ਦੇਸ਼ ਵਿੱਚ ਜਲਦੀ ਹੀ ਲੱਗਣਗੇ ਹਥਿਆਰ ਬਨਾਉਣ ਦੇ ਕਾਰਖਾਨੇ

ਭਾਰਤ ਨੂੰ ਹਥਿਆਰ ਅਤੇ ਰੱਖਿਆ ਸਬੰਧੀ ਸਾਜੋ- ਸਾਮਾਨ ਨਿਰਮਾਣ ਦਾ ਵੱਡਾ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਸਰਕਾਰ ਨੇ ਜੋ ਕਦਮ ਵਧਾਏ ਹਨ ਉਹ ਮਹੱਤਵਪੂਰਣ ਤਾਂ ਹਨ ਹੀ, ਵਕਤ ਦੀ ਜ਼ਰੂਰਤ ਨੂੰ ਵੀ ਦਰਸਾਉਂਦੇ ਹਨ| ਚੇਨਈ ਵਿੱਚ ਰੱਖਿਆ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਤਿੰਨਾਂ ਸੈਨਾਵਾਂ ਨੂੰ ਹੋਰ ਮਜਬੁਤ ਬਣਾਉਣ ਦਾ ਸੰਕਲਪ ਦੁਹਰਾਇਆ| ਪ੍ਰਧਾਨ ਮੰਤਰੀ ਨੇ ਰੱਖਿਆ ਉਤਪਾਦਨ ਅਤੇ ਖਰੀਦ ਪ੍ਰਕ੍ਰਿਆ ਵਿੱਚ ਨੀਤੀਗਤ ਬਦਲਾਵ ਲਿਆਉਣ ਦਾ ਜੋ ਸੰਕੇਤ ਦਿੱਤਾ ਹੈ ਉਸ ਨਾਲ ਸਰਕਾਰੀ, ਨਿਜੀ ਅਤੇ ਵਿਦੇਸ਼ੀ ਕੰਪਨੀਆਂ ਨੂੰ ਬਰਾਬਰ ਮੌਕੇ ਮਿਲ ਸਕਣਗੇ| ਇਸ ਨਾਲ ਦੇਸ਼ ਵਿੱਚ ਹੀ ਰੱਖਿਆ ਸਾਜੋ- ਸਾਮਾਨ ਬਣਾਉਣ ਲਈ ਤਿੰਨੋਂ ਖੇਤਰਾਂ ਦੀਆਂ ਕੰਪਨੀਆਂ ਉੱਤਰ ਸਕਣਗੀਆਂ| ਭਾਰਤ ਆਪਣੇ ਲਈ ਤਾਂ ਛੋਟੇ – ਵੱਡੇ ਹਥਿਆਰ ਬਣਾਵੇਗਾ ਹੀ, ਹੁਣ ਦੂਜੇ ਦੇਸ਼ਾਂ ਦੇ ਨਾਲ ਭਾਗੀਦਾਰੀ ਕਰਕੇ ਉਨ੍ਹਾਂ ਦੇ ਲਈ ਵੀ ਰੱਖਿਆ ਖੇਤਰ ਵਿੱਚ ਕੰਮ ਵੀ ਕਰੇਗਾ| ਰੱਖਿਆ ਪ੍ਰਦਰਸ਼ਨੀ ਵਿੱਚ ਪੰਜ ਸੌ ਭਾਰਤੀ ਅਤੇ ਡੇਢ ਸੌ ਵਿਦੇਸ਼ੀ ਕੰਪਨੀਆਂ ਦੀ ਸ਼ਿਰਕਤ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਰੱਖਿਆ ਬਾਜ਼ਾਰ ਬਨਣ ਦੀ ਦਿਸ਼ਾ ਵਿੱਚ ਵੱਧ ਚੁੱਕਿਆ ਹੈ| ਅਮਰੀਕੀ ਹਥਿਆਰ ਕੰਪਨੀ ਲਾਕਹੀਡ ਮਾਰਟਿਨ ਨੇ ਤਾਂ ਐਫ-16 ਲੜਾਕੂ ਜਹਾਜ਼ ਨਿਰਮਾਣ ਦਾ ਕੰਮ ਭਾਰਤ ਲਿਆਉਣ ਵਿੱਚ ਦਿਲਚਸਪੀ ਵਿਖਾਈ ਹੈ| ਇਸ ਤੋਂ ਇਲਾਵਾ ਜੈਵਲਿਨ ਮਿਜ਼ਾਇਲ ਬਣਾਉਣ ਦੀ ਤਕਨੀਕ ਵੀ ਭਾਰਤ ਨੂੰ ਹਾਸਲ ਹੋ ਸਕਦੀ ਹੈ| ਇਹ ਸਾਮਰਿਕ ਅਤੇ ਕਾਰੋਬਾਰੀ ਨਜ਼ਰ ਨਾਲ ਭਾਰਤ ਲਈ ਵੱਡੀ ਉਪਲਬਧੀ ਮੰਨੀ ਜਾ ਸਕਦੀ ਹੈ| ਭਾਰਤ ਲਈ ਦੇਸ਼ ਵਿੱਚ ਹੀ ਹਥਿਆਰਾਂ ਅਤੇ ਰੱਖਿਆ ਉਤਪਾਦਾਂ ਦਾ ਨਿਰਮਾਣ ਇਸ ਲਈ ਜਰੂਰੀ ਹੋ ਗਿਆ ਹੈ ਕਿ ਸੀਮਾ ਤੇ ਤੈਨਾਤ ਜਵਾਨਾਂ ਨੂੰ ਲੰਬੇ ਸਮੇਂ ਤੋਂ ਛੋਟੇ ਹਥਿਆਰਾਂ ਦੀ ਕਮੀ ਨਾਲ ਜੂਝਨਾ ਪੈ ਰਿਹਾ ਹੈ| ਚਾਰ ਹਜਾਰ ਕਿਲੋਮੀਟਰ ਲੰਮੀ ਸੀਮਾ ਅਤੇ ਹਿੰਦ ਮਹਾਸਾਗਰ ਵਿੱਚ ਚੀਨ ਦੀਆਂ ਵੱਧਦੀਆਂ ਗਤੀਵਿਧੀਆਂ ਚਿੰਤਾ ਦਾ ਵਿਸ਼ਾ ਹਨ| ਡੋਕਲਾਮ ਦੀ ਘਟਨਾ ਤੋਂ ਬਾਅਦ ਇਹ ਖ਼ਤਰਾ ਹੋਰ ਵੱਧ ਗਿਆ ਹੈ| ਪਾਕਿਸਤਾਨ ਦੇ ਨਾਲ ਵੀ ਭਾਰਤੀ ਸੀਮਾ ਕਾਫੀ ਲੰਮੀ ਹੈ ਅਤੇ ਸੀਮਾ ਪਾਰ ਅੱਤਵਾਦ ਦੀ ਵਜ੍ਹਾ ਨਾਲ ਇੱਥੇ ਤੈਨਾਤ ਜਵਾਨਾਂ ਨੂੰ ਛੋਟੇ ਹਥਿਆਰਾਂ ਦੀ ਸਖ਼ਤ ਜ਼ਰੂਰਤ ਹੈ| ਹਾਲਾਂਕਿ ਕੁੱਝ ਮਹੀਨੇ ਪਹਿਲਾਂ ਹੀ ਰੱਖਿਆ ਮੰਤਰੀ ਦੀ ਪ੍ਰਧਾਨਗੀ ਵਾਲੀ ਰੱਖਿਆ ਖਰੀਦ ਕਮੇਟੀ ਨੇ ਕਰੀਬ ਸੋਲਾਂਹ ਹਜਾਰ ਕਰੋੜ ਰੁਪਏ ਦੀ ਖਰੀਦ ਨੂੰ ਹਰੀ ਝੰਡੀ ਦਿੱਤੀ ਹੈ|
ਫੌਜੀਆਂ ਦੀ ਗਿਣਤੀ ਅਤੇ ਹਥਿਆਰਾਂ ਦੇ ਜਖੀਰੇ ਦੇ ਹਿਸਾਬ ਨਾਲ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਭਾਰਤ ਦੀ ਫੌਜ ਆਉਂਦੀ ਹੈ| ਅਜਿਹੇ ਵਿੱਚ ਇਹ ਗੰਭੀਰ ਸਵਾਲ ਖੜਾ ਹੁੰਦਾ ਹੈ ਕਿ ਇੰਨੀ ਵੱਡੀ ਫੌਜ ਹੋਣ ਦੇ ਬਾਵਜੂਦ ਸਾਡੇ ਜਵਾਨਾਂ ਦੇ ਕੋਲ ਆਧੁਨਿਕ ਹਥਿਆਰ ਕਿਉਂ ਨਹੀਂ ਹਨ| ਕਿਉਂ ਉਨ੍ਹਾਂ ਨੂੰ ਪੁਰਾਣੇ ਘਸੇ -ਪਿਟੇ ਹਥਿਆਰਾਂ ਨਾਲ ਲੜਨਾ ਪੈ ਰਿਹਾ ਹੈ? ਰੱਖਿਆ ਮਾਮਲਿਆਂ ਤੇ ਸੰਸਦ ਦੀ ਸਥਾਈ ਕਮੇਟੀ ਵੀ ਫੌਜ ਵਿੱਚ ਹਥਿਆਰਾਂ ਦੀ ਕਮੀ ਤੇ ਚਿੰਤਾ ਜਤਾ ਚੁੱਕੀ ਹੈ| ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਾਫ ਕਿਹਾ ਹੈ ਕਿ ਫੌਜ ਦਾ 68 ਫੀਸਦੀ ਸਾਜੋ – ਸਮਾਨ ਅਜਾਇਬ-ਘਰ ਵਿੱਚ ਰੱਖਣ ਲਾਇਕ ਹੋ ਗਿਆ ਹੈ| ਸਿਰਫ ਚੌਵੀ ਫੀਸਦੀ ਸਾਜੋ – ਸਮਾਨ ਇਸਤੇਮਾਲ ਕਰਨ ਲਾਇਕ ਹੈ| ਫੌਜ ਦੇ ਕੋਲ ਸਿਰਫ ਅੱਠ ਫੀਸਦੀ ਅਜਿਹੇ ਹਥਿਆਰ ਅਤੇ ਉਪਕਰਨ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਅਤਿਆਧੁਨਿਕ ਕਿਹਾ ਜਾ ਸਕਦਾ ਹੈ| ਇਸਦੀ ਅਸਲ ਵਜ੍ਹਾ ਫੌਜ ਦਾ ਇੱਕ ਤਰ੍ਹਾਂ ਨਾਲ ਖਜਾਨਾ ਖਾਲੀ ਹੋਣਾ ਹੈ| ਜ਼ਰੂਰਤ ਦੇ ਹਿਸਾਬ ਨਾਲ ਫੌਜ ਨੂੰ ਜਿੰਨਾ ਬਜਟ ਮਿਲਣਾ ਚਾਹੀਦਾ ਹੈ, ਉਹ ਨਹੀਂ ਮਿਲ ਰਿਹਾ ਹੈ| ਇਸਦਾ ਸਿੱਧਾ ਅਸਰ ਫੌਜ ਦੇ ਆਧੁਨਿਕੀਕਰਣ ਤੇ ਪੈ ਰਿਹਾ ਹੈ|
ਫੌਜ ਦੀਆਂ ਸਵਾ ਸੌ ਪ੍ਰਯੋਜਨਾਵਾਂ ਲਈ ਉਨੰਤੀ ਹਜਾਰ ਕਰੋੜ ਰੁਪਏ ਦੀ ਜ਼ਰੂਰਤ ਹੈ| ਨਵੀਆਂ ਯੋਜਨਾਵਾਂ ਲਈ ਖਜਾਨਾ ਖਾਲੀ ਹੈ| ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਪੰਝੀ ਪ੍ਰਯੋਜਨਾਵਾਂ ਹਨ, ਪਰ ਉਨ੍ਹਾਂ ਤੇ ਕੰਮ ਕਰਨ ਲਈ ਲੋੜੀਂਦਾ ਬਜਟ ਨਹੀਂ ਹੈ| ਅਜਿਹੇ ਵਿੱਚ ਗੰਭੀਰ ਸਵਾਲ ਹੈ ਕਿ ਜੇਕਰ ਫੌਜ ਦੇ ਕੋਲ ਲੋੜੀਂਦਾ ਪੈਸਾ ਹੀ ਨਹੀਂ ਹੋਵੇਗਾ ਤਾਂ ਕਿਵੇਂ ਰੱਖਿਆ ਪਰਯੋਜਨਾਵਾਂ ਸਿਰੇ ਚੜ੍ਹ ਸਕਣਗੀਆਂ ਅਤੇ ਕਿਵੇਂ ਅਸੀ ਆਪਣੀਆਂ ਰੱਖਿਆ ਸਮਰਥਾਵਾਂ ਨੂੰ ਵਧਾ ਸਕਾਂਗੇ|
ਨਿਰਮਲ

Leave a Reply

Your email address will not be published. Required fields are marked *