ਦੇਹਰਾਦੂਨ ਵਿੱਚ ਤੇਜ਼ ਮੀਂਹ ਕਾਰਨ ਮਕਾਲ ਡਿੱਗਣ ਤੇ 3 ਵਿਅਕਤੀਆਂ ਦੀ ਮੌਤ

ਉੱਤਰਾਖੰਡ, 15 ਜੁਲਾਈ (ਸ.ਬ.) ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਚੁਕਖੁਵਾਲਾ ਇਲਾਕੇ ਵਿੱਚ ਇੱਕ ਮਕਾਨ ਢਹਿ ਗਿਆ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ| ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਸੂਬਾ ਆਫਤ ਪ੍ਰਤੀਕਿਰਿਆ ਬਲ (ਐਸ. ਡੀ. ਆਰ. ਐਫ.) ਦੀ ਟੀਮ ਬਚਾਅ ਕੰਮ ਵਿੱਚ ਜੁੱਟ ਗਈ| ਉਨ੍ਹਾਂ ਨੇ 6 ਵਿਅਕਤੀਆਂ ਨੂੰ ਬਾਹਰ ਕੱਢਿਆ ਹੈ, ਇਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ, ਜਦਕਿ 3 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ| ਖਦਸ਼ਾ ਹੈ ਕਿ ਅਜੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ| ਜਿਕਰਯੋਗ ਹੈ ਕਿ ਇਹ ਹਾਦਸਾ ਦੇਰ ਰਾਤ ਤੇਜ਼ ਮੀਂਹ ਕਾਰਨ ਵਾਪਰਿਆ|  ਮਕਾਨ ਢਹਿਣ ਨਾਲ ਘਰ ਵਿੱਚ ਸੌਂ ਰਹੇ ਪਰਿਵਾਰ ਦੇ ਸਾਰੇ ਮੈਂਬਰ ਮਲਬੇ ਹੇਠਾਂ ਦੱਬੇ ਗਏ| 
ਘਟਨਾ ਦੀ ਸੂਚਨਾ ਮਿਲਦੇ ਹੀ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ. ਡੀ. ਆਰ. ਐਫ.) ਦੀ ਟੀਮ ਮੌਕੇ ਤੇ ਪੁੱਜੀ| ਉਨ੍ਹਾਂ ਨੇ ਸਥਾਨਕ ਐਸ. ਡੀ. ਆਰ. ਐਫ. ਅਤੇ ਪੁਲੀਸ ਨਾਲ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ| 3 ਵਿਅਕਤੀਆਂ ਨੂੰ ਜਿਊਂਦਾ ਬਚਾਇਆ ਅਤੇ 3 ਲਾਸ਼ਾਂ ਨੂੰ ਕੱਢਿਆ ਗਿਆ ਹੈ|
ਐਨ. ਡੀ. ਆਰ. ਐਫ. ਦੇ ਡਾਇਰੈਕਟਰ ਜਨਰਲ ਸੱਤਿਆ ਪ੍ਰਧਾਨ ਨੇ ਕਿਹਾ ਕਿ ਬਚਾਅ ਮੁਹਿੰਮ ਅਜੇ ਜਾਰੀ ਹੈ| ਹਾਦਸੇ ਮਗਰੋਂ ਮੌਕੇ ਤੇ ਆਈ.ਜੀ. ਅਭਿਨਵ ਕੁਮਾਰ, ਡੀ. ਆਈ. ਜੀ. ਅਰੁਣਾ ਮੋਹਨ ਜੋਸ਼ੀ, ਡੀ. ਐਮ. ਆਸ਼ੀਸ਼ ਸ਼੍ਰੀਵਾਸਤਵ ਸਮੇਤ ਪੁਲੀਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਜੂਦ ਹਨ| ਮੀਂਹ ਦੇ ਸ਼ੁਰੂਆਤੀ ਦੌਰ ਵਿਚ ਦੇਹਰਾਦੂਨ ਵਿੱਚ ਇਹ ਵੱਡਾ ਹਾਦਸਾ ਹੈ| 
ਦੋ ਸਾਲ ਪਹਿਲਾਂ ਵੀ ਇਸੇ ਖੇਤਰ ਨੇੜੇ ਮਕਾਨ ਢਹਿ ਜਾਣ ਨਾਲ ਲੋਕਾਂ ਦੀ ਮੌਤ ਹੋ ਗਈ ਸੀ| ਇਕ ਵਾਰ ਫਿਰ ਹਾਦਸੇ ਕਾਰਨ ਆਲੇ-ਦੁਆਲੇ ਦੇ ਲੋਕ ਸਦਮੇ ਵਿਚ ਹਨ|

Leave a Reply

Your email address will not be published. Required fields are marked *