ਦੈੜੀ-ਗੀਗੇਮਾਜਰਾ-ਨਗਾਰੀ ਦੀ ਸੜਕ ਦੀ ਹਾਲਤ ਸੁਧਾਰਨ ਲਈ 62 ਲੱਖ ਮਨਜ਼ੂਰ : ਚੰਦੂਮਾਜਰਾ

ਐਸ.ਏ.ਐਸ. ਨਗਰ, 19 ਅਪ੍ਰੈਲ (ਸ.ਬ.) ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਹੋਈ ਮੀਟਿੰਗ ਵਿੱਚ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਅਤੇ ਮੁਹਾਲੀ ਸ਼ਹਿਰ ਦੀਆਂ ਸੜਕਾਂ ਨੂੰ ਚੌੜਾ ਕਰਨ ਲਈ ਲਈ ਦਿੱਤੀ ਸਹਿਮਤੀ ਨਾਲ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ| ਇਹ ਵਿਚਾਰ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਫੇਜ 2 ਵਿਖੇ ਪਿੰਡ ਜਗਤਪੁਰਾ ਦੀ ਫਿਰਨੀ ਦੀ ਹਾਲਤ ਸੁਧਾਰਨ ਬਾਰੇ ਮੀਡੀਆ ਵਿੱਚ ਖਬਰਾਂ ਪੜ੍ਹਨ ਉਪਰੰਤ ਧੰਨਵਾਦ ਕਰਨ ਲਈ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਫੇਜ਼ 2 ਸਥਿਤ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਹਾਇਸ਼ ਉਤੇ ਪਿੰਡ ਜਗਤਪੁਰਾ ਤੋਂ ਬਲਾਕ ਸੰਮਤੀ ਮੈਂਬਰ ਗੁਰਚਰਨ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ, ਕੇਸਰ ਸਿੰਘ ਆਦਿ ਦੀ ਅਗਵਾਈ ਵਿੱਚ ਲੋਕ ਵਿਸ਼ੇਸ਼ ਧੰਨਵਾਦ ਲਈ ਪਹੁੰਚੇ ਹੋਏ ਸਨ ਜਿੱਥੇ ਉਹ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਮਿਲੇ| ਉਕਤ ਲੋਕਾਂ ਨੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਕੋਲ ਖੁਸ਼ੀ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਕੋਈ ਅਜਿਹਾ ਆਗੂ ਮਿਲਿਆ ਹੈ ਜਿਸ ਨੇ ਉਨ੍ਹਾਂ ਦੇ ਪਿੰਡ ਦੀ ਸੁਣਵਾਈ ਕੀਤੀ ਹੈ ਅਤੇ ਕਰੀਬ 14 ਸਾਲਾਂ ਬਾਅਦ ਉਨ੍ਹਾਂ ਦੇ ਪਿੰਡ ਦੀ ਫਿਰਨੀ ਦੀ ਸੁਣੀ ਗਈ ਹੈ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਮੀਟਿੰਗ ਤੋਂ ਬਾਅਦ ਦੈੜੀ ਤੋਂ ਗੀਗੇਮਾਜਰਾ ਨਗਾਰੀ ਰੋਡ ਉਤੇ ਸਪੈਸ਼ਲ ਰਿਪੇਅਰ ਲਈ ਗਰਾਂਟ ਮਨਜੂਰ ਹੋ ਗਈ ਹੈ| ਪਹਿਲਾਂ ਇਹ ਸੜਕ ਪੈਚ ਵਰਕ ਵਿੱਚ ਪਾਈ ਗਈ ਸੀ ਪ੍ਰੰਤੂ ਹੁਣ ਇਸ ਸੜਕ ਦੀ ਰੀ-ਕਾਰਪੈਟਿੰਗ ਲਈ ਮੁੱਖ ਮੰਤਰੀ ਪੰਜਾਬ ਵੱਲੋਂ 62 ਲੱਖ ਰੁਪਏ ਦੀ ਗਰਾਂਟ ਮਨਜੂਰ ਕਰ ਦਿੱਤੀ ਗਈ ਹੈ|
ਇਸ ਦੇ ਨਾਲ ਹੀ ਹਲਕਾ ਮੁਹਾਲੀ ਦੇ ਪਿੰਡਾਂ ਦੀਆਂ ਸੜਕਾਂ ਦੀ ਸਪੈਸ਼ਲ ਰਿਪੇਅਰ ਲਈ 3 ਕਰੋੜ 70 ਲੱਖ ਰੁਪਏ ਦੀ ਗਰਾਂਟ ਮੁੱਖ ਮੰਤਰੀ ਪੰਜਾਬ ਵੱਲੋਂ ਮਨਜੂਰ ਕਰ ਦਿੱਤੀ ਗਈ ਹੈ ਜਿਸ ਨਾਲ ਹਲਕੇ ਦੀਆਂ ਸੜਕਾਂ ਦੀ ਹਾਲਤ ਸੁਧਰੇਗੀ| ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਹਾਲੀ ਸ਼ਹਿਰ ਦੀਆਂ ਸੜਕਾਂ ਦੀ ਰੀਕਾਰਪੈਟਿੰਗ ਦਾ ਕੰਮ ਵੀ ਅਪ੍ਰੈਲ ਮਹੀਨੇ ਦੇ ਅੰਦਰ ਅੰਦਰ ਨਿਪਟਾ ਲਿਆ ਜਾਵੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ, ਅਵਤਾਰ ਸਿੰਘ, ਮਨਦੀਪ ਸਿੰਘ ਮੰਨਾ ਸੇਖੋਂ, ਦਲਜੀਤ ਸਿੰਘ, ਅਜਾਇਬ ਪਟਵੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *