ਦੋ ਓਵਰਲੋਡ ਟਰੱਕਾਂ ਤੇ ਇਕ ਰੇਤ ਨਾਲ ਭਰੀ ਟਰੈਕਟਰ ਟਰਾਲੀ ਵਿਚਾਲੇ ਟੱਕਰ ਵਿੱਚ ਇਕ ਹਲਾਕ

ਮੰਡੀ ਘੁਬਾਇਆ,13ਜੂਨ (ਸ.ਬ.) ਅਕਸਰ ਹੀ ਓਵਰਲੋਡ ਵਾਹਨ ਸੜਕਾਂ ਤੇ ਚੱਲਣ ਕਾਰਨ ਹਾਦਸੇ ਵਾਪਰਨਾ ਆਮ ਗੱਲ ਹੋ ਗਈ ਹੈ ਪਰ ਫਿਰ ਵੀ ਪਤਾ ਨਹੀ ਕਿਉਂ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ੍ਹਦੀ ਜਾਂ ਫਿਰ ਪ੍ਰਸ਼ਾਸਨ ਦੀ ਸ਼ਹਿ ਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ| ਜਾਣਕਾਰੀ ਅਨੁਸਾਰ ਸਥਾਨਕ ਮੰਡੀ ਘੁਬਾਇਆ ਵਿੱਚ ਦਿਨ ਚੜ੍ਹਦੇ ਲਗਭਗ ਸਾਢੇ 6 ਵਜੇ ਹਾਦਸਾ ਵਾਪਰ ਗਿਆ, ਜਿਸ ਵਿੱਚ ਇਕ ਦੀ ਮੌਕੇ ਤੇ ਮੌਤ ਹੋ ਗਈ| ਜਾਣਕਾਰੀ ਅਨੁਸਾਰ ਰੇਤ ਨਾਲ ਭਰਿਆ 1 ਓਵਰਲੋਡ ਟਰੈਕਟਰ ਟਰਾਲੀ ਸੜਕ ਦੇ ਵਿਚਕਾਰ ਖੜ੍ਹਾ ਸੀ ਅਚਾਨਕ ਟਰੱਕ ਨੰਬਰ ਆਰ.ਜੇ 04 ਯੂ.ਏ 5427 ਦੇ ਟਰੱਕ ਡਰਾਈਵਰ ਨੇ ਉਸ ਨੂੰ ਓਵਰ ਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਆ ਰਹੇ ਟਰੱਕ ਨੰਬਰ ਆਰ.ਜੇ 19 ਜੀ.ਬੀ 9067 ਨੇ ਆਪਣਾ ਸੰਤੁਲਨ ਖੋ ਲਿਆ ਤੇ ਜਿਸ ਕਾਰਨ ਉਨ੍ਹਾਂ ਦੀ ਆਪਸੀ ਟੱਕਰ ਹੋ ਗਈ ਜਿਸ ਵਿੱਚ ਪਿੱਛੋਂ ਆ ਰਹੇ ਟਰਾਲੇ ਦੇ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਜਦੋਂਕਿ ਡਰਾਈਵਰ ਬਚ ਗਿਆ ਅਤੇ ਟਰੈਕਟਰ ਚਾਲਕ ਮੌਕੇ ਤੋਂ ਭੱਜਣ ਵਿੱਚ ਸਫਲ ਰਿਹਾ| ਮਰਨ ਵਾਲੇ ਦੀ ਪਹਿਚਾਣ ਸ਼ਹਾਕਾ ਰਾਮ ਪੁੱਤਰ ਜਗਰਾਮ ਵਾਸੀ ਰਾਜਸਥਾਨ ਵਜੋਂ ਹੋਈ ਹੈ| ਘੁਬਾਇਆ ਪੁਲੀਸ ਚੌਂਕੀ ਦੇ ਇੰਚਾਰਜ ਭਜਨ ਸਿੰਘ ਪੁਲੀਸ ਪਾਰਟੀ ਸਮੇਤ ਪਹੁੰਚ ਕੇ ਜੇ.ਸੀ.ਬੀ ਮਸ਼ੀਨ ਮੰਗਾ ਕੇ ਅਤੇ ਆਸ ਪਾਸ ਖੜੇ ਲੋਕਾਂ ਦੇ ਸਹਿਯੋਗ ਨਾਲ ਟਰੱਕ ਵਿੱਚ ਫਸੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *