ਦੇਸ਼ ਨੂੰ ਅੱਧੀ ਸਚਾਈ ਤੋਂ ਜਾਣੂੰ ਕਰਵਾ ਰਹੀ ਹੈ ਮੋਦੀ ਸਰਕਾਰ : ਚਿਦਾਂਬਰਮ

ਨਵੀਂ ਦਿੱਲੀ, 27 ਜੂਨ (ਸ.ਬ.) ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਰਾਜੀਵ ਗਾਂਧੀ ਫਾਊਂਡੇਸ਼ਨ (ਆਰ.ਜੀ.ਐਫ.) ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਅੱਜ ਪਲਟਵਾਰ ਕੀਤਾ| ਚਿਦਾਂਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਕੀ ਆਰ.ਜੀ.ਐਫ. ਵਲੋਂ ਚੀਨ ਨੂੰ ਪੈਸਾ ਵਾਪਸ ਕਰਨ ਨਾਲ ਲੱਦਾਖ ਵਿੱਚ ਚੀਨੀ ਫੌਜ ਦਾ ਕਬਜ਼ਾ ਖਤਮ ਹੋ ਜਾਵੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਹੋ ਜਾਵੇਗੀ| ਉਨ੍ਹਾਂ ਨੇ ਟਵੀਟ ਕੀਤਾ,”ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅੱਧਾ ਸੱਚ ਬੋਲਣ ਵਿੱਚ ਮਾਹਰ ਹਨ| ਮੇਰੇ ਸਹਿਯੋਗੀ ਰਣਦੀਪ ਸੁਰਜੇਵਾਲਾ ਨੇ ਕੱਲ ਉਨ੍ਹਾਂ ਦੀ ਅੱਧੀ ਸੱਚਾਈ ਸਾਹਮਣੇ ਲਿਆਂਦੀ|”
ਚਿਦਾਂਬਰਮ ਨੇ ਸਵਾਲ ਕੀਤਾ, ”ਆਰ. ਜੀ. ਐਫ. ਨੂੰ 15 ਸਾਲ ਪਹਿਲਾਂ ਮਿਲੀ ਗਰਾਂਟ ਦਾ ਮੋਦੀ ਸਰਕਾਰ ਦੇ ਅਧੀਨ 2020 ਵਿੱਚ ਚੀਨ ਦੇ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਨਾਲ ਕੀ ਲੈਣਾ-ਦੇਣਾ ਹੈ? ਮੰਨ ਲਵੋ ਕਿ ਆਰ.ਜੀ.ਐਫ. 20 ਲੱਖ ਰੁਪਏ ਵਾਪਸ ਦੇ ਦਿੰਦੀ ਹੈ, ਤਾਂ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਭਰੋਸਾ ਦਿਵਾਉਣਗੇ ਕਿ ਚੀਨ ਆਪਣਾ ਕਬਜ਼ਾ ਖਾਲੀ ਕਰੇਗਾ ਅਤੇ ਪਹਿਲਾਂ ਵਰਗੀ ਸਥਿਤੀ ਬਹਾਲ ਕਰੇਗਾ?” ਉਨ੍ਹਾਂ ਨੇ ਕਿਹਾ,”ਨੱਢਾ ਜੀ, ਅਸਲ ਵਿੱਚ ਜ਼ਮੀਨ ਤੇ ਆਓ, ਅੱਧੀ ਸੱਚਾਈ ਵਾਲੇ ਅਤੀਤ ਵਿੱਚ ਨਾ ਰਹੋ| ਕ੍ਰਿਪਾ ਭਾਰਤੀ ਖੇਤਰ ਵਿੱਚ ਚੀਨੀ ਘੁਸਪੈਠ ਤੇ ਸਾਡੇ ਸਵਾਲਾਂ ਦੇ ਜਵਾਬ ਦਿਓ|”

ਜਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਨੱਢਾ ਨੇ ਦੋਸ਼ ਲਗਾਇਆ ਹੈ ਕਿ 2005 ਵਿੱਚ ਆਰ.ਜੀ.ਐਫ. ਨੂੰ ਚੀਨੀ ਦੂਤਘਰ ਤੋਂ ਪੈਸੇ ਮਿਲੇ ਸਨ| ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭਾਜਪਾ ਤੇ ਚੀਨੀ ਘੁਸਪੈਠ ਤੋਂ ਧਿਆਨ ਭਟਕਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦਿਵਯਾਂਗਾਂ ਦੇ ਕਲਿਆਣ ਅਤੇ ਭਾਰਤ-ਚੀਨ ਸੰਬੰਧਾਂ ਤੇ ਸੋਧ ਲਈ ਆਰ.ਜੀ.ਐੱਫ. ਨੂੰ ਇਹ ਗਰਾਂਟ ਮਿਲੀ ਸੀ ਅਤੇ ਰਿਟਰਨ ਫਾਈਲ ਕਰਨ ਦੌਰਾਨ ਇਸ ਦਾ ਜ਼ਿਕਰ ਕੀਤਾ ਗਿਆ ਸੀ|

Leave a Reply

Your email address will not be published. Required fields are marked *