ਦੋ ਮੋਰਚਿਆਂ ਤੇ ਜੰਗ ਲਈ ਤਿਆਰ ਹੈ ਹਵਾਈ ਫੌਜ : ਬੀ ਐਸ ਧਨੋਆ

ਨਵੀਂ ਦਿੱਲੀ, 5 ਅਕਤੂਬਰ (ਸ.ਬ.)  ਚੀਨ ਤੇ ਪਾਕਿਸਤਾਨ ਵੱਲੋਂ ਲਗਾਤਾਰ ਮਿਲ ਰਹੀਆਂ ਲਲਕਾਰਾਂ ਸਬੰਧੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਫ਼ੌਜ ਫ਼ੌਰੀ ਤੌਰ ਤੇ ਮਿਲੇ ਨੋਟਿਸ ਤੇ ਵੀ ਜੰਗ ਲਈ ਤਿਆਰ ਹੈ|
ਇੱਕ ਪੱਤਰਕਾਰ ਸੰਮੇਲਨ ਦੌਰਾਨ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਹਵਾਈ ਫ਼ੌਜ ਬਾਕੀ ਫ਼ੌਜਾਂ ਨਾਲ ਮਿਲ ਕੇ ਜੰਗ ਲਈ ਮੁਕੰਮਲ ਤੌਰ ਤੇ ਤਿਆਰ ਹੈ| ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਪਾਕਿਸਤਾਨੀ ਐਟਮੀ ਠਿਕਾਣਿਆਂ ਨੂੰ ਤਬਾਹ ਕਰਨ ਵਿੱਚ ਸਮਰਥ ਹੈ| ਉਨ੍ਹਾਂ  ਕਿਹਾ ਕਿ ਚੀਨ ਦੇ ਖ਼ਿਲਾਫ਼ ਵੀ ਹਵਾਈ ਫ਼ੌਜ ਦੀ ਸਮਰਥਾ ਢੁਕਵੀਂ ਹੈ| ਉਹਨਾਂ ਕਿਹਾ ਕਿ ਜੇਕਰ ਦੋ ਮੋਰਚਿਆਂ ਤੇ ਲੜਾਈ ਹੁੰਦੀ ਹੈ ਤਾਂ 42 ਸਕੁਐਡਰਨ ਦੀ ਲੋੜ ਹੋਵੇਗੀ ਤੇ ਉਨ੍ਹਾਂ ਕੋਲ ‘ਪਲੈਨ ਬੀ’ ਤਿਆਰ ਹੈ| ਅਜੇ ਤੱਕ ਭਾਰਤ ਨੇ ਕਦੀ ਦੋ ਮੋਰਚਿਆਂ ਤੇ ਇਕੋ ਵੇਲੇ ਜੰਗ ਨਹੀਂ ਲੜੀ| ਉਨ੍ਹਾਂ  ਦੱਸਿਆ ਕਿ ਚੀਨ ਦੀ ਏਅਰ ਫੋਰਸ ਹਮੇਸ਼ਾ ਗਰਮੀ ਦੇ ਮੌਸਮ ਵਿਚ ਆਪਰੇਸ਼ਨ ਕਰਨ ਲੱਗਦੀ ਹੈ ਤੇ ਸਰਦੀਆਂ ਵਿਚ ਪਿੱਛੇ ਹਟਣ ਲਗਦੀ ਹੈ| ਭਾਰਤੀ ਹਵਾਈ ਫ਼ੌਜ ਬਿਲਕੁਲ ਤਿਆਰ ਹੈ, ਹਮਲਾ ਕਰਨ ਲਈ ਹਵਾਈ ਫ਼ੌਜ ਨੂੰ ਸਿਰਫ਼ ਕੁੱਝ ਮਿੰਟ ਚਾਹੀਦੇ ਹਨ|

Leave a Reply

Your email address will not be published. Required fields are marked *