ਦੋਸ਼ੀਆਂ ਨੂੰ ਮਿਲੇਗੀ ਸਜ਼ਾ: ਪ੍ਰਕਾਸ਼ ਜਾਵਡੇਕਰ

ਨਵੀਂ ਦਿੱਲੀ, 29 ਮਾਰਚ (ਸ.ਬ.) ਸੀ.ਬੀ.ਐਸ.ਈ. ਪੇਪਰ ਲੀਕ ਮਾਮਲਾ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ| ਕ੍ਰਾਈਮ ਬਰਾਂਚ ਨੇ ਇਸ ਮੁੱਦੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਜਗ੍ਹਾ ਛਾਪੇਮਾਰੀ ਹੋਈ ਹੈ| ਕੇਂਦਰੀ ਸਿੱਖਿਆ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ| ਉਨ੍ਹਾਂ ਨੇ ਕਿਹਾ ਕਿ ਉਹ ਵੀ ਇਸ ਘਟਨਾ ਤੋਂ ਕਾਫੀ ਦੁਖੀ ਹਨ| ਜਾਵਡੇਕਰ ਨੇ ਕਿਹਾ ਕਿ ਮੈਂ ਰਾਤ ਭਰ ਇਸ ਕਾਰਨ ਸੌਂ ਨਹੀਂ ਸਕਿਆ ਹਾਂ, ਮੈਂ ਵੀ ਇਕ ਪਿਤਾ ਹਾਂ, ਇਸ ਚਿੰਤਾ ਨੂੰ ਸਮਝਦਾ ਹਾਂ| ਜਾਵਡੇਕਰ ਨੇ ਕਿਹਾ ਕਿ ਸੀ.ਬੀ.ਐਸ.ਈ. ਇਕ ਚੰਗੀ ਸੰਸਥਾ ਹੈ, ਉਸ ਦੀ ਵਿਵਸਥਾ ਚੰਗੀ ਹੈ ਪਰ ਇਸ ਘਟਨਾ ਨਾਲ ਉਨ੍ਹਾਂ ਤੇ ਵੀ ਦਾਗ਼ ਲੱਗਾ ਹੈ| ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚਿੰਤਤ ਹੈ| ਇਸ ਘਟਨਾ ਦਾ ਦੋਸ਼ੀ ਜੋ ਵੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਮੱਸਿਆ ਨੂੰ ਲੈ ਕੇ ਸਰਕਾਰ ਨੇ ਕੁਝ ਕਦਮ ਵੀ ਚੁੱਕੇ ਹਨ| ਇਸ ਵਿੱਚ ਪ੍ਰਾਈਵੇਟ ਕਾਲਜ ਵਿੱਚ ਜਾਣ ਲਈ 6600 ਕਰੋੜ ਰੁਪਏ ਦਾ ਲੋਨ ਸਰਕਾਰ ਭਰੇਗੀ| ਪਿਛਲੇ ਤਿੰਨ ਸਾਲ ਵਿੱਚ ਅਸੀਂ 5500 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ| ਜਾਵਡੇਕਰ ਨੇ ਕਿਹਾ ਕਿ ਜੋ ਵੀ ਅੱਜ 16 ਲੱਖ ਵਿਦਿਆਰਥੀਆਂ ਨਾਲ ਹੋਇਆ, ਉਸ ਲਈ ਉਹਨਾਂ ਨੂੰ ਕਾਫੀ ਦੁੱਖ ਹੈ| ਜ਼ਿਕਰਯੋਗ ਹੈ ਕਿ ਸੀ. ਬੀ. ਐਸ. ਈ. ਬੋਰਡ ਦੀ 10ਵੀਂ ਜਮਾਤ ਦੇ ਹਿਸਾਬ ਅਤੇ 12ਵੀਂ ਜਮਾਤ ਦੇ ਅਰਥ ਸ਼ਾਸਤਰ ਦਾ ਪੇਪਰ ਲੀਕ ਹੋਇਆ ਸੀ| ਇਸ ਤੋਂ ਬਾਅਦ ਸੀ. ਬੀ. ਐਸ. ਈ. ਨੇ ਇਸ ਦੁਬਾਰਾ ਕਰਵਾਉਣ ਦੀ ਗੱਲ ਕਹੀ ਹੈ| ਨਾਲ ਹੀ ਜਲਦ ਹੀ ਬੋਰਡ ਪ੍ਰੀਖਿਆ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *