ਦੇਸ਼ ਵਿੱਚ ਕੋਰੋਨਾ ਵੈਕਸੀਨ ਦੇ ਮੁੱਦੇ ਤੇ ਚਲ ਰਹੀ ਸਿਆਸਤ ਮੰਦਭਾਗੀ
ਭਾਰਤ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਰੁੱਧ ਜਾਰੀ ਜੰਗ ਹੁਣ ਨਿਰਣਾਇਕ ਮੋੜ ਤੇ ਪਹੁੰਚ ਚੁੱਕੀ ਹੈ। ਇਸ ਅਦਿ੍ਰਸ਼ ਦੁਸ਼ਮਨ ਨੂੰ ਹਰਾਉਣ ਲਈ ਇਕੱਠੇ 2-2 ਟੀਕੇ ਮਿਲ ਗਏ ਹਨ। ਡਰਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਸੀਰਮ ਇੰਸਟੀਟਿਊੂਟ ਦੀ ‘ਕੋਵਿਸ਼ੀਲਡ ਅਤੇ ਭਾਰਤ ਬਾਇਓਟੈਕ ਦੀ ‘ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮੰਜ਼ੂਰੀ ਦੇ ਦਿੱਤੀ ਹੈ। ਕੋਵੈਕਸੀਨ ਸਵਦੇਸ਼ੀ ਵੈਕਸੀਨ ਹੈ। ਇਹ ਮਾਣ ਦੀ ਗੱਲ ਹੈ ਕਿ ਭਾਰਤ ਵੈਕਸੀਨ ਉਤਪਾਦਨ ਦੇ ਖੇਤਰ ਵਿੱਚ ਪਹਿਲਾਂ ਤੋਂ ਹੀ ਦੁਨੀਆ ਦਾ ਮੋਹਰੀ ਦੇਸ਼ ਰਿਹਾ ਹੈ। ਹੁਣ ਸਾਡੇ ਵਿਗਿਆਨੀਆਂ ਅਤੇ ਖੋਜਕਾਰਾਂ ਨੇ ਕੋਵਿਡ-19 ਰੋਧੀ ਵੈਕਸੀਨ ਵਿਕਸਿਤ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਡੀਸੀਜੀਆਈ ਦੇ ਨਿਦੇਸ਼ਕ ਵੀ. ਜੀ. ਸੋਮਾਨੀ ਨੇ ਇਨ੍ਹਾਂ ਦੋਵਾਂ ਵੈਕਸੀਨ ਨੂੰ 110 ਫੀਸਦੀ ਸੁਰੱਖਿਅਤ ਦੱਸਿਆ ਹੈ। ਉਨ੍ਹਾਂ ਨੇ ਸਾਫ ਤੌਰ ਤੇ ਕਿਹਾ ਹੈ ਕਿ ਅਸੀਂ ਕਦੇ ਵੀ ਅਜਿਹੀ ਵੈਕਸੀਨ ਨੂੰ ਮਨਜ਼ੂਰੀ ਨਹੀਂ ਦੇਵਾਂਗੇ ਜਿਸ ਵਿੱਚ ਥੋੜੀ ਜਿਹੀ ਵੀ ਚਿੰਤਾ ਦੀ ਗੱਲ ਹੋਵੇ। ਹਾਲਾਂਕਿ ਦੇਸ਼ ਦੇ ਵਿਗਿਆਨੀਆਂ ਅਤੇ ਫਾਰਮਾ ਉਦਯੋਗਾਂ ਦੀ ਵੱਡੀ ਉਪਲਬਧੀ ਦੇ ਬਾਵਜੂਦ ਕੋਰੋਨਾ ਰੋਧੀ ਵੈਕਸੀਨ ਉੱਤੇ ਸਿਆਸਤ ਸ਼ੁਰੂ ਹੋ ਗਈ ਹੈ। ਇੱਕ ਰਾਜਨੀਤਕ ਦਲ ਦੇ ਵਰਕਰ ਨੇ ਕਿਹਾ ਹੈ ਕਿ ਵੈਕਸੀਨ ਲਗਾਉਣ ਨਾਲ ਲੋਕ ਨਪੁੰਸਕ ਹੋ ਜਾਣਗੇ। ਡੀ ਸੀ ਜੀ ਆਈ ਦੇ ਨਿਦੇਸ਼ਕ ਨੇ ਇਸ ਖਦਸ਼ੇ ਨੂੰ ਇੱਕ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਨੇ ਸਵਦੇਸ਼ੀ ਵੈਕਸੀਨ ਨੂੰ ਮਨਜ਼ੂਰੀ ਦੇਣ ਤੇ ਸਵਾਲ ਖੜੇ ਕੀਤੇ ਹਨ। ਜੇਕਰ ਸਰਕਾਰ ਵੈਕਸੀਨ ਦੇ ਇਸਤੇਮਾਲ ਕਰਨ ਦਾ ਫੈਸਲਾ ਕਰਦੀ ਹੈ ਤਾਂ ਉਸਨੂੰ ਵੀ ਆਪਣੀਆਂ ਜਿੰਮੇਵਾਰੀਆਂ ਦਾ ਪੂਰਾ ਪਤਾ ਹੈ। ਇਹ ਜਰੂਰ ਹੈ ਕਿ ਵੈਕਸੀਨ ਤੋਂ ਬਾਅਦ ਵਿਰੋਧ ਵਜੋਂ ਕੁੱਝ ਚਿਕਿਤਸਾ ਪਰੇਸ਼ਾਨੀਆਂ ਆ ਸਕਦੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨਾ ਵੀ ਜ਼ਰੂਰੀ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕੁੱਝ ਦਿਨ ਪਹਿਲਾਂ ਆਪਣੇ ਸੰਬੋਧਨ ਵਿੱਚ ਕਿਹਾ ਵੀ ਸੀ ਕਿ ਵੈਕਸੀਨ ਨੂੰ ਲੈ ਕੇ ਅਫਵਾਹਾਂ ਅਤੇ ਭਰਮਾਊ ਸੂਚਨਾਵਾਂ ਤੋਂ ਬਚਣ ਦੀ ਲੋੜ ਹੈ। ਇਸ ਸੰਦਰਭ ਵਿੱਚ ਇਹ ਵੀ ਜਿਕਰਯੋਗ ਹੈ ਕਿ ਦਹਾਕਿਆਂ ਤੋਂ ਪ੍ਰਚਲਿਤ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਮੰਨੇ ਜਾਣ ਵਾਲੀ ਪੋਲਿਓ ਵੈਕਸੀਨ ਨੂੰ ਲੈ ਕੇ ਵੀ ਕਈ ਵਾਰ ਭਰਮਾਊ ਸੂਚਨਾਵਾਂ ਫੈਲਾਈਆਂ ਜਾਂਦੀਆਂ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕਬੀਲਾਈ ਇਲਾਕਿਆਂ ਵਿੱਚ ਟੀਕਾਕਰਣ ਦਾ ਕੰਮ ਅਕਸਰ ਰੁਕਿਆ ਰਹਿੰਦਾ ਹੈ। ਖੁਸ਼ਕਿਸਮਤੀ ਨਾਲ ਭਾਰਤ ਵਿੱਚ ਅਜਿਹੀ ਹਾਲਤ ਨਹੀਂ ਹੈ। ਕੋਰੋਨਾ ਵੈਕਸੀਨ ਬਹੁਤ ਤੇਜ ਰਫ਼ਤਾਰ ਨਾਲ ਤਿਆਰ ਕੀਤੀ ਗਈ ਵੈਕਸੀਨ ਹੈ ਅਤੇ ਇਸਦੀ ਸੁਰੱਖਿਅਤ ਸਥਿਤੀ ਨੂੰ ਲੈ ਕੇ ਵੱਖ-ਵੱਖ ਪੱਧਰਾਂ ਤੇ ਇਸਦਾ ਪ੍ਰੀਖਣ ਹੋਇਆ ਹੈ। ਇਸ ਦੇ ਬਾਵਜੂਦ ਵੈਕਸੀਨ ਨਾਲ ਜੁੜੇ ਵੱਖ-ਵੱਖ ਪਹਿਲੂ ਸਮੇਂ ਦੇ ਨਾਲ ਹੀ ਸਪੱਸ਼ਟ ਹੋਣਗੇ। ਇਨ੍ਹਾਂ ਦੇ ਆਧਾਰ ਤੇ ਚਿਕਿਤਸਾ ਵਿਗਿਆਨੀ ਆਪਣੀ ਰਣਨੀਤੀ ਵਿੱਚ ਜ਼ਰੂਰੀ ਸੁਧਾਰ ਕਰ ਸਕਣਗੇ।
ਸੰਤੋਸ਼ ਚੌਧਰੀ