ਦੱਖਣੀ ਅਫਰੀਕਾ ਦੀ ਸੁੰਦਰੀ ਸਿਰ ਸਜਿਆ ‘ਮਿਸ ਯੂਨੀਵਰਸ-2017’ ਦਾ ਤਾਜ

ਲਾਸ ਵੇਗਾਸ , 27 ਨਵੰਬਰ (ਸ.ਬ.) ਔਰਤਾਂ ਨੂੰ ਖੁਦ ਦੀ ਰੱਖਿਆ ਦੀ ਟ੍ਰੇਨਿੰਗ ਦੇਣ ਵਾਲੀ ਦੱਖਣੀ ਅਫਰੀਕਾ ਦੀ ਡੇਮੀ-ਲਾਈ ਨੇਲ ਪੀਟਰਸ ‘ਮਿਸ ਯੂਨੀਵਰਸ -2017’ ਬਣੀ ਹੈ| ਭਾਰਤ ਵਲੋਂ ਚੇਨਈ ਦੀ ਸ਼ਰਧਾ ਸ਼ਸ਼ੀਧਰ ਖਿਤਾਬ ਦੀ ਦੌੜ ਵਿਚ ਸੀ ਪਰ ਉਹ ਟੌਪ-10 ਵਿਚ ਹੀ ਥਾਂ ਬਣਾ ਸਕੀ| ਇਸ ਮੁਕਾਬਲੇ ਵਿਚ 92 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ| ਭਾਰਤ ਦੀਆਂ ਸੁੰਦਰੀਆਂ ਹੁਣ ਤੱਕ ਸਿਰਫ ਦੋ ਵਾਰ ਹੀ ਇਹ ਖਿਤਾਬ ਹਾਸਲ ਕਰ ਸਕੀਆਂ ਹਨ| ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ 1994 ਅਤੇ ਲਾਰਾ ਦੱਤਾ ਨੇ 2000 ਵਿਚ ਮਿਸ ਯੂਨੀਵਰਸ ਬਣੀਆਂ ਸਨ| ਮਿਸ ਯੂਨੀਵਰਸ 2017 ਦੇ ਫਾਈਨਲ ਰਾਊਂਡ ਵਿਚ ਦੱਖਣੀ ਅਫਰੀਕਾ, ਜਮੈਕਾ ਅਤੇ ਕੋਲੰਬੀਆ ਦੀਆਂ ਸੁੰਦਰੀਆਂ ਪਹੁੰਚੀਆਂ| ਟੌਪ-10 ਫਾਈਨਲਿਸਟ ਵਿਚ ਅਮਰੀਕਾ, ਵੈਨੇਜ਼ੁਏਲਾ, ਫਿਲਪੀਨਜ਼, ਕੈਨੇਡਾ, ਦੱਖਣੀ ਅਫਰੀਕਾ, ਸਪੇਨ, ਬ੍ਰਾਜ਼ੀਲ, ਥਾਈਲੈਂਡ, ਜਮੈਕਾ ਅਤੇ ਕੋਲੰਬੀਆ ਦੀਆਂ ਮੁਕਾਬਲੇਬਾਜ਼ਾਂ ਨੂੰ ਥਾਂ ਮਿਲੀ|
ਅਮਰੀਕਾ-8, ਵੈਨੇਜ਼ੁਏਲਾ-7 ਅਤੇ ਪਿਊਟਰੋ ਰਿਕੋ-6 ਵਾਰ ਇਹ ਖਿਤਾਬ ਜਿੱਤ ਚੁੱਕਾ ਹੈ| ਮਿਸ ਵਰਲਡ, ਮਿਸ ਇੰਟਰਨੈਸ਼ਨਲ ਅਤੇ ਮਿਸ ਅਰਥ ਸਮੇਤ ਇਹ ਦੁਨੀਆ ਦੀਆਂ 4 ਵੱਡੀਆਂ ਸੁੰਦਰਤਾ ਮੁਕਾਬਲਿਆਂ ਵਿੱਚੋਂ ਇਕ ਹੈ| ਇਸ ਮੁਕਾਬਲੇ ਦੀ ਸ਼ੁਰੂਆਤ 1952 ਵਿਚ ਹੋਈ ਸੀ ਅਤੇ ਉਦੋਂ ਫਿਨਲੈਂਡ ਦੀ ਆਰਮੀ ਕੁਸੇਲਾ ਜੇਤੂ ਬਣੀ ਸੀ|
ਕੱਲ ਰਾਤ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ 22 ਸਾਲਾ ਪੀਟਰਸ ਨੇ ਮਿਸ ਯੂਨੀਵਰਸ ਦੀ ਵੈਬਸਾਈਟ ਤੇ ਜਾਰੀ ਇਕ ਵੀਡੀਓ ਵਿਚ ਔਰਤਾਂ ਨੂੰ ਆਤਮ ਰੱਖਿਆ ਲਈ ਟ੍ਰੇਨਿੰਗ ਕਰਨ ਲਈ ਜਾਗੀ ਆਪਣੀ ਦਿਲਚਸਪੀ ਬਾਰੇ ਸੰਖੇਪ ਵਿੱਚ ਜ਼ਿਕਰ ਕੀਤਾ| ਵੈਸਟ ਕੈਪ ਸੂਬੇ ਦੀ ਰਹਿਣ ਵਾਲੀ ਅਤੇ ਹਾਲ ਹੀ ਵਿੱਚ ਨਾਰਥ-ਵੈਸਟ ਯੂਨੀਵਰਸਿਟੀ ਤੋਂ ਬਿਜ਼ਨੈਸ ਮੈਨੇਜਮੈਂਟ ਵਿੱਚ ਡਿਗਰੀ ਹਾਸਲ ਕਰਨ ਵਾਲੀ ਇਸ ਸੁੰਦਰੀ ਨੇ ਕਿਹਾ ਕਿ ‘ਮਿਸ ਦੱਖਣੀ ਅਫਰੀਕਾ’ ਬਣਨ ਦੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਬੰਦੂਕ ਦੀ ਨੋਕ ਤੇ ਅਗਵਾ ਕਰ ਲਿਆ ਗਿਆ ਸੀ ਅਤੇ ਇਸ ਤਰ੍ਹਾਂ ਦੀ ਸਥਿਤੀ ਤੋਂ ਲੰਘਣ ਤੋਂ ਬਾਅਦ ਉਸ ਨੇ ਤੈਅ ਕੀਤਾ ਕਿ ਉਹ ਔਰਤਾਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਏਗੀ|
ਇਸ ਮੁਕਾਬਲੇ ਵਿਚ ਕੋਲੰਬੀਆ ਦੀ ਲੌਰਾ ਗੋਂਜਾਲੇਜ ਦੂਜੇ ਅਤੇ ਜਮੈਕਾ ਦੀ ਡੈਵਿਨਾ ਬੇਨੇਟ ਤੀਜੇ ਸਥਾਨ ਤੇ ਰਹੀ| ਗੋਂਜਾਲੇਜ 16 ਸਾਲ ਦੀ ਉਮਰ ਤੋਂ ਹੀ ਅਦਾਕਾਰ ਬਣਨ ਦਾ ਸੁਪਨਾ ਦੇਖਿਆ ਕਰਦੀ ਸੀ ਅਤੇ ਸਪਨੇ ਨੂੰ ਸਾਕਾਰ ਕਰਨ ਲਈ ਗਰੈਜੁਏਟ ਕਰਨ ਤੋਂ ਬਾਅਦ ਉਹ ਬਗੋਟਾ ਆ ਗਈ ਸੀ| ਡੈਵਿਨਾ ਬੇਨੇਟ ਮਾਡਲ ਹੈ ਅਤੇ ਉਹ ਮਾਰਕੀਟਿੰਗ ਵਿਚ ਡਿਗਰੀ ਦੀ ਪੜ੍ਹਾਈ ਕਰ ਰਹੀ ਹੈ|
ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ ਮੁਕਾਬਲੇ ਨੂੰ ਅਮਰੀਕਾ ਦਾ ਮਿਸ ਯੂਨੀਵਰਸ ਸੰਗਠਨ ਆਯੋਜਿਤ ਕਰਦਾ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ‘ਦਿ ਨੈਸ਼ਨਲ ਬਰੋਡਕਾਸਟਿੰਗ’ ਕੰਪਨੀ ਦਾ ਸਾਂਝਾ ਉਪਰਾਲਾ ਹੈ|

Leave a Reply

Your email address will not be published. Required fields are marked *