ਦੋ ਧਿਰਾਂ ਦੀ ਲੜਾਈ ਵਿੱਚ ਦੋ ਜਖਮੀ

ਬਲੌਂਗੀ, 30 ਅਗਸਤ (ਪਵਨ ਰਾਵਤ) ਪਿੰਡ ਬਲੌਂਗੀ ਵਿੱਚ ਬੀਤੇ ਮੰਗਲਵਾਰ ਦੀ ਰਾਤ ਨੂੰ ਹੋਈ ਲੜਾਈ ਵਿੱਚ ਦੋਵਾਂ ਧਿਰਾਂ ਦੇ ਦੋ ਵਿਅਕਤੀ ਜਖਮੀ ਹੋ ਗਏ| ਇਸ ਝਗੜੇ ਵਿੱਚ ਜਖਮੀ ਹੋਏ ਸ੍ਰੀ ਰਾਮ ਸਿੰਘ ਵਾਸੀ ਬਲੌਂਗੀ ਨੇ ਦਸਿਆ ਕਿ ਉਹ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਮੰਗਲਵਾਰ ਰਾਤ ਨੂੰ ਕਰੀਬ 10 :15 ਵਜੇ ਦੇ ਆਸ ਪਾਸ ਆਪਣੀ ਗੱਡੀ ਲੈ ਕੇ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਗਿਆ ਸੀ| ਜਦੋਂ ਉਹ ਸਬਜ਼ੀ ਲੈ ਕੇ ਵਾਪਸ ਆਇਆ ਤਾਂ ਉਸ ਨੇ ਕੁਲਵੰਤ ਸਿੰਘ ਰਾਣਾ ਦੇ ਘਰ ਦੇ ਬਾਹਰ ਗੱਡੀ ਖੜ੍ਹਾ ਦਿੱਤੀ ਸੀ| ਇਸ ਮੌਕੇ ਕੁਲਵੰਤ ਸਿੰਘ ਰਾਣਾ ਦੇ ਨਾਲ ਜਗਬੀਰ ਨਾਮ ਦੇ ਬੰਦੇ ਨੇ ਉਸਨੂੰ ਗਾਲ ਕੱਢੀ ਅਤੇ ਜਦੋਂ ਉਸਨੇ ਉਹਨਾਂ ਨੂੰ ਗਾਲਾਂ ਕੱਢਣ ਤੋਂ ਰੋਕਿਆ ਤਾਂ ਉਹਨਾਂ ਨੇ ਉਸਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਸਨੇ ਆਪਣੇ ਦੋਸਤਾਂ ਨੂੰ ਬੁਲਾਉਣ ਲਈ ਮੋਬਾਇਲ ਕਰਨਾ ਚਾਹਿਆ ਤਾਂ ਜਗਬੀਰ ਨੇ ਉਸਦੇ ਹੱਥ ਉਪਰ ਡੰਡਾ ਮਾਰ ਕੇ ਮੋਬਾਇਲ ਹੇਠਾਂ ਸੁੱਟ ਦਿੱਤਾ| ਉਸਨੇ ਦੱਸਿਆ ਕਿ ਉਹਨਾਂ ਨਾਲ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ ਅਤੇ ਉਹ ਆਦਰਸ਼ ਕਾਲੋਨੀ ਵਿੱਚ ਮਾਤਾ ਦਾ ਜਗਰਾਤਾ ਕਰਵਾਉਂਦੇ ਸੀ ਪਰ ਹੁਣ ਉਹ ਜਗਰਾਤਾ ਨਹੀਂ ਕਰਵਾਉਂਦੇ ਤੇ ਦੋ ਸਾਲ ਤੋਂ ਹੁਣ ਜਗਰਾਤਾ ਕੁਲਵੰਤ ਸਿੰਘ ਰਾਣਾ ਕਰਵਾਉਂਦਾ ਹੈ | ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਵੀ ਉਹਨਾਂ ਵਿਚਾਲੇ ਤੂੰ ਤੂੰ ਮੈਂ ਮੈਂ ਹੋ ਗਈ ਸੀ| ਉਹਨਾਂ ਦੱਸਿਆ ਕਿ ਇਸ ਲੜਾਈ ਵਿੱਚ ਉਸਦਾ ਜਬਾੜਾ ਟੁਟ ਗਿਆ ਹੈ ਤੇ ਉਸਦੇ ਸੱਤ ਟਾਂਕੇ ਲੱਗੇ ਹਨ|
ਜਦੋਂ ਦੂਜੀ ਧਿਰ ਦੇ ਕੁਲਵੰਤ ਸਿੰਘ ਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਰਾਮ ਸਿੰਘ ਝੂਠ ਬੋਲ ਰਿਹਾ ਹੈ, ਉਲਟਾ ਸ੍ਰੀ ਰਾਮ ਸਿੰਘ ਨੇ ਹੀ ਉਸਦੇ ਘਰ ਆ ਕੇ ਹਮਲਾ ਕੀਤਾ ਜਿਸ ਕਾਰਨ ਉਸਦੇ ਪੁੱਤਰ ਲਵਪ੍ਰੀਤ ਦੇ ਮੱਥੇ ਵਿੱਚ ਸੱਟ ਲੱਗੀ ਅਤੇ ਉਸਦੇ ਛੇ ਟਾਂਕੇ ਲੱਗੇ ਹਨ| ਉਸਦਾ ਪੁੱਤਰ ਸਿਵਲ ਹਸਪਤਾਲ ਖਰੜ ਵਿਖੇ ਦਾਖਲ ਹੈ| ਉਹਨਾਂ ਕਿਹਾ ਕਿ ਸ੍ਰੀ ਰਾਮ ਸਿੰਘ ਨੇ ਉਸਦੇ ਪੈਰਾਂ ਉਪਰ ਗੱਡੀ ਚੜਾਉਣ ਦਾ ਯਤਨ ਕੀਤਾ ਸੀ, ਜਦੋਂ ਉਹਨਾ ਨੇ ਗੱਡੀ ਸਹੀ ਤਰੀਕੇ ਨਾਲ ਚਲਾਉਣ ਲਈ ਕਿਹਾ ਤਾਂ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਦੋਸਤਾਂ ਕੰਵਰਪਾਲ ਰਾਠੌਰ, ਅਮਰਜੀਤ ਸਿੰਘ, ਰਮੇਸ਼ ਪਾਂਡੇ , ਵਿਨੋਦ ਕੁਮਾਰ, ਮੁਕੇਸ਼ ਕੁਮਾਰ, ਰਾਜੇਸ਼ ਯਾਦਵ, ਸੁਲਤਾਨ ਸਿੰਘ ਭਾਟੀ ਨੂੰ ਬੁਲਾ ਲਿਆ, ਫਿਰ ਇਹਨਾਂ ਸਾਰਿਆਂ ਨੇ ਉਹਨਾਂ ਉਪਰ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦੇ ਬੇਟੇ ਦੇ ਸੱਟ ਲੱਗੀ ਹੈ| ਉਸਨੇ ਕਿਹਾ ਕਿ ਇਸ ਗਲੀ ਦੇ ਲੋਕ ਰਲ ਕੇ ਗਲੀ ਨੂੰ ਬਣਾ ਰਹੇ ਹਨ ਜਿਸਦਾ ਸ੍ਰੀ ਰਾਮ ਸਿੰਘ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸ ਵੱਲੋਂ ਅਕਸਰ ਹੀ ਸ਼ਰਾਬ ਪੀ ਕੇ ਗਾਲਾਂ ਕੱਢੀਆਂ ਜਾਂਦੀਆਂ ਹਨ|
ਜਦੋਂ ਬਲੌਂਗੀ ਥਾਣਾ ਦੇ ਐਸਐਚਓ ਮਨਫੂਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਹਾਲੇ ਉਹ ਛਾਣਬੀਨ ਕਰ ਰਹੇ ਹਨ ਛਾਣਬੀਨ ਕਰਨ ਤੋਂ ਬਾਅਦ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *