ਧਰਨਾ ਪ੍ਰਦਰਸ਼ਨ ਦੇ ਨਾਮ ਤੇ ਜਨਤਕ ਥਾਂਵਾਂ ਅਤੇ ਸੜਕਾਂ ਤੇ ਨਹੀਂ ਕੀਤਾ ਜਾ ਸਕਦਾ ਕਬਜਾ : ਸੁਪਰੀਮ ਕੋਰਟ


ਨਵੀਂ ਦਿੱਲੀ, 7 ਅਕਤੂਬਰ (ਸ.ਬ.) ਸੁਪਰੀਮ ਕੋਰਟ ਨੇ ਸ਼ਾਹੀਨ ਬਾਗ ਪ੍ਰਦਰਸ਼ਨ ਮਾਮਲੇ ਵਿੱਚ ਕਿਹਾ ਹੈ ਕਿ ਧਰਨਾ, ਪ੍ਰਦਰਸ਼ਨ ਦੇ ਨਾਮ ਤੇ ਜਨਤਕ ਥਾਂਵਾਂ ਅਤੇ ਸੜਕਾਂ ਤੇ ਅਣਮਿੱਥੇ ਸਮੇਂ ਲਈ ਕਬਜ਼ਾ ਨਹੀਂ ਕੀਤਾ ਜਾ ਸਕਦਾ| ਜੱਜ ਸੰਜੇ ਕਿਸ਼ਨ ਕੌਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਮ੍ਹਾ ਹੋਏ ਸਨ, ਰਸਤੇ ਨੂੰ ਪ੍ਰਦਰਸ਼ਨਕਾਰੀਆਂ ਨੇ ਬਲਾਕ ਕੀਤਾ ਸੀ, ਜੋ ਕਿ ਗਲਤ ਹੈ| ਕੋਰਟ ਨੇ ਕਿਹਾ ਕਿ ਜਨਤਕ ਥਾਂਵਾਂ ਅਤੇ ਸੜਕਾਂ ਤੇ ਅਣਮਿੱਥੇ ਸਮੇਂ ਲਈ ਕਬਜ਼ਾ ਨਹੀਂ ਕੀਤਾ ਜਾ ਸਕਦਾ|
ਕੋਰਟ ਨੇ ਕਿਹਾ ਕਿ ਸੜਕ ਤੇ ਆਵਾਜਾਈ ਦਾ ਅਧਿਕਾਰ, ਅਣਮਿੱਥੇ ਸਮੇਂ ਤੱਕ ਰੋਕਿਆ ਨਹੀਂ ਜਾ ਸਕਦਾ| ਉਸ ਨੇ ਕਿਹਾ ਕਿ ਸਿਰਫ਼ ਨਿਰਧਾਰਤ ਖੇਤਰਾਂ ਵਿੱਚ ਹੀ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਚਾਹੀਦਾ ਹੈ| ਬੈਂਚ ਨੇ ਕਿਹਾ ਕਿ ਜਨਤਕ ਮੀਟਿੰਗਾਂ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਹੈ| ਸੰਵਿਧਾਨ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਦਿੰਦਾ ਹੈ ਪਰ ਇਸ ਨੂੰ ਸਮਾਨ ਕਰਤੱਵਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ| ਕੋਰਟ ਨੇ ਇਸ ਮਾਮਲੇ ਵਿੱਚ ਵਿਚੋਲਗੀ ਦੀ ਕੋਸ਼ਿਸ਼ ਅਸਫ਼ਲ ਹੋਣ ਦਾ ਵੀ ਜ਼ਿਕਰ ਕੀਤਾ| ਬੈਂਚ ਨੇ ਕਿਹਾ ਕਿ ਸ਼ਾਹੀਨ ਬਾਗ ਵਿੱਚ ਵਿਚੋਲਗੀ ਦੀ ਕੋਸ਼ਿਸ਼ ਸਫ਼ਲ ਨਹੀਂ ਹੋਈ ਪਰ ਸਾਨੂੰ ਕੋਈ ਪਛਤਾਵਾ ਨਹੀਂ ਹੈ| ਉਸ ਨੇ ਅਜਿਹੇ ਮਾਮਲਿਆਂ ਵਿੱਚ ਫੈਸਲਾ ਕਰਨ ਵਿੱਚ ਸਰਕਾਰ ਨੂੰ ਇੰਤਜ਼ਾਰ ਨਾ ਕਰਨ ਅਤੇ ਕੋਰਟ ਦੇ ਮੋਢੇ ਤੇ ਬੰਦੂਕ ਨਾ ਰੱਖਣ ਦੀ ਵੀ ਨਸੀਹਤ ਦਿੱਤੀ|

Leave a Reply

Your email address will not be published. Required fields are marked *