ਦੇਸ਼ ਵਾਸਤੇ ਵੱਡਾ ਖਤਰਾ ਹੈ ਲਗਾਤਾਰ ਵੱਧਦਾ ਜਾਤੀਵਾਦ

ਭਾਰਤ ਵਿੱਚ ਵਰਣ ਅਤੇ ਜਾਤੀ ਪ੍ਰਥਾ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇੱਥੇ ਜਾਤੀਵਾਦ ਆਪਣੇ ਪੂਰੇ ਸਿਖਰਾਂ ਉਪਰ ਹੈ| ਕੁੱਝ ਲੋਕਾਂ ਨੂੰ ਆਪਣੀ ਉਚ ਜਾਤੀ ਦਾ ਹੰਕਾਰ ਪਾਗਲਪਣ ਦੀ ਹੱਦ ਤੱਕ ਹੁੰਦਾ ਹੈ| ਜਿਵੇਂ ਕੁੰਝ ਸਮਾਂ ਪਹਿਲਾਂ ਗੁਜਰਾਤ ਦੇ ਭਾਵਨਗਰ ਇਲਾਕੇ ਦੇ ਇੱਕ ਪਿੰਡ ਵਿੱਚ ਇਕ ਦਲਿਤ ਨੌਜਵਾਨ ਦੀ ਹਤਿਆ ਉਚ ਜਾਤੀ ਦੇ ਲੋਕਾਂ ਵਲੋਂ ਸਿਰਫ ਇਸ ਲਈ ਕਰ ਦਿੱਤੀ ਗਈ ਸੀ ਕਿਉਂਕਿ ਉਹ ਦਲਿਤ ਲੜਕਾ ਘੋੜ ਸਵਾਰੀ ਕਰਦਾ ਸੀ|
ਇਸ ਦਲਿਤ ਲੜਕੇ ਦਾ ਪਿਤਾ ਕਿਸਾਨ ਸੀ| ਇਸ ਲੜਕੇ ਨੂੰ ਘੋੜ ਸਵਾਰੀ ਕਰਨ ਦਾ ਸ਼ੌਂਕ ਸੀ, ਜਿਸ ਕਰਕੇ ਇਸਦੇ ਕਿਸਾਨ ਪਿਤਾ ਨੇ ਇਸ ਨੂੰ ਘੋੜਾ ਲੈ ਕੇ ਦਿੱਤਾ ਸੀ ਪਰ ਇਹ ਗੱਲ ਸਵਰਨ ਭਾਵ ਉਚ ਜਾਤੀ ਵਾਲਿਆਂ ਨੂੰ ਰਾਸ ਨਾ ਆਈ, ਪਹਿਲਾਂ ਤਾਂ ਇਸ ਨੌਜਵਾਨ ਦੇ ਪਰਿਵਾਰ ਨੂੰ ਧਮਕੀਆਂ ਦੇ ਕੇ ਘੋੜਾ ਵੇਚਣ ਲਈ ਕਿਹਾ ਗਿਆ ਪਰ ਜਦੋਂ ਉਹਨਾਂ ਨੇ ਘੋੜਾ ਨਾ ਵੇਚਿਆ ਤਾਂ ਉੱਚੀ ਜਾਤੀ ਨਾਲ ਸਬੰਧਿਤ ਲੋਕਾਂ ਨੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ| ਇਸ ਤਰ੍ਹਾਂ ਇਸ ਦਲਿਤ ਨੌਜਵਾਨ ਨੂੰ ਘੋੜੇ ਉਪਰ ਘੁੰਮਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ|
ਭਾਰਤ ਵਿੱਚ ਵਾਪਰਨ ਵਾਲੀ ਇਹ ਕੋਈ ਇੱਕਲੀ ਘਟਨਾ ਨਹੀਂ ਹੈ, ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਹੀ ਘਟਨਾਵਾਂ ਵਾਪਰ ਚੁੱਕੀਆਂ ਹਨ| ਕਈ ਵਾਰ ਤਾਂ ਗਰੀਬ ਅਤੇ ਦਲਿਤ ਲੜਕੀਆਂਨਾਲ ਸਮੂਹਿਕ ਬਲਾਤਕਾਰ ਵੀ ਕੀਤੇ ਜਾਂਦੇ ਹਨ| ਹਾਲ ਤਾਂ ਇਹ ਹੈ ਕਿ ਸਰਕਾਰੀ ਸਕੂਲਾਂ ਵਿਚ ਸਰਕਾਰ ਨੇ ਬੱਚਿਆ ਲਈ ਜਿਹੜੀ ਮਿਡ ਡੇ ਮੀਲ ਸਕੀਮ ਸ਼ੁਰੂ ਕੀਤੀ ਹੋਈ ਹੈ, ਉਸ ਸਕੀਮ ਤਹਿਤ ਦੁਪਹਿਰ ਦਾ ਖਾਣਾ ਬਚਿਆ ਨੂੰ ਦੇਣ ਸਮੇਂ ਕਈ ਸੂਬਿਆਂ ਦੇ ਸਰਕਾਰੀ ਸਕੂਲਾਂ ਵਿੱਚ ਦਲਿਤ ਬੱਚਿਆਂ ਨੂੰ ਵੱਖਰਾ ਬਿਠਾਉਣ ਦੀਆਂ ਖਬਰਾਂ ਵੀ ਛਪ ਚੁੱਕੀਆਂ ਹਨ| ਪਿਛਲੇ ਮਹੀਨੇ ਹੀ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਤਾਂ ਹਦ ਹੀ ਹੋ ਗਈ ਸੀ ਜਦੋਂ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੀਖਿਆ ਉਪਰ ਚਰਚਾ ਦੌਰਾਨ ਦਿੱਤੇ ਭਾਸ਼ਨ ਨੂੰ ਸੁਣਨ ਲਈ ਹਿਮਾਚਲ ਪ੍ਰਦੇਸ਼ ਦੇ ਇੱਕ ਸਕੂਲ ਵਿੱਚ ਦਲਿਤ ਬੱਚਿਆਂ ਨੂੰ ਬਾਹਰ ਬਿਠਾ ਦਿੱਤਾ ਗਿਆ ਸੀ|
ਭਾਰਤ ਦੇ ਕਈ ਸੂਬਿਆਂ ਵਿੱਚ ਤਾਂ ਕਈ ਵਾਰ ਦਲਿਤਾਂ ਉਪਰ ਇਸ ਕਾਰਨ ਹੀ ਹਮਲੇ ਹੋਏ ਕਿ ਦਲਿਤ ਨੌਜਵਾਨਾਂ ਨੇ ਰਾਜਪੂਤਾਂ ਵਾਂਗ ਮੁੱਛਾਂ ਰੱਖੀਆਂ ਹੋਈਆਂ ਸਨ| ਗੁਜਰਾਤ ਭਾਰਤ ਦਾ ਅਮੀਰ ਸੂਬਾ ਹੈ ਪਰ ਉਥੇ ਵੀ ਜਾਤੀਵਾਦ ਬਹੁਤ ਸਿਖਰਾਂ ਉਪਰ ਹੈ| ਪ੍ਰਧਾਨ ਮੰਤਰੀ ਮੋਦੀ ਵੀ ਗੁਜਰਾਤ ਨੂੰ ਭਾਰਤ ਦਾ ਇਕ ਨੰਬਰ ਸੂਬਾ ਬਣਾਉਣ ਦਾ ਦਾਅਵਾ ਕਰਦੇ ਹਨ ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਥੇ ਜਾਤੀ ਵਾਦ ਬਹੁਤ ਫੈਲਿਆ ਹੋਇਆ ਹੈ| ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਵੀ ਇਹੀਹੀ ਹਾਲ ਹੈ| ਪੰਜਾਬ ਦੇ ਪਿੰਡਾਂ ਵਿੱਚ ਵੱਖ ਵੱਖ ਜਾਤੀਆਂ ਵਲੋਂ ਆਪੋ ਆਪਣੇ ਧਾਰਮਿਕ ਸਥਾਨ ਬਣਾਏ ਹੋਏ ਹਨ ਅਤੇ ਇਹਨਾਂ ਜਾਤੀਆਂ ਦੇ ਲੋਕ ਦੂਜੀ ਜਾਤੀ ਦੇ ਧਾਰਮਿਕ ਸਥਾਨ ਵਿੱਚ ਜਾਣ ਤੋਂ ਗੁਰੇਜ ਕਰਦੇ ਹਨ| ਭਾਵੇਂ ਕਿ ਹੁਣ ਸ਼੍ਰੋਮਣੀ ਕਮੇਟੀ ਨੇ ਇਕ ਪਿੰਡ ਇਕ ਗੁਰਦੁਆਰਾ ਦੀ ਲਹਿਰ ਸ਼ੁਰੂ ਕੀਤੀ ਹੈ ਪਰ ਹਰ ਪਿੰਡ ਤੇ ਸ਼ਹਿਰਾਂ ਵਿੱਚ ਮੌਜੂਦ ਗੁਰਦੁਆਰਾ ਰਾਮਗੜ੍ਹੀਆਂ, ਜੱਟਾਂ ਦਾ ਗੁਰਦੁਆਰਾ, ਗੁਰਦੁਆਰਾ ਰਵੀਦਾਸੀਆ ਫੈਲੇ ਹੋਏ ਜਾਤੀਵਾਦ ਦੀ ਕਹਾਣੀ ਆਪ ਹੀ ਕਹਿੰਦੇ ਹਨ|
ਬੜੀ ਹੈਰਾਨੀ ਦੀ ਗਲ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਜਿਹੜੀ ਜਾਤ ਪਾਤ ਖਤਮ ਕਰਨ ਲਈ ਸਿੱਖ ਧਰਮ ਦਾ ਨਿਰਮਾਣ ਕੀਤਾ ਸੀ, ਉਸੇ ਧਰਮ ਵਿੱਚ ਹੀ ਜਾਤਪਾਤ ਬਹੁਤ ਵੱਡੇ ਪੱਧਰ ਉਪਰ ਫੈਲਿਆ ਹੋਇਆ ਹੈ| ਅੱਜ ਵੀ ਸਿੱਖਾਂ ਦੀਆਂ ਉਚ ਜਾਤੀਆਂ ਦੇ ਲੋਕ, ਕਥਿਤ ਹੇਠਲੀਆਂ ਜਾਤੀਆਂ ਵਿੱਚ ਆਪਣੇ ਬੱਚਿਆਂ ਦੇ ਵਿਆਹ ਨਹੀਂ ਕਰਦੇ ਅਤੇ ਇੱਥੇ ਵੀ ਜਾਤੀਵਾਦ ਬਹੁਤ ਡੂੰਘੀਆ ਜੜ੍ਹਾਂ ਬਣਾ ਕੇ ਬੈਠਾ ਹੋਇਆ ਹੈ| ਦੇਸ਼ ਦੇ ਹੋਰਨਾਂ ਰਾਜਾਂ ਵਿੱਚ ਵੀ ਜਾਤੀਵਾਦ ਬਹੁਤ ਫੈਲਿਆ ਹੋਇਆ ਹੈ| ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦਾ ਦਾਅਵਾ ਪੂਰੀ ਦੁਨੀਆਂ ਵਿੱਚ ਕਰਦੇ ਹਨ| ਇਸ ਦੇ ਸਬੂਤ ਵਜੋਂ ਉਹ ਵੱਖ ਵੱਖ ਰਾਜਾਂ ਵਿੱਚ ਉਸਾਰੇ ਗਏ ਪੁੱਲਾਂ, ਫਲਾਈ ਓਵਰਾਂ, ਸੜਕਾਂ, ਵੱਡੇ ਬੰਨਾਂ ਦੀ ਉਦਾਹਰਨ ਦਿੰਦੇ ਹਨ ਪਰ ਕੀ ਵਿਕਾਸ ਸਿਰਫ ਇਹਨਾਂ ਚੀਜਾਂ ਨਾਲ ਹੀ ਹੁੰਦਾ ਹੈ| ਕੀ ਸਮਾਜਿਕ ਸਮਾਨਤਾ ਅਤੇ ਸਮਾਜਿਕ ਭਾਈਚਾਰਾ ਅਤੇ ਭਾਈਚਾਰਕ ਸਾਂਝ ਵੀ ਵਿਕਾਸ ਦੀ ਇੱਕ ਕਸੌਟੀ ਨਹੀਂ ਹੋਣਾ ਚਾਹੀਦਾ|
ਜਦੋਂ ਤੱਕ ਦੇਸ਼ ਵਾਸੀਆਂ ਦੀ ਸੋਚ ਦਾ ਵਿਕਾਸ ਨਹੀਂ ਹੁੰਦਾ ਉਦੋਂ ਤੱਕ ਪੁੱਲਾਂ, ਸੜਕਾਂ, ਫਲਾਈਓਵਰਾਂ, ਡੈਮਾਂ ਤੇ ਡਿਜੀਟਲ ਖੇਤਰ ਵਿਚ ਜਿੰਨਾਂ ਮਰਜੀ ਵਿਕਾਸ ਕੀਤਾ ਜਾਵੇ ਉਹ ਕੋਈ ਮਾਇਨੇ ਨਹੀਂ ਰਖਦਾ| ਜਿਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਭਾਰਤ ਵਿਚ ਵਾਪਰ ਰਹੀਆਂ ਹਨ, ਉਸ ਤੋਂ ਜਾਪਦਾ ਹੈ ਕਿ ਭਾਰਤ ਵਾਸੀ ਮੁੜ 19ਵੀਂ ਸਦੀ ਵੱਲ ਜਾ ਰਹੇ ਹਨ ਕੀ ਇਹੋ ਹੀ ਪ੍ਰਧਾਨ ਮੰਤਰੀ ਮੋਦੀ ਦਾ ਡਿਜੀਟਲ ਇੰਡੀਆ ਹੈ| ਆਰਥਿਕ ਵਿਕਾਸ ਦਾ ਤਾਂ ਹੀ ਫਾਇਦਾ ਹੈ ਜੇ ਸਮਾਜਿਕ ਵਿਕਾਸ ਵੀ ਹੋਵੇ ਤੇ ਸਭ ਨੂੰ ਬਰਾਬਰ ਸਮਝਿਆ ਜਾਵੇ|

Leave a Reply

Your email address will not be published. Required fields are marked *