ਦੂਸ਼ਿਤ ਪਾਣੀ ਕਾਰਣ ਹੁੰਦੀਆਂ ਬਿਮਾਰੀਆਂ ਤੋਂ ਬਚਾਉ ਲਈ ਲੋੜੀਂਦੀ ਕਾਰਵਾਈ ਕਰੇ ਪ੍ਰਸ਼ਾਸ਼ਨ

ਮੌਨਸੂਨ ਦਾ ਮੌਸਮ ਆਉਣ ਵਾਲਾ ਹੈ ਅਤੇ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਮਾਨਸੂਨ ਦੀ ਆਮਦ ਵੀ ਹੋ ਚੁੱਕੀ ਹੈ| ਛੇਤੀ ਹੀ ਇਹ ਪੰਜਾਬ ਵਿੱਚ ਵੀ ਪਹੁੰਚ ਜਾਣਾ ਹੈ| ਬਰਸਾਤਾਂ ਦੇ ਇਸ ਮੌਸਮ ਵਿੱਚ ਥਾਂ ਥਾਂ ਖੜ੍ਹਦੇ ਗੰਦੇ ਪਾਣੀ ਦੀ ਸਮੱਸਿਆ ਆਮ ਹੁੰਦੀ ਹੈ ਅਤੇ ਪੀਣ ਵਾਲੇ ਪਾਣੀ ਦੀਆਂ ਸਪਲਾਈ ਲਾਈਨਾਂ ਵਿੱਚ ਹੋਣ ਵਾਲੀ ਲੀਕੇਜ ਦੀ ਸਮੱਸਿਆ ਕਾਰਨ ਇਸ ਮੌਸਮ ਵਿੱਚ ਪਾਣੀ ਦੇ ਦੂਸ਼ਿਤ ਹੋਣ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ| ਇਸਦੇ ਨਾਲ ਹੀ ਅਜਿਹੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਕਾਫੀ ਜਿਆਦਾ ਵੱਧ ਜਾਂਦਾ ਹੈ ਜਿੱਥੇ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਦੇ ਪ੍ਰਬੰਧਾਂ ਦੀ ਘਾਟ ਕਾਰਣ ਆਮ ਲੋਕਾਂ ਨੂੰ ਹੈਂਡਪੰਪਾਂ ਦਾ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ|
ਪਿਛਲਾ ਤਜਰਬਾ ਇਹ ਦੱਸਦਾ ਹੈ ਕਿ ਹਰ ਸਾਲ ਹੀ ਸ਼ਹਿਰ ਦੀਆਂ ਝੁੱਗੀ ਕਾਲੋਨੀਆਂ ਵਿੱਚ ਇਸ ਮੌਸਮ ਵਿੱਚ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਕੋਪ ਵੇਖਣ ਵਿੱਚ ਆਉਂਦਾ ਹੈ ਅਤੇ ਅਜਿਹੀ ਕਿਸੇ ਬਿਮਾਰੀ ਦੇ ਫੈਲਣ ਤੋਂ ਬਾਅਦ ਹੀ ਪ੍ਰਸ਼ਾਸ਼ਨ ਦਾ ਅਮਲਾ ਫੈਲਾ ਹਰਕਤ ਵਿੱਚ ਆਉਂਦਾ ਹੈ| ਪਿਛਲੇ ਸਾਲ ਵੀ ਸ਼ਹਿਰ ਵਿੱਚ ਦੂਸ਼ਿਤ ਪਾਣੀ ਕਾਰਣ ਫੈਲਣ ਵਾਲੀਆਂ ਇਹ ਬਿਮਾਰੀਆਂ ਆਪਣਾ ਅਸਰ ਵਿਖਾ ਚੁੱਕੀਆਂ ਹਨ ਅਤੇ ਪਿੰਡ ਬਲੌਂਗੀ ਸਮੇਤ ਹੋਰਨਾਂ ਝੁੱਗੀਆਂ ਕਾਲੋਨੀਆਂ ਵਿੱਚ ਰਹਿੰਦੇ ਵੱਡੀ ਗਿਣਤੀ ਵਿਅਕਤੀ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਬਣ ਚੁੱਕੇ ਹਨ| ਜਿੱਥੋਂ ਤਕ ਇਸ ਸੰਬੰਧੀ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਹਾਲਤ ਹੈ ਤਾਂ ਉਸ ਵਲੋਂ ਬਿਮਾਰੀ ਫੈਲਣ ਤੋਂ ਬਾਅਦ ਇਹਨਾਂ ਕਾਲੋਨੀਆਂ ਵਿੱਚ ਜਾ ਕੇ ਪੀੜਿਤਾਂ ਦਾ ਇਲਾਜ ਜਰੂਰ ਕੀਤਾ ਜਾਂਦਾ ਹੈ ਪਰੰਤੂ ਚਾਹੀਦਾ ਤਾਂ ਇਹ ਹੈ ਕਿ ‘ਬਿਮਾਰੀ ਨਾਲੋਂ ਪਰਹੇਜ ਬਿਹਤਰ’ ਦੀ ਗੱਲ ਤੇ ਅਮਲ ਕਰਦਿਆਂ ਪ੍ਰਸ਼ਾਸ਼ਨ ਵਲੋਂ ਪਹਿਲਾਂ ਤੋਂ ਹੀ ਦੂਸ਼ਿਤ ਪਾਣੀ ਕਾਰਣ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉ ਲਈ ਕਦਮ ਚੁੱਕੇ ਜਾਣ|
ਬਰਸਾਤ ਦੇ ਮੌਸਮ ਵਿੱਚ ਪੈਣ ਵਾਲੀ ਹੁੰਮਸ ਭਰੀ ਗਰਮੀ ਵਿੱਚ ਵੈਸੇ ਹੀ ਲੋਕਾਂ ਦੀ ਬਿਮਾਰੀਆਂ ਨਾਲ ਲੜਣ ਦੀ ਅੰਦਰੂਨੀ ਤਾਕਤ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਉਹ ਬੜੀ ਆਸਾਨੀ ਨਾਲ ਕਿਸੇ ਵੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹਨ| ਅਜਿਹੇ ਵਿੱਚ ਸਭ ਤੋਂ ਜਿਆਦਾ ਖਤਰਾ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਦਾ ਹੀ ਹੁੰਦਾ ਹੈ| ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੇ ਵਸਨੀਕਾਂ ਨੂੰ ਤਾਂ ਫਿਰ ਵੀ ਪ੍ਰਸ਼ਾਸ਼ਨ ਵਲੋਂ ਪੀਣ ਵਾਲਾ ਸਾਫ ਪਾਣੀ ਸਪਲਾਈ ਹੁੰਦਾ ਹੈ ਜਾਂ ਉਹਨਾਂ ਨੇ ਆਪਣੇ ਘਰਾਂ ਵਿੱਚ ਆਰ ਉ ਲਗਵਾਏ ਹੋਏ ਹਨ ਪਰੰਤੂ ਸ਼ਹਿਰ ਦੇ ਬਾਹਰਵਾਰ ਉਸਾਰੀਆਂ ਗਈਆਂ ਝੁੱਗੀ ਝੌਪੜੀ ਕਾਲੋਨੀਆਂ ਵਿੱਚ (ਜਿੱਥੇ ਗੰਦਗੀ ਦੀ ਭਰਮਾਰ ਅਤੇ ਥਾਂ ਥਾਂ ਤੇ ਗੰਦੇ ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਕਾਰਣ ਹਰ ਵੇਲੇ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ) ਦੇ ਵਸਨੀਕ ਆਪਣੀ ਪੀਣ ਵਾਲੇ ਪਾਣੀ ਦੀ ਰੋਜਾਨਾ ਜਰੂਰਤ ਲਈ ਹੈਂਡਪੰਪਾਂ ਤੇ ਹੀ ਨਿਰਭਰ ਕਰਦੇ ਹਨ| ਇਹਨਾਂ ਕਾਲੋਨੀਆਂ ਵਿੱਚ ਲੱਗੇ ਹੈਂਡ ਪੰਪਾਂ ਦਾ ਪਾਣੀ ਪਹਿਲਾਂ ਹੀ ਆਮ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਕਰਾਰ ਦਿੱਤਾ ਜਾ ਚੁੱਕਿਆ ਹੈ ਅਤੇ ਇਹਨਾਂ ਕਾਲੋਨੀਆਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਅਤੇ ਗੰਦਗੀ ਦੀ ਭਰਮਾਰ ਕਾਰਣ ਇਹ ਪਾਣੀ ਹੋਰ ਵੀ ਗੰਧਲਾ ਹੋ ਜਾਂਦਾ ਹੈ ਜਿਸ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੇ ਇਹਨਾਂ ਖੇਤਰਾਂ ਦੇ ਵਸਨੀਕਾਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਉਣ ਲਈ ਅਗਾਉਂ ਪ੍ਰਬੰਧ ਕਰੇ ਅਤੇ ਲੋਕਾਂ ਨੂੰ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉ ਲਈ ਲੋੜੀਂਦੀਆਂ ਦਵਾਈਆਂ ਵੰਡੀਆਂ ਜਾਣ| ਇਸਦੇ ਨਾਲ ਨਾਲ ਅਜਿਹੀਆਂ ਥਾਵਾਂ ਤੇ ਰਹਿਣ ਵਾਲੇ ਲੋਕਾਂ ਲਈ ਪੀਣ ਵਾਲੇ ਸਾਫ ਅਤੇ ਕੀਟਾਣੂੰ ਰਹਿਤ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਵਲੋਂ ਟੈਂਕਰਾਂ ਰਾਂਹੀ ਪਾਣੀ ਸਪਲਾਈ ਕੀਤਾ ਜਾਣਾ ਚਾਹੀਦਾ ਹੈ| ਪਿਛਲੇ ਸਾਲ ਵੀ ਪ੍ਰਸ਼ਾਸ਼ਨ ਵਲੋਂ ਪਹਿਲਾਂ ਲੋੜੀਂਦੇ ਕਦਮ ਨਾ ਚੁੱਕੇ ਜਾਣ ਕਾਰਣ ਹੈਜਾ, ਅੰਤੜੀਆਂ ਦੀ ਬਿਮਾਰੀ ਅਤੇ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਸਾਮ੍ਹਣੇ ਆਏ ਸੀ ਅਤੇ ਉਸਤੋਂ ਬਾਅਦ ਹੀ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਸੀ ਅਤੇ ਪ੍ਰਸ਼ਾਸ਼ਨ ਵਲੋਂ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਕਾਰਣ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *