ਦੇਰ ਰਾਤ ਤਕ ਖੁੱਲੇ ਠੇਕੇ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਤੇ ਹੱਮਲਾ ਕਰਨ ਵਾਲੇ ਸ਼ਰਾਬ ਠੇਕੇਦਾਰਾਂ ਤੇ ਮਾਮਲਾ ਦਰਜ

ਐਸ ਏ ਐਸ ਨਗਰ, 27 ਅਗਸਤ (ਸ.ਬ.) ਬੀਤੀ ਦੇਰ ਰਾਤ ਸਥਾਨਕ             ਫੇਜ਼ 3 ਬੀ 2 ਦੀ ਮਾਰਕੀਟ ਵਿਚਲੇ ਸ਼ੋਰੂਮਾਂ ਵਿੱਚ ਸਥਿਤ ਸ਼ਰਾਬ ਦੇ ਠੇਕੇ ਦੇ ਖੁੱਲਾ ਹੋਣ ਤੇ ਇਸਦੀ ਲਾਈ ਕਵਰੇਜ ਕਰ ਰਹੇ ਇੱਕ ਟੀ ਵੀ ਚੈਨਲ ਦੇ ਪੱਤਰਕਾਰ ਤੇ ਹਮਲਾ ਕਰਨ ਵਾਲੇ ਸ਼ਰਾਬ ਠੇਕੇ ਦੇ ਦੋ ਵਿਅਕਤੀਆਂ ਦੇ ਖਿਲਾਫ ਪੁਲੀਸ ਵਲੋਂ ਆਈ ਪੀ ਸੀ ਦੀ ਧਾਰਾ 323, 506, 188, 269, 270 ਅਤੇ ਡਿਜਾਜਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| 
ਜਿਕਰਯੋਗ ਹੈ ਸ਼ਹਿਰ ਵਿੱਚ ਦੇਰ ਰਾਤ ਤਕ ਖੁੱਲਦੇ ਸ਼ਰਾਬ ਦੇ ਠੇਕਿਆਂ ਦੀ ਲਾਈਵ ਕਵਰੇਜ ਕਰ ਰਹੇ ਇੱਕ ਟੀ ਵੀ ਚੈਨਲ ਦੇ ਪੱਤਰਕਾਰ ਜਤਿੰਦਰ ਸਭਰਵਾਲ ਅਤੇ ਸਤਿੰਦਰ ਸਭਰਵਾਲ ਵਲੋਂ ਫੇਜ਼ 3 ਬੀ 2 ਦੇ ਸ਼ੋਰੂਮਾਂ ਵਿੱਚ ਸਥਿਤ ਸ਼ਰਾਬ ਦੇ ਠੇਕੇ ਦੀ ਲਾਈਵ ਕਵਰੇਜ ਕੀਤੀ ਜਾ ਰਹੀ ਸੀ ਜਦੋਂ ਅਚਾਨਕ ਇਸ ਠੇਕੇ ਤੇ ਬੈਠੇ ਦੋ ਵਿਅਕਤੀਆਂ ਵਲੋਂ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਉਹਨਾਂ ਨੂੰ ਹਥਿਆਰਾਂ ਦੀ ਨੋਕ ਤੇ ਧਮਕਾਇਆ ਗਿਆ ਸੀ| ਟੀ ਵੀ ਚੈਨਲ ਵਲੋਂ ਇਹ ਸਾਰੀ ਘਟਨਾ ਲਾਈਵ ਪ੍ਰਸਾਰਿਤ ਕਰ ਦਿੱਤੀ ਗਈ ਸੀ ਅਤੇ ਇਸ ਸੰਬੰਧੀ ਪੱਤਰਕਾਰ ਜਤਿੰਦਰ ਸਭਰਵਾਲ ਵਲੋਂ ਮੌਕੇ ਤੇ ਹੀ ਮੁਹਾਲੀ ਦੇ ਐਸ ਐਸ ਪੀ ਨੂੰ ਫੋਨ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ ਜਿਸਤੋਂ ਬਾਅਦ ਪੁਲੀਸ ਵਲੋਂ ਇਸ ਮਾਮਲੇ ਵਿੱਚ ਜਤਿੰਦਰ ਸਭਰਵਾਲ ਦੀ ਸ਼ਿਕਾਇਤ ਤੇ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ| 
ਜਤਿੰਦਰ ਸਭਰਵਾਲ ਵਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਸੀ ਕਿ ਮੁਹਾਲੀ ਵਿੱਚ ਕਰੋਨਾ ਮਹਾਮਾਰੀ ਕਾਲ ਵਿੱਚ ਸਰਾਬ ਠੇਕੇਦਾਰਾਂ ਵੱਲੋਂ                     ਸਰੇਆਮ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਦਕਿ ਸਰਾਬ ਦੇ ਠੇਕੇ ਬੰਦ ਕਰਨ ਦਾ ਸਮਾਂ ਸ਼ਾਮੀ 6:30 ਵਜੇ ਨਿਰਧਾਰਿਤ ਕੀਤਾ ਗਿਆ ਹੈ ਪਰ ਮੁਹਾਲੀ ਵਿੱਚ ਰਾਤ ਦੇ 10:00 ਵਜੇ ਤੱਕ ਵੀ ਠੇਕੇ ਖੁਲੇ ਹੁੰਦੇ ਹਨ ਜਿਸਦਾ ਰਿਆਲਟੀ ਚੈਕ ਕੀਤਾ ਗਿਆ| 
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਦੌਰਾਨ ਮੁਹਾਲੀ ਦੇ ਫੇਜ਼ 3ਬੀ2 ਵਿੱਚ ਸਥਿਤ ਸਰਾਬ ਦੇ ਠੇਕੇ (ਜਿਹੜਾ ਮੈਸਰਸ ਐਸਟੁਰਟ ਕੁਇੰਕ ਪ੍ਰਾਈਵੇਟ ਲਿਮਟਿਡ ਦੇ ਨਾਮ ਹੈ) ਦੇ ਕਰਿੰਦਿਆਂ ਨੇ ਪੱਤਰਕਾਰਾਂ ਦੀ ਟੀਮ ਉੱਤੇ ਹਮਲਾ ਕਰ ਦਿੱਤਾ| ਇਸ ਦੌਰਾਨ ਇੱਕ ਵਿਅਕਤੀ, ਜਿਸ ਦੀ ਡੱਬ ਵਿੱਚ ਹਥਿਆਰ ਸਨ, ਨੇ ਗੋਲੀ ਮਰਨ ਦੀ ਧਮਕੀ ਦਿੱਤੀ|
ਉਹਨਾਂ ਕਿਹਾ ਕਿ ਬਾਅਦ ਵਿੱਚ ਇਹ ਵਿਅਕਤੀ ਇਨੋਵਾ ਕ੍ਰਿਸਟਾ ਤੇ ਫਰਾਰ ਹੋ ਗਏ| ਜਿਨ੍ਹਾਂ ਨੇ ਹਮਲਾ ਕੀਤਾ ਉਸ ਵਿੱਚੋਂ ਇੱਕ ਨੇ ਟੋਪੀ ਪਾਈ ਹੋਈ ਸੀ ਅਤੇ ਦੂਸਰੇ ਮੋਨੇ ਵਿਅਕਤੀ ਜਿਸਦੇ ਵਾਲਾ ਨੂੰ ਮਹਿੰਦੀ ਰੰਗੇ ਸਨ ਨੇ ਪੂਰੀ ਤਰ੍ਹਾਂ ਮਿੱਥ ਕੇ ਸਾਜਿਸ਼ ਤਹਿਤ ਟੀਮ ਉੱਤੇ ਹਮਲਾ ਕੀਤਾ| ਜਦੋਂ ਉਹ 100 ਨੰਬਰ ਉੱਤੇ ਫੋਨ ਕਰਨ ਲੱਗੇ ਤਾ ਉਹਨਾਂ ਦਾ ਫੋਨ ਵੀ ਫੜ ਕੇ ਸੁੱਟ ਦਿੱਤਾ| 
ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| 

Leave a Reply

Your email address will not be published. Required fields are marked *