ਦੱਖਣੀ ਆਸਟ੍ਰੇਲੀਆ ਵਿੱਚ ਕ੍ਰੇਨ ਹਾਦਸੇ ਵਿੱਚ ਵਰਕਰ ਦੀ ਮੌਤ

ਐਡੀਲੇਡ, 14 ਜੂਨ (ਸ.ਬ.) ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਇਕ ਸੜਕ ਪ੍ਰੋਜੈਕਟ ਦੇ ਕੰਮ ਵਿੱਚ ਲੱਗੇ ਵਰਕਰ ਦੀ ਕਰੇਨ ਵਿੱਚ ਫਸਣ ਕਾਰਨ ਮੌਤ ਹੋ ਗਈ| ਆਸਟ੍ਰੇਲੀਅਨ ਪ੍ਰੀਮੀਅਰ ਜੇ ਵੈਦਰਰੀਲ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਕਾਰਨ ਵਰਕਰ ਦੇ ਪਰਿਵਾਰ ਨੂੰ ਵੱਡਾ ਦੁੱਖ ਪਹੁੰਚਿਆ ਹੈ ਅਤੇ ਅਸੀਂ ਮ੍ਰਿਤਕ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ|
ਜਿਕਰਯੋਗ ਹੈ ਕਿ ਬੀਤੀ ਰਾਤ ਸ਼ਹਿਰ ਦੇ ਦੱਖਣੀ ਉਪਨਗਰਾਂ ਵਿੱਚ ਇਕ ਸੜਕ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਸੀ, ਜਿਸ ਵਿੱਚ 35 ਸਾਲਾ ਕ੍ਰੇਨ ਵਰਕਰ ਦੀ ਮੌਤ ਹੋ ਗਈ| ਇਸ ਘਟਨਾ ਤੋਂ ਬਾਅਦ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ| ਪ੍ਰੀਮੀਅਰ ਨੇ ਵਾਅਦਾ ਕੀਤਾ ਕਿ ਘਟਨਾ ਕਿਸ ਤਰ੍ਹਾਂ ਵਾਪਰੀ, ਇਸ ਬਾਰੇ ਪਤਾ ਲਾਇਆ ਜਾਵੇਗਾ|
ਪ੍ਰੀਮੀਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੁਸੀਂ ਮਕੈਨੀਕਲ ਸਾਜ਼ੋ-ਸਾਮਾਨ ਨਾਲ ਕੰਮ ਕਰਦੇ ਹੋ ਤਾਂ ਸੁਰੱਖਿਆ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ| ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਇਹ ਪਤਾ ਨਹੀਂ ਲੱਗਾ ਲੈਂਦੇ ਕਿ ਕੀ ਹੋਇਆ ਹੈ, ਅਸੀਂ ਹੱਥ ਤੇ ਹੱਥ ਧਰ ਕੇ ਨਹੀਂ ਬੈਠ ਸਕਦੇ| ਸਾਨੂੰ ਪਤਾ ਲੱਗੇ ਕਿ ਖਾਮੀਆਂ ਕਿੱਥੇ ਹਨ ਅਤੇ ਅਸੀਂ ਇਸ ਦਾ ਹੱਲ ਲੱਭਣ ਲਈ ਕਦਮ ਚੁੱਕਾਂਗੇ| ਵਰਕਰਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ| ਦੱਸਣ ਯੋਗ ਹੈ ਕਿ ਕੰਮ ਵਾਲੀ ਥਾਂ ਤੇ ਇਸ ਸਾਲ ਦੱਖਣੀ ਆਸਟ੍ਰੇਲੀਆ ਵਿੱਚ ਇਹ ਤੀਜੀ ਮੌਤ ਹੈ|

Leave a Reply

Your email address will not be published. Required fields are marked *