ਦੋ ਘੰਟੇ ਚਲੀ ਤੇਜ ਬਰਸਾਤ ਨੇ ਕੀਤਾ ਜਲ ਥਲ

ਦੋ ਘੰਟੇ ਚਲੀ ਤੇਜ ਬਰਸਾਤ ਨੇ ਕੀਤਾ ਜਲ ਥਲ
ਪਾਣੀ ਦੀ ਨਿਕਾਸੀ ਹੋ ਜਾਣ ਕਾਰਨ ਇਸ ਵਾਰ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਣ ਤੋਂ ਰਿਹਾ ਬਚਾਓ
ਐਸ ਏ ਐਸ ਨਗਰ, 17 ਅਗਸਤ (ਸ.ਬ.) ਅੱਜ ਸਵੇਰੇ ਹੋਈ ਤੇਜ ਬਰਸਾਤ ਕਾਰਨ ਇੱਕ ਵਾਰ ਤਾਂ ਪੂਰੇ ਸ਼ਹਿਰ ਵਿੱਚ ਹੀ ਜਲ ਥਲ ਹੋ ਗਈ ਅਤੇ ਕਈ ਥਾਂਵਾਂ ਤੇ ਪਾਣੀ ਖੜ੍ਹਾ ਹੋ ਗਿਆ| ਗਨੀਮਤ ਇਹ ਰਹੀ ਕਿ ਬਰਸਾਤੀ ਪਾਣੀ ਦੇ ਨਿਕਾਸੀ ਨਾਲਿਆਂ ਦੀ ਸਮੇਂ ਸਿਰ ਸਫਾਈ ਹੋ ਜਾਣ ਕਾਰਨ ਇਸ ਵਾਰ ਪਾਣੀ ਦੀ ਨਿਕਾਸੀ ਦੀ ਜਿਆਦਾ ਸਮੱਸਿਆ ਨਹੀਂ ਹੋਈ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਣ ਤੋਂ ਵੀ ਬਚਾਓ ਹੋ ਗਿਆ| ਇੱਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਹੋਈ ਅਜਿਹੀ ਹੀ ਤੇਜ ਬਰਸਾਤ ਤੋਂ ਬਾਅਦ ਫੇਜ਼ 5, ਫੇਜ਼ 3 ਬੀ 2 ਅਤੇ ਫੇਜ਼ 11 ਦੇ ਘਰਾਂ ਵਿੱਚ ਪਾਣੀ ਦਾਖਿਲ ਹੋ ਗਿਆ ਸੀ ਜਿਸ ਕਾਰਨ ਵਸਨੀਕਾਂ ਦਾ ਭਾਰੀ ਨੁਕਸਾਨ ਹੋਇਆ ਸੀ|
ਅੱਜ ਸਵੇਰੇ 9.15 ਵਜੇ ਦੇ ਆਸ ਪਾਸ ਸ਼ੁਰੂ ਹੋਈ ਤੇਜ ਬਰਸਾਤ (ਜਿਹੜੀ ਲਗਭਗ ਢਾਈ ਤਿੰਨ ਘੰਟੇ ਤੱਕ ਜਾਰੀ ਰਹੀ) ਦੌਰਾਨ ਜਿੱਥੇ ਫੇਜ਼ 3 ਬੀ 2, ਫੇਜ਼ 5 ਅਤੇ ਫੇਜ਼ 11 ਦੇ ਵਸਨੀਕਾਂ ਨੂੰ ਪਿਛਲੇ ਸਾਲ ਵਾਂਗ ਉਹਨਾਂ ਦੇ ਘਰਾਂ ਵਿੱਚ ਪਾਣੀ ਦਾਖਿਲ ਹੋਣ ਦਾ ਡਰ ਸਤਾਉਣ ਲੱਗ ਗਿਆ ਉੱਥੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਥਾਂ ਥਾਂ ਤੇ ਪਾਣੀ ਖੜ੍ਹਾ ਹੋ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ| ਇਸ ਦੌਰਾਨ ਫੇਜ਼ 3-5 ਦੇ ਚੌਂਕ ਅਤੇ ਚੀਮਾ ਹਸਪਤਾਲ ਦੇ ਸਾਮ੍ਹਣੇ ਪੈਂਦੀ ਸੜਕ ਤੇ ਸਭ ਤੋਂ ਜਿਆਦਾ ਪਾਣੀ ਇਕੱਠਾ ਹੋ ਗਿਆ| ਇਸ ਤੋਂ ਇਲਾਵਾ ਫੇਜ਼ 3 ਬੀ 2, ਫੇਜ਼ 5 ਅਤੇ ਫੇਜ਼ 11 ਵਿੱਚ ਵੀ ਮੁੱਖ ਸੜਕਾਂ ਅਤੇ ਅੰਦਰੂਨੀ ਗਲੀਆਂ ਵਿੱਚ ਭਾਰੀ ਪਾਣੀ ਇਕੱਤਰ ਹੋ ਗਿਆ ਪੰਰਤੂ ਪਾਣੀ ਦੀ ਨਾਲ ਨਾਲ ਨਿਕਾਸੀ ਹੋਣ ਕਾਰਨ ਇਸ ਵਾਰ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ| 12 ਵਜੇ ਦੇ ਆਸਪਾਸ ਜਦੋਂ ਬਰਸਾਤ ਲਗਭਗ ਰੁਕ ਗਈ ਤਾਂ ਅੱਧੇ ਕੁ ਘੰਟੇ ਬਾਅਦ ਸੜਕਾਂ ਤੇ ਇਕੱਤਰ ਹੋਇਆ ਪਾਣੀ ਵੀ ਨਿਕਲ ਗਿਆ|
ਇਸ ਦੌਰਾਨ ਫੇਜ਼ 11 ਵਿੱਚੋਂ ਪਾਣੀ ਦੀ ਨਿਕਾਸੀ ਕੁੱਝ ਸਮੇਂ ਲਈ ਪ੍ਰਭਾਵਿਤ ਹੋਈ| ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰ. ਰਿਸ਼ਵ ਜੈਨ ਨੇ ਦੱਸਿਆ ਕਿ ਫੇਜ਼ 11 ਤੋਂ ਪਾਣੀ ਦੀਆਂ ਨਿਕਾਸੀ ਲਾਈਨਾਂ ਤੋਂ ਚੰਡੀਗੜ੍ਹ ਦੇ ਖੇਤਰ ਵਿਚਲੀ ਪਾਈਪ ਲਾਈਨ ਦੇ ਰੁਕ ਜਾਣ ਕਾਰਨ ਥੋੜ੍ਹਾ ਸਮਾਂ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ ਸੀ ਪਰੰਤੂ ਫਿਰ ਉਸਦੀ ਮੁਰਮੰਤ ਦਾ ਕੰਮ ਸ਼ੁਰੂ ਕਰਕੇ ਪਾਣੀ ਦੀ ਨਿਕਾਸੀ ਕਰਵਾਏ ਜਾਣ ਨਾਲ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ|
ਫੇਜ਼ 3 ਬੀ 2 ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਅੱਜ ਹੋਈ ਬਰਸਾਤ ਦੌਰਾਨ ਕੁਦਰਤ ਨੇ ਵੀ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ ਜਿਸ ਨਾਲ ਨਿਗਮ ਦੀ ਵੀ ਇੱਜਤ ਰਹਿ ਗਈ| ਉਹਨਾਂ ਕਿਹਾ ਕਿ ਸਵੇਰੇ ਸਵਾ ਨੌਂ ਵਜੇ ਦੇ ਆਸਪਾਸ ਸ਼ੁਰੂ ਹੋਈ ਬਰਸਾਤ ਦੇ ਵਿੱਚ ਵਿੱਚ ਥੋੜ੍ਹੇ ਥੋੜ੍ਹੇ ਸਮੇਂ ਲਈ ਹਲਕੀ ਹੋ ਜਾਣ ਕਾਰਨ ਵੀ ਬਰਸਾਤੀ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਹੋ ਗਈ|
ਕੁਲ ਮਿਲਾ ਕੇ ਅੱਜ ਹੋਈ ਬਰਸਾਤ ਤੋਂ ਬਾਅਦ ਨਿਗਮ ਅਧਿਕਾਰੀ ਇਹ ਕਹਿ ਕੇ ਆਪਣੀ ਪਿੱਠ ਥਪਥਪਾ ਸਕਦੇ ਹਨ ਕਿ ਉਹਨਾਂ ਵਲੋਂ ਪਿਛਲੇ ਸਮੇਂ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਲਾਈਨਾਂ ਦੀ ਮੁਕੰਮਲ ਸਫਾਈ ਕਰਵਾਏ ਜਾਣ ਨਾਲ ਪਾਣੀ ਦੀ ਨਿਕਾਸੀ ਵਿੱਚ ਕੋਈ ਰੁਕਾਵਟ ਨਹੀਂ ਆਈ ਅਤੇ ਆਮ ਲੋਕਾਂ ਨੂੰ ਕੋਈ ਵੱਡੀ ਮੁਸ਼ਕਲ ਸਹਿਣ ਨਹੀਂ ਕਰਨੀ ਪਈ|

Leave a Reply

Your email address will not be published. Required fields are marked *