ਦੇਹਧਾਰੀ ਗੁਰੂਆਂ ਦਾ ਪਿੱਛਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਸੰਗਤਾਂ : ਭਾਈ ਪਿੰਦਰਪਾਲ ਸਿੰਘ

ਦੇਹਧਾਰੀ ਗੁਰੂਆਂ ਦਾ ਪਿੱਛਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਸੰਗਤਾਂ : ਭਾਈ ਪਿੰਦਰਪਾਲ ਸਿੰਘ
ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਕਰਵਾਏ ਗੁਰਸ਼ਬਦ ਸਮਾਗਮ ਦੌਰਾਨ ਸੰਗਤਾਂ ਨੇ ਲਗਵਾਈ ਭਰਵੀਂ ਹਾਜਰੀ
ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵਿਖੇ  ਧਰਮ ਪ੍ਰਚਾਰ ਕਮੇਟੀ ਮੁਹਾਲੀ, ਕਲਗੀਧਰ ਸੇਵਕ ਜਥਾ ਵਲੋਂ ਮਾਰਕੀਟ  ਵੈਲਫੇਅਰ ਐਸੋਸੀਏਸ਼ਨ    ਫੇਜ਼ 3 ਬੀ 2 ਦੇ ਸਹਿਯੋਗ ਨਾਲ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਪੁਰਬ ਤੇ ਗੁਰਸ਼ਬਦ ਸਮਾਗਮ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਦਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਰੂਪ ਲਿਆਂਦੇ ਗਏ|
ਇਸ ਉਪਰੰਤ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਕਥਾ ਕਰਦਿਆਂ ਸੰਗਤ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਦਾ ਸੰਦੇਸ਼ ਦਿਤਾ| ਉਹਨਾਂ ਕਿਹਾ ਕਿ ਸਿੱਖ ਸੰਗਤਾਂ ਨੁੰ ਦੇਹਧਾਰੀ ਗੁਰੂਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ, ਸਗੋਂ ਇਸ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਿਤੀਆਂ ਸਿਖਿਆਵਾਂ ਉਪਰ ਹੀ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ| ਉਹਨਾਂ ਸਿੱਖਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲਗਣ ਲਈ ਕਿਹਾ|
ਇਸ ਮੌਕੇ ਕਥਾ ਕਰਦਿਆਂ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਨਵਤਾ ਦੀ ਭਲਾਈ ਲਈ ਉਪਰਾਲੇ ਕਰਨੇ ਚਾਹੀਦੇ ਹਨ| ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਦੁਨੀਆਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ|
ਇਸ ਮੌਕੇ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਕਥਾ ਕੀਰਤਨ ਕਰਦਿਆਂ  ਭਗਤ ਨਾਮਦੇਵ ਅਤੇ ਹੋਰ ਭਗਤਾਂ ਦੀ ਬਾਣੀ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਭਗਤਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਬਰਾਬਰ ਮਾਣ ਅਤੇ ਸਤਿਕਾਰ ਦਿਤਾ ਹੈ|
ਉਹਨਾਂ ਕਿਹਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੁੰ ਮੱਥਾ ਟੇਕਿਆ ਜਾਂਦਾ ਹੈ ਤਾਂ ਗੁਰੂ ਸਾਹਿਬਾਨ ਦੇ ਨਾਲ ਨਾਲ ਭਗਤਾਂ ਨੁੰ ਵੀ ਮੱਥਾ ਆਪਣੇ ਆਪ ਹੀ ਟਿਕ ਜਾਂਦਾ ਹੈ| ਗੁਰੂ ਸਾਹਿਬਾਨ ਨੇ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਜਾਤ ਪਾਤ ਅਤੇ ਊਚ ਨੀਚ ਦੇ ਭਿੰਨ ਭੇਦ ਮਿਟਾਏ ਸਨ|
ਇਸ ਮੌਕੇ ਭਾਈ ਗੁਰਸੇਵਕ ਸਿੰਘ ਰੰਗੀਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ| ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸ਼ਾਏ ਗਏ ਰਾਹ ਉਪਰ ਚਲਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਾਰੇ ਹੀ ਧਰਮ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਸੰਦੇਸ਼ ਦਿੰਦਾ ਹੈ|
ਇਸ ਮੌਕੇ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਲਖਵਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਵਾਲੇ, ਭਾਈ ਅਮਰਜੀਤ ਸਿੰਘ, ਭਾਈ ਜਤਿੰਦਰ ਸਿੰਘ ਪ੍ਰਚਾਰਕ ਨੇ ਕਥਾ,   ਕੀਰਤਨ ਅਤੇ ਮਨੋਹਰ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ|
ਸਟੇਜ ਦਾ ਸੰਚਾਲਨ ਕਰਮ ਸਿੰਘ ਬਬਰਾ ਜਨਰਲ ਸਕਤਰ ਰਾਮਗੜ੍ਹੀਆ ਸਭਾ ਨੇ ਕੀਤਾ| ਇਸ ਸਮਾਗਮ ਵਿਚ ਵੱਡੀ  ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ ਅਤੇ ਸਮਾਗਮ ਦਾ ਆਨੰਦ ਮਾਣਿਆ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ|  ਇਸ ਮੌਕੇ ਕਲਗੀਧਰ ਸੇਵਕ ਜਥੇ ਦੇ ਮੈਂਬਰਾਂ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੀਆਂ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਇਆ|

Leave a Reply

Your email address will not be published. Required fields are marked *