ਦੱਖਣੀ ਚੀਨ ਸਾਗਰ ਵਿੱਚ ਨੇੜਿਓ ਲੰਘੇ ਅਮਰੀਕਾ ਅਤੇ ਚੀਨ ਦੇ ਜਹਾਜ਼

ਵਾਸ਼ਿੰਗਟਨ, 11 ਫਰਵਰੀ (ਸ.ਬ.) ਦੱਖਣੀ ਚੀਨ ਸਾਗਰ ਵਿਚ ਅਮਰੀਕੀ ਨੇਵੀ ਅਤੇ ਚੀਨ ਦੇ ਨਿਗਰਾਨੀ ਜਹਾਜ਼ ਇਕ-ਦੂਜੇ ਦੇ ਕੋਲੋਂ ਲੰਘੇ ਤਾਂ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਸਾਹ ਰੁਕ ਗਏ| ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ| ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਚੀਨੀ ਹਵਾਈ ਫੌਜ ਦਾ ਜਹਾਜ਼ ਕੇ. ਜੇ.-200 ਅਤੇ ਅਮਰੀਕੀ ਨੇਵੀ ਦਾ ਨਿਗਰਾਨੀ ਜਹਾਜ਼ ਪੀ-3 ਓਰੀਅਨ ਅਸੁਰੱਖਿਅਤ ਤਰੀਕੇ ਨਾਲ ਇਕ-ਦੂਜੇ ਦੇ ਸਾਹਮਣੇ ਆ ਗਏ ਸਨ|
ਦੋਵੇਂ ਜਹਾਜ਼ ਇਕ-ਦੂਜੇ ਤੋਂ ਮਹਿਜ਼ 1000 ਫੁੱਟ ਦੀ ਦੂਰੀ ਤੋਂ   ਲੰਘੇ| ਅਮਰੀਕੀ ਮੇਜਰ ਰੌਬ ਸ਼ੇਫੋਰਡ ਨੇ ਕਿਹਾ ਕਿ ਅਮਰੀਕੀ ਫੌਜ ਦਾ ਜਹਾਜ਼ ਅੰਤਰਰਾਸ਼ਟਰੀ ਨਿਯਮਾਂ ਦੇ ਅਧੀਨ ਉਡਾਣ ਤੇ ਸੀ ਅਤੇ ਉਹ ਇਸ ਮਾਮਲੇ ਨੂੰ ਉਚਿਤ ਡਿਪਲੋਮੈਟਿਕ ਅਤੇ ਫੌਜੀ ਮੰਚ ਤੇ ਉਠਾਣਗੇ|
ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਅਮਰੀਕੀ ਜਹਾਜ਼ ਨੂੰ ਕਿਸੇ ਟੱਕਰ ਤੋਂ ਬਚਣ ਲਈ ਆਪਣਾ ਰਸਤਾ ਬਦਲਣਾ ਪਿਆ| ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਵਰਗੀ ਸਥਿਤੀ ਬੇਹੱਦ ਦੁਰਲੱਭ ਹੈ| ਸਾਲ 2016 ਵਿਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੋ ਵਾਰ ਹੋਈਆਂ ਸਨ| ਜ਼ਿਕਰਯੋਗ ਹੈ ਕਿ ਫਿਲੀਪੀਨਜ਼, ਤਾਈਵਾਨ, ਬਰੁਨੇਈ ਅਤੇ ਮਲੇਸ਼ੀਆ ਵਰਗੇ ਗੁਆਂਢੀ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ ਚੀਨ, ਦੱਖਣੀ ਚੀਨ ਸਾਗਰ ਤੇ ਆਪਣਾ ਅਧਿਕਾਰ ਜਤਾਉਂਦਾ ਹੈ| ਉਸ ਨੇ ਇੱਥੇ ਕਈ ਤਰ੍ਹਾਂ ਦੇ ਆਰਟੀਫਿਸ਼ਲ ਟਾਪੂ ਬਣਾ ਕੇ ਉਨ੍ਹਾਂ ਤੇ ਫੌਜ ਦੀ ਤਾਇਨਾਤੀ ਵੀ ਕੀਤੀ ਹੋਈ ਹੈ|

Leave a Reply

Your email address will not be published. Required fields are marked *