ਦੋਹਰੇ ਕਤਲ ਕਾਂਡ ਸਬੰਧੀ ਕਾਬੂ ਕੀਤੇ ਗਏ ਗੌਰਵ ਕੁਮਾਰ ਦੇ ਨੇੜਲਿਆਂ ਤੋਂ ਵੀ ਕੀਤੀ ਜਾ ਰਹੀ ਹੈ ਪੁੱਛਗਿਛ

ਦੋਹਰੇ ਕਤਲ ਕਾਂਡ ਸਬੰਧੀ ਕਾਬੂ ਕੀਤੇ ਗਏ ਗੌਰਵ ਕੁਮਾਰ ਦੇ ਨੇੜਲਿਆਂ ਤੋਂ ਵੀ ਕੀਤੀ ਜਾ ਰਹੀ ਹੈ ਪੁੱਛਗਿਛ
ਪੁਲੀਸ ਨੇ ਗੌਰਵ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਅਦਾਲਤ ਨੇ ਪੰਜ ਦਿਨਾਂ ਪੁਲੀਸ ਰਿਮਾਂਡ ਦਿੱਤਾ
ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਬੀਤੀ 22 ਅਤੇ 23 ਸਤੰਬਰ ਦੀ ਰਾਤ ਨੂੰ ਫੇਜ਼-3ਬੀ2 ਵਿੱਚ ਸਾਬਕਾ ਪੱਤਰਕਾਰ ਅਤੇ ਉਸ ਦੀ ਮਾਤਾ ਦੇ ਕਤਲ ਦੇ ਮਾਮਲੇ ਨੂੰ ਭਾਵੇਂ ਮੁਹਾਲੀ ਪੁਲੀਸ ਵੱਲੋਂ ਬੀਤੇ ਕੱਲ ਹੱਲ ਕਰਨ ਦਾ ਦਾਅਵਾ ਕੀਤਾ ਸੀ ਅਤੇ ਦੱਸਿਆ  ਸੀ ਕਿ ਯੂ ਪੀ ਦੇ ਇੱਕ ਨੌਜਵਾਨ (ਜੋ ਇਸ ਵੇਲੇ ਪਿੰਡ ਕਜਹੇੜੀ ਦਾ ਵਸਨੀਕ ਹੈ) ਗੌਰਵ ਕਾਮਰ ਵੱਲੋਂ ਨਿਜੀ ਰੰਜਿਸ਼ ਦੇ  ਚਲਦਿਆਂ ਕੀਤਾ ਗਿਆ ਸੀ| ਇਸ ਨੌਜਵਾਨ ਨੂੰ ਪੁਲੀਸ ਵੱਲੋਂ ਮ੍ਰਿਤਕ ਕੇ ਜੇ ਸਿੰਘ ਦੀ ਕਾਰ ਸਮੇਤ ਏਅਰਪੋਰਟ ਰੋਡ ਤੇ ਕਾਬੂ ਕੀਤਾ ਗਿਆ ਸੀ ਅਤੇ ਪੁਲੀਸ ਵੱਲੋਂ ਗੌਰਵ ਦੀ ਕਜਹੇੜੀ ਵਿਚਲੀ ਰਿਹਾਇਸ਼ ਤੋਂ ਮ੍ਰਿਤਕ ਦੇ 2 ਮੋਬਾਈਲ ਫੋਨ, ਏ ਟੀ ਐਮ ਕਾਰਡ, ਡੀ ਵੀ ਡੀ ਅਤੇ ਹੋਰ ਸਾਮਾਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ|
ਇਸ ਮਾਮਲੇ ਵਿੱਚ ਪੁਲੀਸ ਵੱਲੋਂ ਸ਼ੱਕ ਦੇ ਆਧਾਰ ਤੇ ਕਜਹੇੜੀ ਦੇ ਇੱਕ ਹੋਰ ਨੌਜਵਾਨ ਸੁਰਿੰਦਰ ਕੁਮਾਰ ਨੂੰ ਵੀ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ| ਥਾਣੇ ਮਟੌਰ ਦੇ ਬਾਹਰ ਸੁਰਿੰਦਰ ਕੁਮਾਰ ਦੇ ਭਰਾ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਛੋਟਾ ਭਰਾ ਸੁਰਿੰਦਰ ਜੋ ਦਿਹਾੜੀਦਾਰ ਮਜਦੂਰ ਦਾ ਕੰਮ ਕਰਦਾ ਹੈ ਕਜਹੇੜੀ ਵਿੱਚ ਹੀ ਕਮਰਾ ਲੈ ਕੇ ਰਹਿੰਦਾ ਹੈ| ਉਹਨਾਂ ਦੱਸਿਆ ਕਿ ਕਤਲਕਾਂਡ ਦੇ ਮਾਮਲੇ ਵਿੱਚ ਫੜਿਆ ਗਿਆ ਨੌਜਵਾਨ ਵੀ ਉੱਥੇ ਨੇੜੇ ਹੀ ਰਹਿੰਦਾ ਹੈ ਪਰ ਉਹ ਉਹਨਾਂ ਦਾ ਵਾਕਫਕਾਰ ਨਹੀਂ ਹੈ| ਉਹਨਾਂ ਕਿਹਾ ਕਿ ਬੀਤੀ ਰਾਤ ਪਰਿਵਾਰ ਨੇ ਇਕੱਠੇ ਖਾਣਾ ਖਾਧਾ ਸੀ ਅਤੇ ਫਿਰ ਮੁਹਿੰਦਰ ਆਪਣੇ ਕਮਰੇ ਵਿੱਚ ਸੌਣ ਚਲਾ ਗਿਆ ਸੀ ਪਰੰਤੂ ਸਵੇਰੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਭਰਾ ਨੂੰ ਪੁਲੀਸ ਫੜ ਕੇ ਲੈ ਗਈ ਹੈ| ਉਹਨਾਂ ਦੱਸਿਆ ਕਿ ਉਹ ਚੰਡੀਗੜ੍ਹ ਦੇ ਸੈਕਟਰ 61 ਵਿੱਚ ਪੈਂਦੀ ਪੁਲੀਸ ਚੌਂਕੀ ਗਏ ਜਿਥੇ ਪੁਲੀਸ ਨੇ ਉਹਨਾ ਨੂੰ ਥਾਣਾ ਮਟੌਰ ਭੇਜ ਦਿੱਤਾ ਅਤੇ ਇੱਥੇ ਥਾਣੇ ਵਾਲੇ ਕਹਿ ਰਹੇ ਹਨ ਕਿ ਉਹਨਾਂ ਦਾ ਭਰਾ ਇਥੇ ਨਹੀਂ ਹੈ     ਅਤੇ ਉਹ ਸੀ. ਆਈ. ਏ ਸਟਾਫ ਜਾ ਕੇ ਪਤਾ ਕਰਨ| ਉਹਨਾਂ ਕਿਹਾ ਕਿ ਮਟੌਰ ਪੁਲੀਸ ਵਲੋਂ ਉਹਨਾਂ ਨੂੰ ਉਹਨਾਂ ਦੇ ਭਰਾ ਦੇ ਗੌਰਵ ਨਾਲ ਸਬੰਧਾਂ ਬਾਰੇ ਪੁੱਛਿਆ ਗਿਆ ਸੀ ਅਤੇ ਉਹਨਾਂ ਕਹਿ ਦਿੱਤਾ ਕਿ ਉਹ ਉਸਨੂੰ ਜਾਣਦੇ ਤਕ ਨਹੀਂ ਹਨ|
ਇਸ ਸਬੰਧੀ ਸੰਪਰਕ ਕਰਨ ਤੇ ਐਸ. ਐਸ. ਪੀ. ਸ੍ਰ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਸ ਮਾਸਲੇ ਵਿੱਚ ਪੁਲੀਸ ਨੇ ਹੁਣ ਤਕ ਕਿਸੇ ਹੋਰ ਸ਼ਖਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਪਰੰਤੂ ਕਜਹੇੜੀ ਦੇ ਇੱਕ ਨੌਜਵਾਨ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਹੈ ਅਤੇ ਪੁਲੀਸ ਵਲੋਂ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ|
ਇਸੇ ਦੌਰਾਨ ਬੀਤੇ ਕੱਲ੍ਹ ਪੁਲੀਸ ਵਲੋਂ ਕਾਬੂ ਕੀਤੇ ਗਏ ਗੌਰਵ ਕੁਮਾਰ ਨੂੰ ਅੱਜ ਪੁਲੀਸ ਵਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਅਦਾਲਤ ਵਲੋਂ ਉਸਨੂੰ ਪੰਜ ਦਿਨਾਂ ਲਈ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ|

 

Leave a Reply

Your email address will not be published. Required fields are marked *