ਦੇਸ਼, ਸਮਾਜ ਅਤੇ ਲੋਕਤੰਤਰ ਲਈ ਵੱਡਾ ਖਤਰਾ ਹੈ ਜਾਤੀਵਾਦ ਦਾ ਵੱਧਦਾ ਰੁਝਾਨ

ਸਾਡੇ ਦੇਸ਼ ਨੂੰ ਭਾਵੇਂ ਇੱਕ ਧਰਮ ਨਿਰਪੱਖ ਦੇਸ਼ ਦਾ ਦਰਜਾ ਹਾਸਿਲ ਹੈ ਪਰੰਤੂ ਅਸਲੀਅਤ ਇਹ ਹੈ ਕਿ ਇੱਥੇ ਲੋਕ ਜਾਤੀ, ਧਰਮ ਅਤੇ ਭਾਈਚਾਰਿਆਂ ਵਿੱਚ ਬੁਰੀ ਤਰ੍ਹਾਂ ਵੰਡੇ ਹੋਏ ਹਨ| ਹਾਲਾਤ ਇਹ ਹਨ ਕਿ ਆਮ ਲੋਕ ਆਪਣੀ ਜਾਤੀ ਨੂੰ ਧਰਮ ਤੋਂ ਵੀ ਕਿਤੇ ਉੱਪਰ ਮੰਨਦੇ ਹਨ ਅਤੇ ਲੋਕਾਂ ਵਿਚਲੀ ਆਪਣੀ ਜਾਤੀ ਵਿਸ਼ੇਸ਼ ਨੂੰ ਹੋਰਨਾਂ ਜਾਤੀਆਂ ਤੋਂ ਉੱਚਾ ਮੰਨਣ ਦੀ ਮਾਨਸਿਕਤਾ ਕਾਰਨ ਸਮਾਜ ਵਿੱਚ ਆਪਸੀ ਵਖਰੇਵਾਂ ਲਗਾਤਾਰ ਵੱਧ ਰਿਹਾ ਹੈ| ਲੋਕਾਂ ਵਿੱਚ ਜਾਤੀਵਾਦ ਦਾ ਇਹ ਬੀਜ ਬਚਪਨ ਵਿਚ ਹੀ ਜਨਮ ਲੈ ਲੈਂਦਾ ਹੈ ਜਦੋਂ ਛੋਟੇ ਬੱਚਿਆਂ ਦੀ ਲੜਾਈ ਹੋਣ ਤੇ ਇਹ ਬੱਚੇ ਇੱਕ ਦੂਜੇ ਦੀ ਜਾਤੀ ਨੂੰ ਮੰਦਾ ਬੋਲਦੇ ਹਨ ਅਤੇ ਜਾਤੀਵਾਦ ਦਾ ਇਹ ਭੂਤ ਬੱਚਿਆਂ ਦੇ ਦਿਲੋ ਦਿਮਾਗ ਤੇ ਚੜ੍ਹ ਕੇ ਬੋਲਦਾ ਹੈ|
ਸਾਡੇ ਗੁਰੂ ਸਾਹਿਬਾਨ ਨੇ ਭਾਵੇਂ ਸਿੱਖ ਧਰਮ ਵਿੱਚ ਜਾਤੀਵਾਦ ਲਈ ਕੋਈ ਥਾਂ ਨਹੀਂ ਛੱਡੀ ਸੀ ਅਤੇ ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ ਦਾ ਸੰਦੇਸ਼ ਦਿੱਤਾ ਸੀ ਪਰੰਤੂ ਸਿੱਖ ਧਰਮ ਦੇ ਪੈਰੋਕਾਰ ਵੀ ਜਾਤੀਵਾਦ ਦੇ ਇਸ ਜਹਿਰ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਹਨ| ਵੱਖ ਵੱਖ ਜਾਤੀਆਂ ਦੇ ਲੋਕਾਂ ਨੇ ਆਪਣੇ ਵੱਖਰੇ ਗੁਰਦੁਆਰੇ ਬਣਾ ਲਏ ਹਨ ਅਤੇ ਉਹ ਆਪਣੀ ਜਾਤੀ ਨੂੰ ਧਰਮ ਤੋਂ ਉੱਪਰ ਮੰਨਦੇ ਹਨ| ਇਸੇ ਤਰ੍ਹਾਂ ਵੱਖ ਵੱਖ ਜਾਤਾਂ ਤੇ ਆਧਾਰਿਤ ਕਈ ਤਰ੍ਹਾਂ ਦੀਆਂ ਧਾਰਮਿਕ-ਸਮਾਜਿਕ ਜਥੇਬੰਦੀਆਂ ਵੀ ਹੋਂਦ ਵਿੱਚ ਆ ਚੁੱਕੀਆਂ ਹਨ ਜੋ ਕਿ ਆਪੋ ਆਪਣੀ ਜਾਤ ਦੀ ਭਲਾਈ ਲਈ ਹੀ ਉਪਰਾਲੇ ਕਰਦੀਆਂ ਹਨ|
ਹੋਰ ਤਾਂ ਹੋਰ ਦੇਸ਼ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਨੂੰ ਵੀ ਇਹਨਾਂ ਲੋਕਾਂ ਵਲੋਂ ਜਾਤਾਂ ਵਿਚ ਵੰਡਿਆ ਜਾ ਚੁੱਕਿਆ ਹੈ ਅਤੇ ਵੱਖ ਵੱਖ ਜਾਤਾਂ ਨਾਲ ਸੰਬੰਧਿਤ ਲੋਕਾਂ ਵਲੋਂ ਆਪਣੀਆਂ ਆਪਣੀਆਂ ਜਾਤੀਆਂ ਨਾਲ ਸੰਬਧਿਤ ਸ਼ਹੀਦਾਂ ਨੂੰ ਉਹਨਾਂ ਦੀ ਜਾਤ ਦਾ ਹੋਣ ਕਰਕੇ ਮਾਣ ਸਤਿਕਾਰ ਦਿੱਤਾ ਜਾਂਦਾ ਹੈ| ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਪਰ ਸ਼ਹੀਦਾਂ ਦੀ ਸੋਚ ਨੂੰ ਬਚਾਉਣ ਦੀ ਥਾਂ ਸ਼ਹੀਦਾਂ ਦੀਆਂ ਜਾਤੀਆਂ ਵਾਲੇ ਲੋਕ ਹੀ ਜਥੇਬੰਦੀਆਂ ਬਣਾ ਕੇ ਰਾਜਸੀ ਅਤੇ ਆਰਥਿਕ ਲਾਭ ਲੈਂਦੇ ਰਹਿੰਦੇ ਹਨ| ਇਸ ਤੋਂ ਪਤਾ ਚਲ ਜਾਂਦਾ ਹੈ ਕਿ ਜਾਤੀਵਾਦ ਦਾ ਇਹ ਜਹਿਰ ਸਾਡੀਆਂ ਰਗਾਂ ਵਿੱਚ ਕਿੰਨੀ ਡੂੰਘੀ ਪਕੜ ਬਣਾ ਚੁੱਕਿਆ ਹੈ|
ਕੁਝ ਲੋਕਾਂ ਅਨੁਸਾਰ ਲੋਕ ਧਰਮ ਦੇ ਮੁਕਾਬਲੇ ਆਪਣੀ ਜਾਤੀ ਨੂੰ ਇਸ ਲਈ ਵੀ ਵੱਧ ਮਹੱਤਵ ਦਿੰਦੇ ਹਨ ਕਿਉਂਕਿ ਉਹਨਾਂ ਅਨੁਸਾਰ ਧਰਮ ਤਾਂ ਬਦਲਿਆ ਜਾ ਸਕਦਾ ਹੈ ਪਰ ਜਾਤ ਨਹੀਂ ਬਦਲੀ ਜਾ ਸਕਦੀ| ਹਾਲਾਂਕਿ ਸਮਾਜ ਵਿੱਚ ਕੁੱਝ ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਜਾਤ ਹੀ ਬਦਲ ਲੈਂਦੇ ਹਨ| ਇਹ ਲੋਕ ਆਪਣਾ ਜੱਦੀ ਘਰ ਬਾਰ ਅਤੇ ਪਿੰਡ ਛੱਡ ਕੇ ਕਿਤੇ ਦੂਰ ਦੁਰਾਡੇ ਜਾ ਕੇ ਰਹਿਣ ਲੱਗ ਜਾਂਦੇ ਹਨ ਅਤੇ ਆਪਣੀ (ਕਥਿਤ) ਨੀਂਵੀਂ ਜਾਤ ਨੂੰ ਛੱਡ ਕੇ ਖੁਦ ਨੂੰ ਅਖੌਤੀ ਉੱਚੀ ਜਾਤ ਨਾਲ ਸੰਬੰਧਿਤ ਦੱਸਦੇ ਹਨ| ਇਸੇ ਤਰ੍ਹਾਂ ਕਈ ਅਖੌਤੀ ਉਚੀ ਜਾਤ ਦੇ ਲੋਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਾਗਜਾਂ ਵਿੱਚ ਅਖੌਤੀ ਨੀਵੀਂ ਜਾਤ ਦੇ ਬਣ ਜਾਂਦੇ ਹਨ ਅਤੇ ਸਰਕਾਰੀ ਲਾਭ ਲੈਂਦੇ ਰਹਿੰਦੇ ਹਨ|
ਜਾਤ ਪਾਤ ਦੇ ਆਧਾਰ ਤੇ ਸਮਾਜ ਵਿੱਚ ਆਪਸੀ ਪਾੜਾ ਤਾਂ ਵੱਧਦਾ ਹੀ ਹੈ ਇਸ ਕਾਰਨ ਕਈ ਵਾਰ ਦੰਗਾ ਹੋਣ ਤਕ ਦੀ ਨੌਬਤ ਬਣ ਜਾਂਦੀ ਹੈ| ਹਰਿਆਣਾ ਦੀਆਂ ਖਾਪ ਪੰਚਾਇਤਾਂ ਵਲੋਂ ਹਰਿਆਣੇ ਦੇ ਪਿੰਡਾਂ ਵਿੱਚ ਜਾਤੀਵਾਦ ਤੇ ਆਧਾਰਿਤ ਅਜਿਹੇ ਫੈਸਲੇ ਤਕ ਸੁਣਾਏ ਜਾਂਦੇ ਹਨ ਜਿਹੜੇ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ| ਇਹ ਖਾਪ ਪੰਚਾਇਤਾਂ ਇੱਕ ਜਾਤ ਦੇ ਮੁੰਡੇ ਕੁੜੀਆਂ ਨੂੰ ਕਿਸੇ ਹੋਰ ਜਾਤ ਦੇ ਮੁੰਡੇ ਕੁੜੀਆਂ ਨਾਲ ਰਿਸ਼ਤਾ ਬਣਾਉਣ ਦੇ ਦੋਸ਼ ਵਿੱਚ ਬਹੁਤ ਹੀ ਸਖਤ ਸਜਾਵਾਂ ਦਿੰਦੀਆਂ ਹਨ, ਜਿਸ ਕਾਰਨ ਕਈ ਕਈ ਦਿਨ ਤਨਾਓ ਵਾਲਾ ਮਾਹੌਲ ਬਣਿਆ ਰਹਿੰਦਾ ਹੈ|
ਜਾਤੀਵਾਦ ਦਾ ਇਹ ਜਹਿਰ ਦੇਸ਼ ਦੇ ਲੋਕਤੰਤਰ ਲਈ ਵੱਡੇ ਖਤਰੇ ਦਾ ਰੂਪ ਧਾਰਨ ਕਰ ਚੁੱਕਿਆ ਹੈ| ਸਿਆਸੀ ਪਾਰਟੀਆਂ ਕਿਸੇ ਵੀ ਖੇਤਰ ਵਿੱਚ ਉਸੇ ਜਾਤ ਦੇ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾਉਂਦੀਆਂ ਰਹੀਆਂ ਹਨ ਜਿਸ ਜਾਤ ਦੇ ਲੋਕ ਉਸ ਇਲਾਕੇ ਵਿੱਚ ਵੱਧ ਹੋਣ ਅਤੇ ਹੁਣ ਤਾਂ ਜਾਤੀ ਵਿਸ਼ੇਸ਼ ਦੇ ਆਧਾਰ ਤੇ ਪਾਰਟੀਆਂ ਬਣ ਚੁੱਕੀਆਂ ਹਨ ਜਿਹੜੀਆਂ ਇੱਕ ਦੂਜੇ ਦੇ ਖਿਲਾਫ ਲਗਾਤਾਰ ਜਹਿਰ ਉਗਲਦੀਆਂ ਰਹਿੰਦੀਆਂ ਹਨ ਅਤੇ ਇਸ ਕਾਰਨ ਸਾਡਾ ਲੋਕਤੰਤਰ ਵੀ ਜਾਤੀਵਾਦ ਦੇ ਇਸ ਜਹਿਰ ਵਿੱਚ ਜਕੜਿਆ ਜਾ ਚੁੱਕਿਆ ਹੈ| ਦੇਸ਼ ਦੀਆਂ ਸਿਆਸੀ ਪਾਰਟੀਆਂ ਅਤੇ ਚੋਣ ਕਮਿਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਜਾਤੀਵਾਦ ਦੇ ਕੀੜੇ ਨੂੰ ਪਨਪਣ ਨਾ ਦੇਣ ਅਤੇ ਜਾਤੀਵਾਦ ਦੀ ਥਾਂ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਰਨਾ ਸਾਡੇ ਸ਼ਹੀਦਾਂ ਵਲੋਂ ਕੁਰਬਾਨੀਆਂ ਦੇ ਕੇ ਹਾਸਿਲ ਕੀਤੀ ਇਸ ਆਜਾਦੀ ਦਾ ਹੀ ਕੋਈ ਅਰਥ ਨਹੀਂ ਰਹਿ ਪਾਏਗਾ|ਨਵੀਨ ਕੁਮਾਰ

Leave a Reply

Your email address will not be published. Required fields are marked *