ਦੁੱਧ ਉਤਪਾਦਕ ਵਿਚੋਲਿਆਂ ਨੂੰ ਛੱਡ ਕੇ ਦੁੱਧ ਸਿੱਧਾ ਖਪਤਕਾਰਾਂ ਨੂੰ ਸਪਲਾਈ ਕਰਨ: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 25 ਸਤੰਬਰ (ਸ.ਬ.) ਦੁੱਧ ਉਤਪਾਦਕਾਂ ਨੂੰ ਸਮੇਂ ਦੇ ਹਾਣ ਦਾ ਬਣਕੇ ਦੁੱਧ ਸਿੱਧਾ ਹੀ ਖਪਤਕਾਰਾਂ ਨੂੰ ਵੇਚਣਾ ਚਾਹੀਦਾ ਹੈ| ਸਰਕਾਰ ਵੱਲੋਂ ਦੁੱਧ ਉਦਪਾਦਕਾਂ ਨੂੰ ਇਸ ਕਾਰਜ ਲਈ ਉਤਸ਼ਾਹਿਤ ਕਰਨ ਲਈ ਲੋੜੀਂਦੇ ਸਾਜੋ ਸਮਾਨ ਦੀ ਖ਼ਰੀਦ ਲਈ 4 ਲੱਖ ਰੁਪਏ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ| ਇਹ ਗੱਲ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਕ ਬਿਆਨ ਵਿੱਚ ਆਖੀ| ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਸਹੀ ਮੁੱਲ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਜਦੋਂਕਿ ਖਪਤਕਾਰ ਸਾਫ਼ ਸੁਥਰੇ ਤੇ ਭਰੋਸੇਯੋਗ ਦੁੱਧ ਲਈ ਤਰਸ ਰਿਹਾ ਹੈ| ਉਨ੍ਹਾਂ ਕਿਹਾ ਕਿ ਸ਼ਹਿਰਾਂ ਨੇੜੇ ਸਥਾਪਿਤ ਡੇਅਰੀ ਫਾਰਮਰਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਆਪਣਾ ਦੁੱਧ ਨਜ਼ਦੀਕੀ ਸ਼ਹਿਰ ਵਿੱਚ ਖਪਤਕਾਰਾਂ ਨੂੰ ਸਿੱਧੇ ਤੌਰ ਤੇ ਵੇਚਣ|
ਉਨ੍ਹਾਂ ਦੱਸਿਆ ਕਿ ਉਤਪਾਦਕ, ਖ਼ਪਤਕਾਰਾਂ ਨੂੰ ਸਿੱਧਾ ਦੁੱਧ ਵੇਚ ਕੇ 10 ਤੋਂ 12 ਰੁਪਏ ਪ੍ਰਤੀ ਲੀਟਰ ਵੱਧ ਕਮਾ ਸਕਦੇ ਹਨ ਅਤੇ ਦੂਜੇ ਪਾਸੇ ਖ਼ਪਤਕਾਰ ਨੂੰ ਸ਼ੁੱਧ ਅਤੇ ਤਸੱਲੀਬਖ਼ਸ਼ ਦੁੱਧ ਪ੍ਰਾਪਤ ਹੋ ਸਕੇਗਾ| ਉਨ੍ਹਾਂ ਕਿਹਾ ਦੋਨੋਂ ਧਿਰਾਂ ਲਈ ਇਹ ਫਾਇਦੇ ਵਾਲੀ ਤਜਵੀਜ਼ ਹੈ ਅਤੇ ਇਸਨੂੰ ਦੁੱਧ ਉਤਪਾਦਕਾਂ ਨੂੰ ਅਪਣਾਉਣਾ ਚਾਹੀਦਾ ਹੈ|
ਇਸ ਮੌਕੇ ਸ. ਇੰਦਰਜੀਤ ਸਿੰਘ, ਡਾਇਰੈਕਟਰ, ਡੇਅਰੀ ਵਿਕਾਸ ਨੇ ਦੱਸਿਆ ਕਿ ਦੁੱਧ ਦੇ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਦੇ ਪ੍ਰੋਗਰਾਮ ਅਧੀਨ ਇਸ ਕਾਰਜ ਲਈ ਲੋੜੀਂਦੇ ਸਾਜੋ ਸਮਾਨ ਦੀ ਖਰੀਦ ਤੇ 4 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਇਸ ਸਾਜੋ ਸਮਾਨ ਵਿੱਚ ਪਿੰਡ ਪੱਧਰ ਤੇ ਦੁੱਧ ਠੰਡਾ ਕਰਨ ਲਈ ਇੱਕ 500 ਲੀਟਰ ਸਮਰੱਥਾ ਵਾਲਾ ਬਲਕ ਮਿਲਕ ਕੂਲਰ, ਸਟੇਨਲੈਸ ਸਟੀਲ 304 ਦੀ ਡਬਲ ਜੈਕਟਿਡ 500 ਲੀਟਰ ਸਮਰੱਥਾ ਵਾਲੀ ਟੈਂਕੀ, ਆਟੋਮੈਟਿਕ ਦੁੱਧ ਡਿਸਪੈਂਸਿੰਗ ਯੂਨਿਟ ਅਤੇ ਦੁੱਧ ਦੀ ਟੈਂਕੀ ਯੋਗ ਇੱਕ ਛੋਟੀ ਗੱਡੀ ਸ਼ਾਮਲ ਹਨ| ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਕੀਮਤ ਲਗਭਗ 9 ਲੱਖ ਰੁਪਏ ਬਣਦੀ ਹੈ, ਜਿਸ ਵਿੱਚੋਂ 4 ਲੱਖ ਰੁਪਏ ਬੈਕ ਐਡਿਡ ਸਬਸਿਡੀ ਦਿੱਤੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਲਾਭਪਾਤਰੀ ਇਕੱਲਾ ਦੁੱਧ ਉਤਪਾਦਕ ਜਾਂ ਮਿਲਕ ਪ੍ਰੋਡਿਊਸਰ ਕੰਪਨੀ ਜਾਂ ਸੈਲਫ ਹੈਲਪ ਗਰੁੱਪ ਹੋ ਸਕਦਾ ਹੈ| ਉਨ੍ਹਾਂ ਦੱਸਿਆ ਕਿ ਇਹ ਸਕੀਮ ਦੁੱਧ ਉਤਪਾਦਕਾਂ ਲਈ ਲਾਹੇਵੰਦ ਹੈ, ਜਿਨ੍ਹਾਂ ਕੋਲ ਥੋੜ੍ਹੇ ਦੁਧਾਰੂ ਪਸ਼ੂ ਹਨ ਅਤੇ ਇਕੱਲਿਆਂ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਨਹੀਂ ਹਨ, ਉਹ ਆਪਸ ਵਿੱਚ ਮਿਲ ਕੇ ਇਸ ਸਕੀਮ ਦਾ ਲਾਭ ਅਤੇ ਵੱਧ ਤੋਂ ਵੱਧ ਮੁਨਾਫ਼ਾ ਜਾਵੇਗਾ|

Leave a Reply

Your email address will not be published. Required fields are marked *