ਦੋਧੀ ਯੂਨੀਅਨ ਨੇ ਚੁੱਕਿਆ ਕਿਸਾਨਾਂ ਵਿਰੁੱਧ ਝੰਡਾ, ਦੋਧੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਰੋਕ ਲਗਾਉਣ ਦੀ ਮੰਗ

ਦੋਧੀ ਯੂਨੀਅਨ ਨੇ ਚੁੱਕਿਆ ਕਿਸਾਨਾਂ ਵਿਰੁੱਧ ਝੰਡਾ, ਦੋਧੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਰੋਕ ਲਗਾਉਣ ਦੀ ਮੰਗ
ਐਸ ਐਸ ਪੀ ਨੂੰ ਸ਼ਿਕਾਇਤ ਦੇ ਕੇ ਬਣਦੀ ਕਾਰਵਾਈ ਦੀ ਮੰਗ
ਐਸ ਏ ਐਸ ਨਗਰ, 4 ਜੂਨ (ਸ.ਬ.) ਕਿਸਾਨਾਂ ਵਲੋਂ ਕੀਤੀ ਜਾ ਰਹੀ ਹੜਤਾਲ ਦੌਰਾਨ ਦੋਧੀਆਂ ਨੂੰ ਰੋਕ ਕੇ ਉਹਨਾਂ ਦਾ ਦੁੱਧ ਸੜਕਾਂ ਤੇ ਡੋਲ੍ਹਣ ਦੀ ਕਾਰਵਾਈ ਦੇ ਖਿਲਾਫ ਪੈਰੀਫੈਰੀ ਮਿਲਕਮੈਨ ਯੂਨੀਅਨ ਵਲੋਂ ਝੰਡਾ ਚੁੱਕ ਲਿਆ ਗਿਆ ਹੈ| ਇਸ ਸੰਬੰਧੀ ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਐਸ ਏ ਐਸ ਨਗਰ ਦੇ ਐਸ ਐਸ ਪੀ ਨੂੰ ਪੱਤਰ ਲਿਖ ਕੇ ਕਿਸਾਨ ਯੂਨੀਅਨ ਵੱਲੋਂ ਦੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ, ਰਸਤੇ ਵਿੱਚ ਘੇਰ ਕੇ ਦੁੱਧ ਡੋਲਣ, ਮਨ੍ਹਾਂ ਕਰਨ ਤੇ ਲੜਾਈ ਝਗੜਾ ਕਰਨ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਯੁਨੀਅਨ ਦੇ ਜਨਰਲ ਸਕੱਤਰ ਸ੍ਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਪੈਰਾਫੈਰੀ ਮਿਲਕਮੈਨ ਯੂਨੀਅਨ ਦੇ ਇੱਕ ਵਫਦ ਨੇ ਪ੍ਰਧਾਨ ਸ੍ਰ. ਅਮਰਜੀਤ ਸਿੰਘ ਦੀ ਅਗਵਾਈ ਵਿੱਚ ਐਸ ਐਸ ਪੀ ਦਫਤਰ ਵਿੱਚ ਸ਼ਿਕਾਇਤ ਦਿੱਤੀ ਹੈ| ਯੂਨੀਅਨ ਵਲੋਂ ਐਸ ਐਸ ਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਦੋਧੀਆਂ ਨੂੰ ਰਸਤੇ ਵਿੱਚ ਘੇਰ ਕੇ ਉਨ੍ਹਾਂ ਨਾਲ ਜਬਰਦਸਤੀ ਕੀਤੀ ਜਾਂਦੀ ਹੈ ਅਤੇ ਜਿੱਥੇ ਵੀ ਚੌਂਕਾਂ ਵਿੱਚ ਖੜ੍ਹੇ ਹਨ ਦੋਧੀਆਂ ਨੂੰ ਰੋਕ ਕੇ ਉਨ੍ਹਾਂ ਦਾ ਦੁੱਧ ਡੋਲਣ ਲਈ ਦਬਾਅ ਪਾਉਂਦੇ ਹਨ| ਜੇਕਰ ਕੋਈ ਦੁੱਧ ਨਹੀਂ ਡੋਲਦਾ ਤਾਂ ਉਸ ਦਾ ਦੁੱਧ ਜਬਰਦਸਤੀ ਡਰੰਮ ਉਤਾਰ ਕੇ ਸੜਕ ਤੇ ਰੋੜ੍ਹ ਦਿੱਤਾ ਜਾਂਦਾ ਹੈ| ਜਦੋਂ ਕੋਈ ਦੋਧੀ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ ਨਾਲ ਹੱਥੋਪਾਈ ਹੁੰਦੇ ਹਨ ਅਤੇ ਕੁੱਟਮਾਰ ਵੀ ਕਰਦੇ ਹਨ|
ਸ੍ਰ. ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦਾ ਦੋਧੀਆਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਕਿਸਾਨਾਂ ਵਲੋਂ ਦੋਧੀਆਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਪੁਲੀਸ ਵਲੋਂ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਜਸਬੀਰ ਸਿੰਘ, ਸ੍ਰ. ਸੰਤ ਸਿੰਘ, ਸ੍ਰ. ਸਤਪਾਲ ਸਿੰਘ ਸ੍ਰ. ਪਾਲ ਸਿੰਘ ਅਤੇ ਸ੍ਰ. ਮਨਜੀਤ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *