ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ ਲਈ ਸਰਕਾਰਾਂ ਜਿੰਮੇਵਾਰ : ਕਾਹਲੋਂ

ਐਸ ਏ ਐਸ ਨਗਰ, 2 ਜੂਨ (ਸ.ਬ.) ਦੇਸ਼ ਵਿੱਚ ਕਿਸਾਨਾਂ ਦੀ ਦੁਰਦਸ਼ਾ ਲਈ ਸਰਕਾਰਾਂ ਜਿੰਮੇਵਾਰ ਹਨ ਕਿਉਂਕਿ ਸਰਕਾਰਾਂ ਨੇ ਖੇਤੀ ਦੀ ਲਾਗਤ ਅਨੁਸਾਰ ਫਸਲਾਂ ਦੇ ਰੇਟ ਮਿਥਨ ਅਤੇ ਫਸਲਾਂ ਦੀ ਮਾਰਕੀਟਿੰਗ ਲਈ ਕਦੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ| ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਸਾਬਕਾ ਸਹਿਰੀ ਪ੍ਰਧਾਨ ਅਤੇ ਮਿਉਂਸਪਲ ਕੌਂਸਲਰ ਮੁਹਾਲੀ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਹਨਾਂ ਕਿਹਾ ਕਿ ਫਸਲਾਂ ਦੇ ਭਾਅ ਮਿਥਣ ਲਈ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਬਹੁਤ ਜਰੂਰੀ ਹੈ| ਇਸ ਤੋਂ ਬਿਨਾਂ ਦੇਸ਼ ਦਾ ਕਿਸਾਨ ਅਤੇ ਖੇਤ ਮਜਦੂਰ ਬਰਬਾਦ ਹੋ ਜਾਣਗੇ| ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੇ ਦੇਸ਼ ਨੂੰ ਅਨਾਜ ਪੱਖੇ ਆਤਮ ਨਿਰਭਰ ਬਣਾਉਣ ਲਈ ਆਪਣੀਆਂ ਜਿੰਦਗੀਆਂ ਅਤੇ ਜਮੀਨਾਂ ਦਾਅ ਤੇ ਲਗਾ ਦਿੱਤੀਆਂ ਪ੍ਰਤੂੰ ਅੱਜ ਸਰਕਾਰਾਂ ਦੀ ਬਾਹ ਨਹੀਂ ਫੜ ਰਹੀਆਂ| ਪੰਜਾਬ ਦਾ ਕਿਸਾਨ ਪਾਣੀ ਅਤੇ ਜਮੀਨ ਬਚਾਉਣ ਲਈ ਫਸਲਾਂ ਦੇ ਡਿਵਰਸੀਫਿਕੇਸ਼ਨ ਲਈ ਗੰਭੀਰ ਹੋਇਆ ਸੀ| ਪ੍ਰੰਤੂ ਸਰਕਾਰ ਨੇ ਫਸਲਾਂ ਦਾ ਵਾਜਬ ਮੁੱਲ ਦਿਵਾਉਣ ਲਈ ਮਾਰਕੀਟਿੰਗ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਕਿਸਾਨ ਮੁੜ ਝੋਨੇ ਅਤੇ ਕਣਕ ਦੇ ਚੱਕਰਾਂ ਵਿੱਚ ਫਸ ਗਿਆ ਹੈ| ਦੇਸ਼ ਅੰਦਰ ਜਮਾਖੋਰਾਂ ਦੀ ਇਕ ਅਜਿਹੀ ਜਮਾਤ ਪੈਦਾ ਕੀਤੀ ਗਈ ਹੈ| ਜੋ ਕਿਸਾਨਾਂ ਅਤੇ ਖਪਤਕਾਰਾਂ ਦੀ ਲੁੱਟ ਕਰ ਰਹੀ ਹੈ| ਕਿਸਾਨ ਦੀ ਫਸਲ 1 ਰੁਪਏ ਕਿਲੋਂ ਖਰੀਦ ਕੇ ਜਮਾਖੋਰ ਮੁੜ 10 ਰੁਪਏ ਕਿਲੋ ਤੱਕ ਮਾਰਕੀਟ ਵਿੱਚ ਦੁਬਾਰਾ ਵੇਚਦੇ ਹਨ ਜਿਸ ਨੂੰ ਸਰਕਾਰਾਂ ਅੱਖਾਂ ਬੰਦ ਕਰਨ ਕਰਕੇ ਜਾਰੀ ਰਖਵਾ ਰਹੀਆਂ ਹਨ| ਉਹਨਾਂ ਕਿਹਾ ਪੰਜਾਬ ਸਰਕਾਰ ਕਰਜਾਈ ਕਿਸਾਨਾਂ ਨਾਲ ਪੱਖਤਕਾਰ ਕਰਕੇ ਕੁਝ ਕਾਂਗਰਸੀ ਵਰਕਰਾਂ ਦੇ ਛੋਟੇ ਕਰਜੇ ਮੁਆਫ ਕਰ ਰਹੀ ਹੈ| ਬਾਕੀ ਕਿਸਾਨਾਂ ਦੇ ਕਰਜੇ ਮੁਆਫ ਕਰਨ ਤੋਂ ਮੁਨਕਰ ਹੋ ਗਈ ਹੈ| ਜਿਸ ਕਾਰਨ ਰੋਜਾਨਾ 5-6 ਕਿਸਾਨ ਆਤਮ ਹੱਤਿਆ ਕਰ ਰਹੇ ਹਨ| ਉਹਨਾਂ ਮੰਗ ਕੀਤੀ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਲਈ ਸਰਕਾਰਾਂ ਸੁਹਿਰਦਤਾ ਨਾਲ ਨੀਤੀਆਂ ਘੜਨ| ਇਸ ਮੌਕੇ ਸ੍ਰ. ਕਾਹਲੋਂ ਦੇ ਨਾਲ ਗੁਰਮੁੱਖ ਸਿੰਘ ਨੰਬਰਦਾਰ ਜਿਲ੍ਹਾ ਜਨਰਲ ਸਕੱਤਰ ਅਤੇ ਬਲਵਿੰਦਰ ਸਿੰਘ ਦਾਊ ਜਿਲ੍ਹਾ ਸਕੱਤਰ ਸ੍ਰੋ. ਅਕਾਲੀ ਦਲ ਵੀ ਹਾਜਿਰ ਸਨ|

Leave a Reply

Your email address will not be published. Required fields are marked *