ਦੇਸ਼ ਵਿੱਚ ਵੱਧਦੀ ਗਰੀਬਾਂ ਦੀ ਗਿਣਤੀ

ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਇਸਨੂੰ ਡਿਜੀਟਲ ਕੰਟਰੀ ਬਣਾਉਣ ਦਾ ਦਾਅਵਾ ਕਰਦੇ ਨਹੀਂ ਥੱਕਦੇ ਅਤੇ ਦੂਜੇ ਪਾਸੇ ਅਸਲੀਅਤ ਇਹ ਵੀ ਹੈ ਕਿ ਭਾਰਤ ਵਿੱਚ ਗਰੀਬਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਅਸਲ ਵਿੱਚ ਭਾਰਤ ਦੀ ਮੋਦੀ ਸਰਕਾਰ ਭਾਰਤ ਦੇ ਗਰੀਬਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ ਅਤੇ ਦੇਸ਼ ਦਾ ਪੈਸਾ ਕੁੱਝ ਕੁ ਪੂੰਜੀਪਤੀਆਂ ਕੋਲ ਜਮਾਂ ਹੁੰਦਾ ਜਾ ਰਿਹਾ ਹੈ| ਇਹ ਵੀ ਕਿਹਾ ਜਾ ਸਕਦਾ ਹੈ ਕਿ ਮੋਦੀ ਸਰਕਾਰ ਦੀਆਂ ਮੌਜੂਦਾ ਨੀਤੀਆਂ ਕਾਰਨ ਵੱਡੀ ਗਿਣਤੀ ਮੱੱਧ ਵਰਗੀ ਲੋਕ ਵੀ ਗਰੀਬਾਂ ਦੀ ਸ਼੍ਰੇਣੀ ਵਿੱਚ ਆ ਗਏ ਹਨ, ਜਿਸ ਕਰਕੇ ਗਰੀਬਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ|
ਇਹ ਵੀ ਹਕੀਕਤ ਹੈ ਕਿ ਭਾਰਤ ਵਿੱਚ ਸਮਾਜਿਕ ਪਿਛੜਾਪਨ ਅਤੇ ਆਰਥਿਕ ਕਮੀਆਂ ਇੱਕ ਦੂਜੇ ਨਾਲ ਬਹੁਤ ਹੱਦ ਤੱਕ ਜੁੜੇ ਹੋਏ ਹਨ| ਸਰਕਾਰ ਵਲੋਂ ਪਿਛਲੇ ਦਿਨੀਂ ਅਨੂਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਗਰੀਬੀ ਰੇਖਾ ਦੇ ਹੇਠਾਂ ਜੀ ਰਹੇ ਲੋਕਾਂ ਸਬੰਧੀ ਜੋ ਅੰਕੜੇ ਜਾਰੀ ਕੀਤੇ ਗਏ ਹਨ ਉਹ ਵੀ ਅਸਲ ਹਕੀਕਤ ਨੂੰ ਹੀ ਪਰਿਭਾਸ਼ਿਤ ਕਰਦੇ ਹਨ| ਭਾਰਤ ਸਰਕਾਰ ਵਲੋਂ ਜਾਰੀ ਇਹਨਾਂ ਅੰਕੜਿਆਂ ਅਨੁਸਾਰ ਅਨੂਸੂਚਿਤ ਜਨਜਾਤੀ ਦੇ 45 ਫੀਸਦੀ ਤੋਂ ਵੱਧ ਲੋਕ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਹਨ| ਇਸੇ ਤਰ੍ਹਾਂ ਭਾਰਤ ਵਿੱਚ ਅਨੂਸੂਚਿਤ ਜਾਤੀ ਦੇ 31 ਫੀਸਦੀ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿ ਰਹੇ ਹਨ| ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ 22 ਫੀਸਦੀ ਪਰਿਵਾਰ ਬੀ ਪੀ ਐਲ ਭਾਵ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਹਨ| ਗਰੀਬਾਂ ਦੀ ਗਿਣਤੀ ਵਿੱਚ ਦਲਿਤਾਂ ਦੇ ਨਾਲ ਨਾਲ ਅਦਿਵਾਸੀਆਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ| ਇਸਦੇ ਨਾਲ ਕਥਿਤ ਉਚ ਜਾਤੀਆਂ ਨਾਲ ਸਬੰਧਿਤ ਲੋਕ ਵੀ ਕਾਫੀ ਗਿਣਤੀ ਵਿੱਚ ਗਰੀਬ ਹਨ|
ਇਸ ਸੱਚਾਈ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਸਮਾਜਿਕ ਸ੍ਰੇਣੀਬੱਧਤਾ ਕਾਫੀ ਹੱਦ ਤੱਕ ਆਰਥਿਕ ਸਥਿਤੀ ਦਾ ਨਿਰਧਾਰਨ ਕਰਦੀ ਹੈ| ਗਰੀਬਾਂ ਵਿੱਚ ਵੱਡੀ ਗਿਣਤੀ ਦਲਿਤਾਂ ਅਤੇ ਆਦਿਵਾਸੀਆਂ ਦੀ ਹੈ| ਮਜਦੂਰ ਵਰਗ ਨਾਲ ਸਬੰਧਿਤ ਜਿਆਦਾਤਰ ਲੋਕ ਵੀ ਗਰੀਬ ਹਨ| ਇਸ ਸਮੇਂ ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਅਤੇ ਜਦੋਂ ਕਰੋੜਾਂ ਰੁਪਏ ਦੀਆਂ ਜਮੀਨਾਂ ਦੇ ਮਾਲਕ ਉਚ ਜਾਤੀ ਦੇ ਕਿਸਾਨ ਤਕ ਆਤਮ ਹਤਿਆਵਾਂ ਕਰ ਰਹੇ ਹੋਣ ਤਾਂ ਉਹਨਾਂ ਕਿਸਾਨਾਂ ਕੋਲ ਕੰਮ ਕਰ ਰਹੇ ਮਜਦੂਰਾਂ ਦੀ ਕੀ ਸਥਿਤੀ ਹੋਵੇਗੀ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ| ਖੇਤੀ ਹੇਠ ਰਕਬਾ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਅਤੇ ਇਸ ਕਾਰਨ ਵੱਧਦੀ ਬੇਰੁਜਗਾਰੀ ਦੇ ਨਾਲ ਨਾਲ ਗਰੀਬਾਂ ਦੀ ਵੀ ਗਿਣਤੀ ਵੱਧਦੀ ਜਾ ਰਹੀ ਹੈ|
ਇਹੀ ਹਾਲ ਅਦਿਵਾਸੀਆਂ ਦਾ ਹੈ| ਜਿਹਨਾਂ ਨੂੰ ਜੰਗਲਾਂ ਵਿੱਚੋਂ ਬੇਦਖਲ ਕਰਕੇ ਜੰਗਲਾਂ ਦੀ ਵਿਆਪਕ ਪੱਧਰ ਉੱਤੇ ਕਟਾਈ ਹੋ ਰਹੀ ਹੈ ਅਤੇ ਅਜਿਹਾ ਹੋਣ ਕਾਰਨ ਆਦਿਵਾਸੀਆ ਨੂੰ ਰੋਜੀ ਰੋਟੀ ਦੇ ਲਾਲੇ ਪੈ ਗਏ ਹਨ| ਅਨਪੜ ਹੋਣ ਕਰਕੇ ਇਹ ਆਦਿਵਾਸੀ ਕੋਈ ਕੰਮ ਕਰਨ ਦੇ ਯੋਗ ਵੀ ਨਹੀਂ ਅਤੇ ਆਮ ਸ਼ਹਿਰੀ ਲੋਕ ਇਨਾਂ ਨੂੰ ਦਿਹਾੜੀ ਉਪਰ ਰੱਖਣ ਦੀ ਥਾਂ ਜੰਗਲੀ ਕਹਿ ਕੇ ਦੂਰ ਭਜਾ ਦਿੰਦੇ ਹਨ| ਇਸ ਤਰ੍ਹਾਂ ਆਦਿਵਾਸੀਆਂ ਦੀ ਜਿੰਦਗੀ ਵੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ| ਇਹ ਵੀ ਕਹਿ ਸਕਦੇ ਹਾਂ ਕਿ ਬੀ ਪੀ ਐਲ ਸਿਰਫ ਗਰੀਬੀ ਹੀ ਨਹੀਂ ਬਲਕਿ ਇਹ ਅਨਪੜਤਾ, ਭੂਮੀਹੀਣਤਾ, ਸਮਾਜਿਕ ਭੇਦਭਾਵ ਆਦਿ ਦੀ ਵੀ ਤਸਵੀਰ ਹੈ|
ਸੱਚਾਈ ਇਹ ਵੀ ਹੈ ਕਿ ਸਰਕਾਰ ਵਲੋਂ ਗਰੀਬੀ ਅਤੇ ਗਰੀਬਾਂ ਬਾਰੇ ਜੋ ਅੰਕੜੇ ਪੇਸ਼ ਕੀਤੇ ਜਾਂਦੇ ਹਨ, ਉਹਨਾਂ ਅੰਕੜਿਆਂ ਨੂੰ ਜੇ ਵਿਸਵ ਦੇ ਪੈਮਾਨੇ ਉਪਰ ਪਰਖਿਆ ਜਾਵੇ ਤਾਂ ਅਸਲੀਅਤ ਹੋਰ ਵੀ ਡਰਾਵਨੀ ਨਿਕਲਦੀ ਹੈ| ਭਾਰਤ ਵਿੱਚ ਸਰਕਾਰ ਵਲੋਂ ਜਾਰੀ ਅੰਕੜਿਆਂ ਤੋਂ ਕਿਤੇ ਜਿਆਦਾ ਗਿਣਤੀ ਵਿੱਚ ਗਰੀਬ ਰਹਿੰਦੇ ਹਨ| ਭਾਰਤ ਵਿੱਚ ਉਹਨਾਂ ਲੋਕਾਂ ਦੀ ਵੀ ਵੱਡੀ ਗਿਣਤੀ ਹੈ, ਜਿਹਨਾਂ ਨੂੰ ਗੱਡੀਆਂ ਵਾਲੇ ਕਿਹਾ ਜਾਦਾ ਹੈ, ਇਹ ਲੋਕ ਇਕ ਥਾਂ ਟਿਕ ਕੇ ਨਹੀਂ ਬੈਠਦੇ ਅਤੇ ਇਹਨਾਂ ਦੇ ਕਬੀਲੇ ਹਮੇਸ਼ਾ ਸਫਰ ਕਰਦੇ ਰਹਿੰਦੇ ਹਨ| ਅਜਿਹੇ ਲੋਕ ਭਾਰਤ ਸਰਕਾਰ ਦੀ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ| ਇਹ ਲੋਕ ਵੀ ਗਰੀਬੀ ਦਾ ਸ਼ਿਕਾਰ ਹਨ| ਸਿਕਲੀਗਰ ਸਿੱਖ ਵੀ ਗਰੀਬੀ ਦਾ ਸਾਹਮਣਾ ਕਰ ਰਹੇ ਹਨ| ਇਨਾਂ ਸਿਕਲੀਗਰ ਸਿੱਖਾਂ ਲਈ ਨਾ ਤਾਂ ਕਦੇ ਕਿਸੇ ਸਰਕਾਰ ਨੇ ਕੁਝ ਕੀਤਾ ਹੈ ਨਾ ਹੀ ਸਿੱਖਾਂ ਦੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਕੁਝ ਕੀਤਾ ਹੈ| ਜਿਸ ਕਰਕੇ ਇਸ ਭਾਈਚਾਰੇ ਦੇ ਲੋਕਾਂ ਵਿੱਚ ਵੀ ਗਰੀਬੀ ਘਰ ਕਰ ਗਈ ਹੈ|
ਚਾਹੀਦਾ ਤਾਂ ਇਹ ਹੈ ਕਿ ਭਾਰਤ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਲਗਾਇਆ ਜਾਵੇ ਅਤੇ ਲੋਕਾਂ ਦੀ ਗਰੀਬੀ ਦੂਰ ਕਰਨ ਲਈ ਯੋਗ ਉਪਰਾਲੇ ਕੀਤੇ ਜਾਣ| ਮੋਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੋਟਬੰਦੀ ਵਰਗੇ ਫੈਸਲਿਆਂ ਨੂੰ ਲਾਗੂ ਕਰਨ ਦੀ ਥਾਂ ਗਰੀਬ ਬਚਾਓ ਤੇ ਗਰੀਬੀ ਭਜਾਓ ਏਜੰਡੇ ਨੂੰ ਲਾਗੂ ਕਰੇ ਤਾਂ ਕਿ ਗਰੀਬਾਂ ਦੀ ਜੂਨ ਵਿਚ ਸੁਧਾਰ ਹੋ ਸਕੇ|

Leave a Reply

Your email address will not be published. Required fields are marked *