ਦੇਸ਼ ਵਿੱਚੋਂ ਗਰੀਬੀ ਦੇ ਖਾਤਮੇ ਲਈ ਸਟੀਕ ਨੀਤੀਆਂ ਬਣਾਏ ਸਰਕਾਰ

ਸਾਡੇ ਦੇਸ਼ ਵਿੱਚ ਅਮੀਰੀ ਅਤੇ ਗਰੀਬੀ ਵਿਚਲਾ ਪਾੜਾ ਲਗਾਤਾਰ ਵੱਧ ਰਿਹਾ ਹੈ ਅਤੇ ਗਰੀਬੀ ਲਗਾਤਾਰ ਵੱਧ ਰਹੀ ਹੈ| ਦੇਸ਼ ਵਿੱਚ ਲਗਾਤਾਰ ਵੱਧਦੀ ਗਰੀਬੀ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਿਸੇ ਵੀ ਸਰਕਾਰ ਵਲੋਂ ਕੋਈ ਸੁਹਿਰਦ ਯਤਨ ਨਹੀਂ ਕੀਤਾ ਗਿਆ ਅਤੇ ਸਰਕਾਰਾਂ ਦੀ ਕਾਰਗੁਜਾਰੀ ਇਹ ਹੈ ਕਿ ਉਹ ਗਰੀਬਾਂ ਦੀ ਗਿਣਤੀ ਨੂੰ ਘੱਟ ਕਰਕੇ ਵਿਖਾਉਣ ਲਈ ਕੁਝ ਸਮੇਂ ਬਾਅਦ ਗਰੀਬੀ ਰੇਖਾ ਨੂੰ ਹੇਠਾਂ ਕਰ ਦਿੰਦੀਆਂ ਹਨ|
ਜੇਕਰ ਇਸ ਸੰਬੰਧੀ ਕੇਂਦਰ ਦੀ ਸੱਤਾ ਤੇ ਕਾਬਿਜ ਮੋਦੀ ਸਰਕਾਰ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਸਰਕਾਰ ਤਾਂ ਉਂਝ ਹੀ ਅੰਕੜਿਆਂ ਦੀ ਖੇਡ ਦੀ ਮਾਹਿਰ ਹੈ ਅਤੇ ਅੰਕੜਿਆਂ ਦੀ ਇਸ ਕਾਰੀਗਰੀ ਵਿੱਚ ਲੋਕਾਂ ਨੂੰ ਉਲਝਾ ਕੇ ਖੁਦ ਨੂੰ ਹੋਰਨਾਂ ਦੇ ਮੁਕਾਬਲੇ ਬਿਹਤਰ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੀ ਹੈ| ਅਜਿਹਾ ਲੱਗਦਾ ਹੈ ਕਿ ਇਸ ਸਰਕਾਰ ਦਾ ਇਹ ਮੰਨਣਾ ਹੈ ਕਿ ਭਾਰਤ ਵਿਚੋਂ ਗਰੀਬੀ ਖਤਮ ਕਰਨ ਦੀ ਥਾਂ ਗਰੀਬਾਂ ਨੂੰ ਹੀ ਖਤਮ ਕਰ ਦਿੱਤਾ ਜਾਵੇ ਅਤੇ ਜਦੋਂ ਗਰੀਬ ਹੀ ਖਤਮ ਹੋ ਜਾਣਗੇ ਤਾਂ ਗਰੀਬੀ ਵੀ ਆਪਣੇ ਆਪ ਖਤਮ ਹੋ ਜਾਵੇਗੀ| ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀ ਸਰਕਾਰ ਦੀਆਂ ਤਾਰੀਫਾਂ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ, ਪਰ ਉਹ ਇਸ ਪਾਸੇ ਉੱਕਾ ਹੀ ਧਿਆਨ ਦਿੰਦੇ ਨਹੀਂ ਦਿਖਦੇ ਕਿ ਉਹਨਾਂ ਦੇ ਇਸ ਕਾਰਜਕਾਲ ਦੌਰਾਨ ਦੇਸ਼ ਵਿੱਚ ਗਰੀਬਾਂ ਦੀ ਗਿਣਤੀ ਬਹੁਤ ਜਿਆਦਾ ਵਧੀ ਹੈ| ਰਹਿੰਦੀ ਕਸਰ ਲਗਾਤਾਰ ਵੱਧਦੀ ਮਹਿੰਗਾਈ ਨੇ ਪੂਰੀ ਕਰ ਦਿੱਤੀ ਹੈ ਜਿਸ ਕਾਰਨ ਆਮ ਲੋਕਾਂ ਲਈ ਆਪਣਾ ਘਰ ਚਲਾਉਣਾ ਵੀ ਔਖਾ ਹੋ ਗਿਆ ਹੈ|
ਗਰੀਬੀ ਦੇ ਖਾਤਮੇ ਲਈ ਸਾਡੀ ਸਰਕਾਰ ਦੀ ਨੀਤੀ ਉਹੋ ਜਿਹੀ ਹੈ ਜਿਵੇਂ ਸਰਕਾਰ ਵਲੋਂ ਦੇਸ਼ ਵਿੱਚੋਂ ਅਨਪੜ੍ਹਤਾ ਨੂੰ ਖਤਮ ਕਰਨ ਲਈ ਅੱਠਵੀਂ ਕਲਾਸ ਤੱਕ ਕਿਸੇ ਵੀ ਬੱਚੇ ਨੂੰ ਫੇਲ ਨਾ ਕਰਨ ਦੀ ਨੀਤੀ ਲਾਗੂ ਕੀਤੀ ਗਈ ਹੈ| ਸਰਕਾਰ ਦੀ ਇਸ ਨੀਤੀ ਦਾ ਹੀ ਨਤੀਜਾ ਹੈ ਕਿ ਨਾਲਾਇਕ ਤੋਂ ਨਾਲਾਇਕ ਬੱਚੇ ਵੀ ਸੱਤਵੀਂ ਜਮਾਤ ਤੱਕ ਪਾਸ ਹੁੰਦੇ ਜਾਂਦੇ ਹਨ ਅਤੇ ਫਿਰ ਅੱਠਵੀਂ ਦੀ ਪ੍ਰੀਖਿਆ ਵਿੱਚ ਫੇਲ ਹੋ ਕੇ ਖੁਦ ਨੂੰ ਮਿਡਲ ਫੇਲ ਕਹਾਉਂਦੇ ਹਨ ਜਦੋਂ ਕਿ ਉਹਨਾਂ ਨੂੰ ਆਪਣਾ ਨਾਮ ਤੱਕ ਲਿਖਣਾ ਨਹੀਂ ਆਉਂਦਾ ਹੁੰਦਾ| ਇਹੀ ਹਾਲ ਮੋਦੀ ਸਰਕਾਰ ਦੀ ਗਰੀਬੀ ਹਟਾਓ ਨੀਤੀ ਦਾ ਹੈ|
ਹੁਣ ਤਾਂ ਦੇਸ਼ ਦੀ ਜਨਤਾ ਇਹ ਇਲਜਾਮ ਲਗਾਉਣ ਲੱਗ ਗਈ ਹੈ ਕਿ ਮੋਦੀ ਸਰਕਾਰ ਵਲੋਂ ਹੁਣ ਤਕ ਜਿੰਨੀਆਂ ਵੀ ਨੀਤੀਆਂ ਬਣਾਈਆਂ ਗਈਆਂ ਹਨ, ਉਹ ਸਿਰਫ ਪੁੰਜੀਪਤੀਆਂ ਦੇ ਹੱਕ ਵਿੱਚ ਹਨ ਅਤੇ ਇਹ ਨੀਤੀਆਂ ਗਰੀਬਾਂ ਦੇ ਨਾਲ ਨਾਲ ਮੱਧ ਵਰਗ ਦੇ ਵੀ ਵਿਰੁੱਧ ਹੀ ਹਨ| ਹੁਣ ਤਾਂ ਇਹ ਹਾਲ ਹੈ ਕਿ ਲਗਾਤਾਰ ਵੱਧਦੀ ਮਹਿੰਗਾਈ ਦੀ ਮਾਰ ਨੂੰ ਬਰਦਾਸ਼ਤ ਨਾ ਕਰ ਸਕਣ ਕਾਰਨ ਮੱਧਮ ਵਰਗ ਵੀ ਗਰੀਬਾਂ ਦੀ ਸ਼੍ਰੇਣੀ ਵਿੱਚ ਆ ਗਿਆ ਹੈ ਅਤੇ ਦੂਜੇ ਪਾਸੇ ਸਾਡੀ ਕੇਂਦਰ ਸਰਕਾਰ ਹੈ ਜਿਹੜੀ ਇਸੇ ਨੂੰ ਭਾਰਤ ਦਾ ਵਿਕਾਸ ਦੱਸ ਰਹੀ ਹੈ|
ਗਰੀਬੀ ਅਤੇ ਭੁੱਖਮਰੀ ਦਾ ਆਪਸ ਵਿੱਚ ਡੂੰਘਾ ਰਿਸ਼ਤਾ ਹੈ ਅਤੇ ਗਰੀਬ ਵਿਅਕਤੀ ਅਕਸਰ ਭੁੱਖ ਨਾਲ ਲੜਦੇ ਲੜਦੇ ਦਮ ਤੋੜ ਜਾਂਦੇ ਹਨ| ਪਿਛਲੇ ਕੁੱਝ ਸਾਲਾਂ ਦੌਰਾਨ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਕਈ ਵਿਅਕਤੀਆਂ ਨੇ ਗਰੀਬੀ ਅਤੇ ਭੁਖਮਰੀ ਦੀ ਮਾਰ ਕਾਰਨ ਆਪਣੀ ਜਾਨ ਗਵਾਈ ਹੈ ਪਰੰਤੂ ਸਾਡੀ ਸਰਕਾਰ ਨੂੰ ਤਾਂ ਜਿਵੇਂ ਕੁੱਝ ਨਜਰ ਹੀ ਨਹੀਂ ਆਉਂਦਾ ਅਤੇ ਉਸਦੇ ਕੰਨਾਂ ਉਪਰ ਜੂੰ ਤਕ ਨਹੀਂ ਸਰਕਦੀ| ਇੱਕ ਪਾਸੇ ਦੇਸ਼ ਵਿੱਚ ਭੁੱਖਮਰੀ ਕਾਰਨ ਲੋਕ ਮਰ ਰਹੇ ਹਨ ਅਤੇ ਦੂਜੇ ਪਾਸੇ ਦੇਸ਼ ਦੇ ਗੋਦਾਮਾਂ ਵਿੱਚ ਪਿਆ ਹਜਾਰਾਂ ਟਨ ਅਨਾਜ ਖੁੱਲੇ ਅਸਮਾਨ ਹੇਠਾਂ ਪਿਆ ਰਹਿਣ ਕਾਰਨ ਸੜਦਾ ਰਹਿੰਦਾ ਹੈ|
ਸਾਡੀ ਸਰਕਾਰ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾਉਣ ਦੀ ਥਾਂ ਉਹਨਾਂ ਨੂੰ ਸਬਸਿਡੀਆਂ ਦਾ ਲਾਲਚ ਦੇ ਕੇ ਦਿਮਾਗੀ ਤੌਰ ਤੇ ਅਪਾਹਿਜ ਬਣਾ ਰਹੀ ਹੈ ਅਤੇ ਸਭ ਕੁੱਝ ਮੁਫਤ ਮਿਲਣ ਦੀ ਆਸ ਵਿੱਚ ਵਿਹਲੇ ਬੈਠੇ ਲੋਕ ਦਾਣੇ ਦਾਣੇ ਨੂੰ ਤਰਸਦੇ ਰਹਿੰਦੇ ਹਨ| ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗਰੀਬ ਹਟਾਓ ਦੀ ਥਾਂ ਗਰੀਬੀ ਹਟਾਓ ਮੁਹਿੰਮ ਨੂੰ ਚਲਾਵੇ ਅਤੇ ਲੋਕਾਂ ਲਈ ਰੋਜੀ ਰੁਜਗਾਰ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਗਰੀਬੀ ਦੀ ਇਸ ਲਾਹਨਤ ਤੋਂ ਕੱਢਣ ਲਈ ਕੰਮ ਕਰੇ| ਸਰਕਾਰ ਦੀਆਂ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜਿਹਨਾਂ ਨਾਲ ਦੇਸ਼ ਦੀ ਜਨਤਾ ਇੱਕ ਸਨਮਾਨਜਨਕ ਜੀਵਨ ਜਿਊਣ ਦੀ ਸਮਰਥ ਹੋਵੇ| ਇਸ ਸੰਬੰਧੀ ਸਰਕਾਰ ਨੂੰ ਆਪਣੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਗਰੀਬੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ|

Leave a Reply

Your email address will not be published. Required fields are marked *