ਧਰਨਿਆਂ ਦੌਰਾਨ ਆਵਾਜਾਈ ਠੱਪ ਕਰਨ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲੱਗੇ

ਸਾਡੇ ਦੇਸ਼ ਵਿੱਚ ਵੱਖ- ਵੱਖ ਰਾਜਸੀ ਪਾਰਟੀਆਂ, ਜਥੇਬੰਦੀਆਂ ਅਤੇ ਹੋਰਨਾਂ ਸੰਸਥਾਵਾਂ ਵਲੋਂ ਅਕਸਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੜਕ ਅਤੇ ਰੇਲ ਆਵਾਜਾਈ ਨੂੰ ਠੱਪ ਕਰ ਦਿੱਤਾ ਜਾਂਦਾ ਹੈ| ਇਹਨਾਂ ਲੋਕਾਂ ਦੀ ਇਸ ਕਾਰਵਾਈ ਨਾਲ ਸਰਕਾਰ ਨੂੰ ਤਾਂ ਸਿੱਧੇ ਤੌਰ ਤੇ ਕੋਈ ਖਾਸ ਫਰਕ ਨਹੀਂ ਪਂੈਦਾ ਪਰੰਤੂ ਅੰਦੋਲਨਕਾਰੀਆਂ ਦੀ ਇਹ ਕਾਰਵਾਈ ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ ਜਿਹਨਾਂ ਨੂੰ ਘੰਟਿਆਂ ਬੱਧੀ ਜਾਮ ਵਿੱਚ ਫਸ ਕੇ ਪ੍ਰੇਸ਼ਾਨ ਹੋਣਾ ਪੈਂਦਾ ਹੈ|
ਆਏ ਦਿਨ ਕਿਸੇ ਨਾ ਕਿਸੇ ਪਾਰਟੀ ਜਾਂ ਜੱਥੇਬੰਦੀ ਵਲੋਂ ਮੁੱਖ ਸੜਕਾਂ ਤੇ ਧਰਨੇ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਜਾਂਦੀ ਹੈ| ਕਿਸਾਨਾਂ, ਮਜਦੂਰਾਂ ਵਲੋਂ ਅਕਸਰ ਸੜਕ ਅਤੇ ਰੇਲ ਆਵਾਜਾਈ ਨੂੰ ਠੱਪ ਕਰ ਦਿੱਤਾ ਜਾਂਦਾ ਹੈ| ਸ਼ਹਿਰ ਵਾਸੀਆਂ ਨੂੰ ਯਾਦ ਹੋਣਾ ਹੈ ਕਿ ਸਾਲ ਕੁ ਪਹਿਲਾਂ ਨੇੜਲੇ ਪਿੰਡ ਸੋਹਾਣਾ ਵਿਖੇ ਬੇਰੁਜਗਾਰ ਅਧਿਅਪਕਾਂ ਨੇ ਲਗਾਤਾਰ ਕਈ ਦਿਨ ਸੜਕ ਉਪਰ ਧਰਨਾ ਲਗਾ ਕੇ ਆਵਾਜਾਈ ਠੱਪ ਰੱਖੀ ਸੀ| ਇਹ ਬੇਰੁਜਗਾਰ ਅਧਿਆਪਕ ਨੇੜਲੇ ਗੁਰਦੁਆਰਾ ਸਾਹਿਬ ਤੋਂ ਲੰਗਰ ਪਾਣੀ ਛੱਕ ਕੇ ਸੜਕ ਉਪਰ ਬੈਠ ਕੇ ਆਵਾਜਾਈ ਠੱਪ ਕਰ ਦਿੰਦੇ ਸਨ| ਬਾਅਦ ਵਿੱਚ ਪ੍ਰਸ਼ਾਸ਼ਨ ਵਲੋਂ ਇਹਨਾਂ ਦਾ ਗੁਰਦੁਆਰੇ ਵਿਚੋਂ ਲੰਗਰ ਲੈ ਕੇ ਆਉਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਫਿਰ ਧਰਨਾਕਾਰੀਆਂ ਦਾ ਕੈਂਪ ਵੀ ਚੁਕਵਾ ਦਿੱਤਾ ਗਿਆ ਸੀ| ਇਹਨਾਂ ਬੇਰੁਜਗਾਰ ਅਧਿਆਪਕਾਂ ਦੇ ਕਈ ਦਿਨ ਚਲੇ ਇਸ ਧਰਨੇ ਕਾਰਨ ਲੋਕ ਬਹੁਤ ਖੱਜਲ ਖੁਆਰ ਹੋਏ ਸਨ| ਇਸ ਧਰਨੇ ਕਾਰਨ ਹੁੰਦੇ ਸੜਕ ਜਾਮ ਕਾਰਨ ਵਾਹਨ ਚਾਲਕ ਫਸੇ ਰਹਿੰਦੇ ਸਨ ਅਤੇ ਵਾਹਨਾਂ ਵਿੱਚ ਬੈਠੇ ਲੋਕ ਇਹਨਾਂ ਬੇਰੁਜਗਾਰ ਅਧਿਆਪਕਾਂ ਨੂੰ ਕੋਸਦੇ ਰਹਿੰਦੇ ਸਨ|
ਇਹ ਕਿਸੇ ਇੱਕ ਸ਼ਹਿਰ ਦੀ ਗੱਲ ਨਹੀਂ ਹੈ ਬਲਕਿ ਹਰ ਇਲਾਕੇ ਵਿੱਚ ਅਜਿਹੀ ਕੋਈ ਨਾ ਕੋਈ ਜਥੇਬੰਦੀ ਅਕਸਰ ਸੜਕ ਅਤੇ ਰੇਲ ਆਵਾਜਾਈ ਠੱਪ ਕਰ ਦਿੰਦੀ ਹੈ| ਦੇਸ਼ ਵਿੱਚ ਕਦੇ ਗੁੱਜਰ ਅੰਦੋਲਨ ਵਾਲੇ ਰੇਲ ਤੇ ਸੜਕੀ ਆਵਾਜਾਈ ਬੰਦ ਕਰ ਦਿੰਦੇ ਹਨ ਅਤੇ ਕਦੇ ਜਾਟ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਹਨ| ਇਸਤੋਂ ਇਲਾਵਾ ਅਜਿਹੀਆਂ ਸੈਂਕੜੇ ਹਜਾਰਾਂ ਜੱਥੇਬੰਦੀਆਂ ਹਨ ਜਿਹਨਾਂ ਵਲੋਂਸਮੇਂ ਸਮੇਂ ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜੇ ਕਿਸੇ ਸੰਸਥਾ ਨੇ ਆਪਣੀਆਂ ਮੰਗਾਂ ਮਨਵਾਉਣੀਆਂ ਹੁੰਦੀਆਂ ਹਨ ਤਾਂ ਇਸ ਵਾਸਤੇ ਸਰਕਾਰ ਨਾਲ ਗੱਲ ਕਰਨ ਦੀ ਥਾਂ ਇਸ ਤਰ੍ਹਾਂ ਸੜਕ ਤੇ ਰੇਲ ਆਵਾਜਾਈ ਠੱਪ ਕਰਕੇ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਇਹਨਾਂ ਲੋਕਾਂ ਨੂੰ ਕੀ ਹਾਸਿਲ ਹੁੰਦਾ ਹੈ? ਕਈ ਵਾਰ ਤਾਂ ਗਲੀ ਵਿੱਚ ਹੋਈ ਬੱਚਿਆਂ ਦੀ ਮਾਮੂਲੀ ਲੜਾਈ ਕਾਰਨ ਵੀ ਲੋਕ ਮੁੱਖ ਸੜਕ ਦੀ ਆਵਾਜਾਈ ਠੱਪ ਕਰ ਦਿੰਦੇ ਹਨ|
ਆਪਣੀਆਂ ਮੰਗਾਂ ਮਨਵਾਉਣ ਲਈ ਰੇਲ ਅਤੇ ਸੜਕ ਆਵਾਜਾਈ ਠੱਪ ਕਰਕੇ ਧਰਨੇ ਦੇਣ ਦਾ ਇਹ ਤਰੀਕਾ ਆਮ ਲੋਕਾਂ ਦੀਆਂ ਪ੍ਰਸ਼ਾਨੀਆਂ ਵਧਾਉਂਦਾ ਹੈ ਇਸ ਲਈ ਇਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ| ਇਹਨਾਂ ਧਰਨਿਆਂ ਦਾ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰੰਤੂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| ਇਹ ਧਰਨੇ ਦੇਣ ਵਾਲੇ ਖੁਦ ਤਾਂ ਸੰਸਥਾ ਵਲੋਂ ਕੀਤੇ ਗਏ ਪ੍ਰਬੰਧ ਜਾਂ ਕਿਸੇ ਨਾ ਕਿਸੇ ਗੁਰੁਦੁਆਰੇ ਤੋਂ ਲੰਗਰ ਅਤੇ ਚਾਹ ਪਾਣੀ ਛੱਕ ਕੇ ਆਏ ਹੁੰਦੇ ਹਨ ਪਰ ਆਵਾਜਾਈ ਠੱਪ ਕਰਕੇ ਇਹ ਜਾਮ ਵਿੱਚ ਫਸੇ ਲੋਕਾਂ ਨੂੰ ਭੁੱਖੇ ਮਾਰ ਦਿੰਦੇ ਹਨ| ਕਈ ਵਾਰ ਜਾਮ ਵਿੱਚ ਫਸੇ ਵਾਹਨਾਂ ਵਿੱਚ ਛੋਟੇ ਬਚੇ ਭੁੱਖ ਨਾਲ ਤੇ ਗਰਮੀ ਨਾਲ ਵਿਲਕਦੇ ਵੇਖੇ ਜਾਂਦੇ ਹਨ ਪਰ ਇਹਨਾਂ ਧਰਨਾਕਾਰੀਆਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ| ਇਹ ਆਪਣਾ ਧਰਨਾ ਲਗਾਤਾਰ ਜਾਰੀ ਰੱਖਦੇ ਹਨ ਅਤੇ ਕਿਸੇ ਨੂੰ ਵੀ ਲੰਘਣ ਨਹੀਂ ਦਿੰਦੇ|
ਇਹਨਾਂ ਧਰਨਾਕਾਰੀਆਂ ਦੀ ਇਹ ਕਾਰਵਾਈ ਸਿੱਧੇ ਰੂਪ ਵਿੱਚ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ| ਜੇਕਰ ਕਿਸੇ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜਾਂ ਸਰਕਾਰ ਦੀ ਕਿਸੇ ਕਾਰਵਾਈ ਦਾ ਵਿਰੋਧ ਕਰਨਾ ਵੀ ਹੈ ਤਾਂ ਉਸਦੇ ਕਈ ਹੋਰ ਤਰੀਕੇ ਹਨ ਅਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ| ਚਾਹੀਦਾ ਤਾਂ ਇਹ ਹੈ ਕਿ ਧਰਨੇ ਲਾ ਕੇ ਸੜਕ ਅਤੇ ਰੇਲ ਆਵਾਜਾਈ ਠੱਪ ਕਰਨ ਦੇ ਰੁਝਾਨ ਨੂੰ ਰੋਕਿਆ ਜਾਵੇ ਅਤੇ ਜੇਕਰ ਕੋਈ ਸੰਸਥਾ ਫਿਰ ਵੀ ਆਵਾਜਾਈ ਨੂੰ ਠੱਪ ਕਰਦੀ ਹੈ ਤਾਂ ਉਸ ਸੰਸਥਾ ਦੇ ਮਂੈਬਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਕੋਈ ਹੋਰ ਸੰਸਥਾ ਜਾਂ ਪਾਰਟੀ ਆਵਾਜਾਈ ਠੱਪ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੇ|

Leave a Reply

Your email address will not be published. Required fields are marked *