ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਬਰਤਰਫ ਕੀਤਾ ਜਾਵੇ: ਬੀਰ ਦਵਿੰਦਰ

ਪਟਿਆਲਾ 11 ਅਪਰੈਲ (ਸ.ਬ.) ਸੰਗਰੂਰ ਜ਼ਿਲ੍ਹੇ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਵੱਲੋਂ, ਲੌਂਗੋਵਾਲ ਵਿੱਚ ਪਿਛਲੇ ਦਿਨੀਂ ਹੋਏ ਇੱਕ 25 ਸਾਲਾ ਫਾਇਨਾਂਸਰ ਦੇ ਕਤਲ ਸਬੰਧੀ ਕੀਤੀ ਮੁੱਢਲੀ ਪੜਤਾਲ ਦੇ ਜੋ ਸਨਸਨੀਖੇਜ਼ ਵੇਰਵੇ,  ਅੱਜ ਅਖ਼ਬਾਰਾਂ ਰਾਹੀਂ ਸਾਹਮਣੇ ਆਏ ਹਨ ਉਨ੍ਹਾਂ  ਵੇਰਵਿਆਂ ਨੇ ਪੁਲੀਸ ਵਿਭਾਗ ਦੀ ਨਿਰਪੱਖ ਪੜਤਾਲੀਆ ਪ੍ਰਣਾਲੀ ਤੇ ਇੱਕ ਵੱਡਾ ਪ੍ਰਸ਼ਨ ਚਿੰਨ ਲਾ ਦਿੱਤਾ ਹੈ ਅਤੇ ਇਨ੍ਹਾਂ ਪ੍ਰਗਟਾਵਿਆਂ ਨੇ ਖਾਕੀ ਵਰਦੀ ਨੂੰ ਇੱਕ ਵਾਰ ਫੇਰ ਸ਼ਰਮਸ਼ਾਰ ਕੀਤਾ ਹੈ| ਇਹ ਵਿਚਾਰ ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰ ਦਵਿੰਦਰ ਸਿੰਘ ਨੇ ਇੱਕ ਬਿਆਨ ਵਿੱਚ ਪ੍ਰਗਟ ਕੀਤੇ| ਉਹਨਾਂ ਕਿਹਾ ਕਿ ਦੇਸ਼ ਵਾਸੀਆਂ ਲਈ ਇਹ ਡਾਢੇ ਫਿਕਰ ਅਤੇ ਦੁੱਖ ਦਾ ਮੁਕਾਮ ਹੈ ਕਿ ਮੁੱਢਲੀ ਪੜਤਾਲ ਦੇ ਉਪਲਬਧ ਵੇਰਵਿਆਂ ਅਨੁਸਾਰ ਇਸ ਸਮੁੱਚੇ ਸ਼ਰਮਨਾਕ ਵਰਤਾਰੇ ਵਿੱਚ ਇੱਕ ਨੌਜਵਾਨ ਆਈ.ਪੀ.ਐਸ ਅਫਸਰ ਵੀ, ਇਸ ਅਪਰਾਧਿਕ ਮਾਮਲੇ ਦੇ ਇੱਕ ਸਰਗੁਨੇ ਵੱਜੋਂ ਸ਼ਾਮਲ ਹੈ ਜੋ ਉਸ ਵੇਲੇ ਸੰਗਰੂਰ ਜ਼ਿਲ੍ਹੇ ਦਾ ਪੁਲੀਸ ਮੁਖੀ ਸੀ|
ਉਹਨਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਮੁੱਢਲੀ ਪੜਤਾਲ ਵਿੱਚ, ਪ੍ਰਤੱਖ ਤੌਰ ਤੇ ਦੋਸ਼ੀ ਪਾਏ ਗਏ ਸਾਰੇ ਪੁਲੀਸ ਕਰਮਚਾਰੀਆਂ ਵਿਰੁੱਧ ਭਾਰਤੀ ਦੰਡ ਪ੍ਰਣਾਲੀ ਦੀਆਂ ਬਣਦੀਆਂ ਢੁਕਵੀਆਂ ਧਾਰਾਵਾਂ ਅਧੀਨ ਤੁਰੰਤ ਮੁਕੱਦਮਾਂ ਦਰਜ ਕਰਕੇ, ਪੜਤਾਲ ਰਿਪੋਰਟ ਵਿੱਚ ਪ੍ਰਤੱਖ ਰੂਪ ਵਿੱਚ ਦੋਸ਼ੀ ਪਾਏ ਗਏ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰਕੇ, ਫੌਰੀ ਤੌਰ ਤੇ ਗ੍ਰਿਫ਼ਤਾਰ ਕਰੇ ਤਾਂ ਕਿ ਉਨ੍ਹਾਂ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜ੍ਹਾ ਕੀਤਾ ਜਾ ਸਕੇ|
ਉਹਨਾਂ ਕਿਹਾ ਕਿ ਪੰਜਾਬ ਪੁਲੀਸ ਦੇ ਡੀ.ਜੀ.ਪੀ ਸ਼੍ਰੀ ਸੁਰੇਸ਼ ਅਰੋੜਾ, ਖੁਦ ਆਪਣੀ ਪੱਧਰ ਤੇ ਸੰਗਰੂਰ ਜ਼ਿਲ੍ਹੇ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਵੱਲੋਂ ਪਟਿਆਲਾ ਪੁਲੀਸ ਜ਼ੋਨ ਦੇ ਆਈ ਜੀ ਸ਼੍ਰੀ ਏ. ਐਸ ਰਾਏ ਨੂੰ ਪੇਸ਼ ਕੀਤੀ ਗਈ ਪੜਤਾਲੀਆਂ ਰਿਪੋਰਟ ਦੀ ਇਕ ਵਾਰ ਫੇਰ ਪੁਨਰ ਜਾਂਚ ਕਰ ਲੈਣ ਤੇ ਜੇ ਪੜਤਾਲੀਆ ਰਿਪੋਰਟ ਦੇ ਸਾਰੇ ਵੇਰਵੇ ਸਹੀ ਪਾਏ ਜਾਂਦੇ ਹਨ ਤਾਂ ਭਾਰਤੀ ਸੰਵਿਧਾਨ ਦੀ ਧਾਰਾ 311(2)(ਬੀ) ਅਨੁਸਾਰ, ਦੋਸ਼ੀ ਪਾਏ ਗਏ ਉਕਤ ਸਾਰੇ ਕਰਮਚਾਰੀਆਂ ਨੂੰ ਤੁਰੰਤ ਬਰਤਰਫ ਕਰਨ ਲਈ ਬਣਦੀ ਕਾਰਵਾਈ ਆਰੰਭ ਕਰਨ|
ਉਹਨਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਐਸ.ਐਸ.ਪੀ ਸੰਗਰੂਰ ਵੱਲੋਂ ਪੇਸ਼ ਕੀਤੀ ਪੜਤਾਲੀਆ ਰਿਪੋਰਟ ਅਨੁਸਾਰ, ਪੁਲੀਸ ਕਰਮਚਾਰੀਆਂ ਦੇ ਜਬਰ ਦੇ ਕਹਿਰ ਹੇਠ ਜਿਨ੍ਹਾਂ ਦੋ ਗਰੀਬ ਕਿਸਾਨਾਂ, ਧਨਵੰਤ ਸਿੰਘ ਵਾਸੀ ਪਿੰਡ ਕੋਟੜਾ ਅਮਰੂ ਅਤੇ ਹਰਜਿੰਦਰ ਸਿੰਘ ਵਾਸੀ ਪਿੰਡ ਦੁੱਗਾ ਪਾਸੋਂ, ਇਨ੍ਹਾਂ ਕਥਿੱਤ ਮੁਲਜ਼ਮਾਂ ਨੇ ਅਣਮਨੁੱਖੀ ਤਸ਼ੱਦਦ ਕਰਕੇ, ਕੋਈ 20 ਲੱਖ ਦੀ ਰਾਸ਼ੀ ਬਟੋਰੀ ਹੈ, ਉਹ ਤੁਰੰਤ ਇਨ੍ਹਾਂ ਪਾਸੋਂ ਵਸੂਲ ਕੇ, ਪੀੜਤ ਕਿਸਾਨਾਂ ਨੂੰ ਵਾਪਿਸ ਕਰਵਾਈ ਜਾਵੇ ਤਾਂ ਕਿ ਪੀੜਤ ਕਿਸਾਨ ਆਪਣੇ ਆਪ ਨੂੰ ਅਤੇ ਆਪਣੀ ਗਹਿਣੇ ਰੱਖੀ ਡੇਢ ਏਕੜ ਜ਼ਮੀਨ ਨੂੰ ਭਾਰ ਮੁਕਤ ਕਰਵਾ ਸਕਣ|

Leave a Reply

Your email address will not be published. Required fields are marked *