ਵੇਰਕਾ ਮਿਲਕ ਪਲਾਂਟ ਦਾ ਘਿਰਾਓ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਆਗੂ ਜਗਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਗੜ੍ਹੀ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਪਿੰਡਾਂ ਦੀਆਂ ਦੁੱਧ ਉਤਪਾਦਕ ਸੁਸਾਇਟੀਆਂ ਦਾ ਸਾਰਾ ਕਾਰੋਬਾਰ ਆਨਲਾਈਨ ਕੀਤਾ ਜਾ ਰਿਹਾ ਹੈ| ਜਿਸ ਤਹਿਤ ਦੁਧ ਉਤਪਾਦਕਾਂ ਲਈ ਬੇਲੋੜੀਆਂ ਸ਼ਰਤਾਂ ਰੱਖੀਆਂ ਗਈਆਂ ਹਨ ਕਿ ਗਾਵਾਂ ਦੇ ਦੁੱਧ ਦੀ ਫੈਟ 3.3 ਤੋਂ ਲੈ ਕੇ 4.5 ਤਕ ਹੋਣੀ ਚਾਹੀਦੀ ਹੈ| ਇਸੇ ਤਰਾਂ ਮੱਝਾਂ ਦੇ ਦੁੱਧ ਦੀ ਫੈਟ 5.5 ਤੋਂ ਲੈ ਕੇ 10.0 ਤਕ ਹੋਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਇਹ ਹਦਾਇਤਾਂ ਦਿਤੀਆਂ ਜਾ ਰਹੀਆਂ ਹਨ ਕਿ ਜੋ ਦੁੱਧ ਉਕਤ ਮਾਪਦੰਡ ਅਨੁਸਾਰ ਨਹੀਂ ਆਵੇਗਾ ਉਹ ਲਿਆ ਨਹੀਂ ਜਾਵੇਗਾ|
ਉਹਨਾਂ ਕਿਹਾ ਕਿ ਜੇ ਇਹ ਮਾਪਦੰਡ ਜਬਰਦਸਤੀ ਲਾਗੂ ਕੀਤਾ ਗਿਆ ਤਾਂ ਮੁਹਾਲੀ ਇਲਾਕੇ ਦੇ 70 ਫੀਸਦੀ ਦੁੱਧ ਉਤਪਾਦਕਾਂ ਦਾ ਦੁੱਧ ਇਸ ਮਾਪਦੰਡ ਅਧੀਨ ਨਹੀਂ ਆਵੇਗਾ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੇਰਕਾ ਪਲਾਂਟ ਦੇ ਪ੍ਰਬੰਧਕਾਂ ਦੇ ਕਹਿਣ ਤੇ ਐਚ ਐਫ ਨਸਲ ਦੀਆਂ ਗਾਵਾਂ ਖਰੀਦੀਆਂ ਹੋਈਆਂ ਹਨ| ਇਹਨਾਂ ਗਾਵਾਂ ਦੇ ਦੁੱਧ ਵਧ ਹੋਣ ਕਰਕੇ ਫੈਟ ਘੱਟ ਹੈ| ਉਹਨਾਂ ਮੰਗ ਕੀਤੀ ਕਿ ਵੇਰਕਾ ਮਿਲਕ ਪਲਾਂਟ ਮੁਹਾਲੀ ਵਲੋਂ ਦੁੱਧ ਉਤਪਾਦਕਾਂ ਦਾ ਆਨਲਾਈਨ ਕਾਰੋਬਾਰ ਬੰਦ ਕੀਤਾ ਜਾਵੇ ਅਤੇ ਦੁੱਧ ਦੀ ਫੈਟ ਸਬੰਧੀ ਨਵਾਂ ਮਾਪਦੰਡ ਨਾ ਅਪਨਾਇਆ ਜਾਵੇ| ਉਹਨਾਂ ਚਿਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੇਰਕਾ ਮਿਲਕ ਪਲਾਂਟ ਮੁਹਾਲੀ ਅੱਗੇ ਦਿਨ ਰਾਤ ਦਾ ਧਰਨਾ ਲਗਾਇਆ ਜਾਵੇਗਾ| ਇਸ ਮੌਕੇ ਵਿੱਕੀ,ਰਿੰਕੂ, ਬੀਰ ਸਿੰਘ, ਸਤਵੀਰ ਵੀ ਮੌਜੂਦ ਸਨ|

Leave a Reply

Your email address will not be published. Required fields are marked *