ਦੱਬੇ ਕੁਚਲੇ ਵਰਗ ਦੀ ਏਕਤਾ ਸਮਾਜਿਕ ਤਬਦੀਲੀ ਦਾ ਮੁੱਖ ਆਧਾਰ ਹੋਵੇਗੀ : ਹਰਕੰਵਲ ਸਿੰਘ

ਚੰਡੀਗੜ੍ਹ, 24 ਨਵੰਬਰ  (ਭਗਵੰਤ ਸਿੰਘ ਬੇਦੀ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਦੀ ਪਲੇਠੀ ਸਰਬ ਭਾਰਤ ਕਾਨਫਰੰਸ ਦੇ ਦੂਸਰੇ ਦਿਨ  ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਹਰਕੰਵਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਜਮਹੂਰੀ ਇਨਕਲਾਬ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਦਾ ਸੰਘਰਸ਼ ਬਹੁਤ ਹੀ ਜਟਿਲ ਤੇ ਲੰਮਾ ਹੈ ਜੋ ਸਾਰੀਆਂ ਦੇਸ਼ ਭਗਤ ਤੇ ਜਮਹੂਰੀ ਤਾਕਤਾਂ ਦੀ ਇਨਕਲਾਬੀ ਏਕਤਾ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ ਜਿਸ ਦਾ ਮੁੱਖ ਕੇਂਦਰ ਬਿੰਦੂ ਮਜ਼ਦੂਰ-ਕਿਸਾਨ ਹੋਵੇਗਾ|
ਉਹਨਾਂ ਕਿਹਾ ਕਿ  ਮੌਜੂਦਾ ਦੌਰ ਵਿਚ ਅਜਾਰੇਦਾਰ ਪੂੰਜੀਪਤੀਆਂ ਤੇ ਰਜਵਾੜਿਆਂ ਨੂੰ ਛੱਡ ਕੇ ਬਾਕੀ ਸਾਰੇ ਵਰਗ ਸਾਮਰਾਜੀ ਲੁੱਟ ਦਾ ਸ਼ਿਕਾਰ ਹਨ ਤੇ ਇਸ ਲੁੱਟੇ ਪੁੱਟੇ ਵਰਗ ਦੀ                ਏਕਤਾ ਅਗਾਂਹ ਵੱਲ ਸਮਾਜਿਕ ਤਬਦੀਲੀ ਦਾ ਮੁੱਖ ਆਧਾਰ ਹੋਵੇਗੀ| ਇਸ ਲੁੱਟ ਤੋਂ ਸਦੀਵੀ ਮੁਕਤੀ ਲਈ ਲੜੇ ਜਾਣ ਵਾਲੇ ਸੰਗਰਾਮਾਂ ਦੀ ਜਿੱਤ ਦੀ ਗਰੰਟੀ ਲਈ ਆਰ.ਐਮ. ਪੀ.ਆਈ. ਸਭਨਾਂ ਖੱਬੀਆਂ, ਜਮਹੂਰੀ, ਦੇਸ਼ ਭਗਤਕ ਤੇ ਅਗਾਂਹਵਧੂ ਸ਼ਕਤੀਆਂ ਤੇ ਅਧਾਰਤ ਵਿਸ਼ਾਲ ਮੋਰਚੇ ਦੇ ਉਸਾਰੀ ਲਈ ਕੋਈ ਕਸਰ ਬਾਕੀ ਨਹੀਂ  ਛੱਡੇਗੀ|
ਉਹਨਾਂ ਕਿਹਾ ਕਿ ਮਜ਼ਦੂਰ ਜਮਾਤ ਦੀ ਅਸਰਦਾਇਕ, ਇਕਜੁੱਟ ਤੇ ਰਾਜਨੀਤਕ ਤੌਰ ਤੇ ਤਿੱਖੇ ਰੂਪ ਵਿੱਚ ਕ੍ਰਿਆਸ਼ੀਲ ਲਹਿਰ ਦੀ ਅਣਹੋਂਦ ਕਾਰਨ, ਪੂੰਜੀਵਾਦੀ ਰਾਹ ਦੀ ਭਿਆਨਕਤਾ ਖਿਲਾਫ ਨਿੱਤ ਵੱਧਦੇ ਰੋਸ ਦੀ ਵਰਤੋਂ ਕੁੱਝ ਨਾਂਹ ਪੱਖੀ ਪ੍ਰਤੀਕਿਰਿਆਵਾ ਦੀ ਫਿਰਕੂ ਤੇ ਇਨਕਲਾਬ ਵਿਰੋਧੀ ਤਾਕਤਾਂ ਨੇ ਆਪਣਾ ਆਧਾਰ ਮਜ਼ਬੂਤ ਕਰਨ ਲਈ ਕੀਤੀ ਹੈ| ਇਨ੍ਹਾਂ ਤਾਕਤਾਂ ਵਿੱਚੋਂ ਹੀ ਸੰਘ ਪਰਿਵਾਰ ਦੀ ਔਲਾਦ ਭਾਜਪਾ ਹੁਣ ਸਭ ਤੋਂ ਮੋਹਰੀ ਹੈ| ਸੰਘ ਦੀ ਫਾਸ਼ੀਵਾਦੀ ਵਿਚਾਰਧਾਰਾ ਵਲੋਂ ਪਿੱਠ ਪੂਰੇ ਜਾਣ ਨਾਲ ਇਹ ਕੇਂਦਰ ਤੇ ਕਈ ਸਾਰੇ ਸੂਬਿਆਂ ਵਿੱਚ ਸੱਤਾ ਹਥਿਆਉਣ ਵਿਚ  ਕਾਮਯਾਬ ਹੋਈ ਹੈ| ਇਸ ਪਾਰਟੀ ਤੇ ਸੰਘ ਪਰਿਵਾਰ ਦੀਆਂ ਦੂਸਰੀਆਂ ਜਥੇਬੰਦੀਆਂ ਦੇ ਪੈਰੋਕਾਰਾਂ ਵਲੋਂ ਘੱਟ ਗਿਣਤੀਆਂ, ਦਲਿਤਾਂ ਤੇ ਘਿਨਾਉਣੇ ਹਿੰਸਕ ਹਮਲਿਆਂ ਤੇ ਇਨ੍ਹਾਂ ਦੇ ਅਤਿ ਦਰਜੇ ਦੇ ਫਿਰਕੂ ਅਮਲਾਂ ਨੇ ਘੱਟ ਗਿਣਤੀਆਂ ਵਿਚਾਲੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ| ਇਹ ਵਰਤਾਰਾ ਨਾ ਸਿਰਫ ਮਜ਼ਦੂਰ ਜਮਾਤ ਲਈ ਖਤਰਨਾਕ ਹੈ ਸਗੋਂ ਕੌਮਾਂਤਰੀ ਪੱਧਰ ਤੇ ਕੱਟੜਪੰਥੀਆਂ ਦੇ ਉਭਾਰ ਨਾਲ ਮਿਲ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ-ਨਾਲ ਆਮ ਲੋਕਾਂ ਦੀ ਸਲਾਮਤੀ ਲਈ ਵੀ ਗੰਭੀਰ ਖਤਰਾ ਹੈ| ਉਹਨਾਂ ਕਿਹਾ  ਕਿ ਭਾਰਤ ਵਿਚ ਦਲਿਤਾਂ ਨਾਲ ਵਾਪਰ ਰਹੇ ਅੱਤ ਦਰਜ਼ੇ ਦੇ ਘਿਨਾਉਣੇ ਜਬਰ ਨੇ ਮਨੁੱਖਤਾ ਨੂੰ ਵੀ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ| ਉਹਨਾਂ ਕਿਹਾ  ਕਿ ਲੋਕ ਘੋਲ ਅਤੇ ਘੋਲਾਂ ਦੇ ਆਗੂ ਅੰਤ ਨੂੰ ਪ੍ਰਵਾਨ ਚੜ੍ਹਨਗੇ ਅਤੇ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰ ਅਸਲ ਸਮਾਜਿਕ ਕ੍ਰਾਂਤੀ ਵੀ ਲਾਜ਼ਮੀ ਆਵੇਗੀ|

Leave a Reply

Your email address will not be published. Required fields are marked *