ਧਾਰਮਿਕ ਗੁਰੂਆਂ ਦੀ ਬੇਅਦਬੀ ਕਰਕੇ ਫੈਲਾਈ ਜਾਂਦੀ ਨਫਰਤ ਚਿੰਤਾ ਦਾ ਵਿਸ਼ਾ

ਸਾਡੇ ਦੇਸ਼ ਵਿੱਚ ਧਰਮ ਦੇ ਨਾਮ ਤੇ ਨਫਰਤ ਫੈਲਾਉਣਾ ਬਹੁਤ ਸੌਖਾ ਹੈ ਅਤੇ ਇਸ ਮੁੱਦੇ ਤੇ ਲੋਕਾਂ ਨੂੰ ਉਕਸਾ ਕੇ ਇੱਕ ਦੂਜੇ ਦੇ ਖਿਲਾਫ ਮਰਨ ਮਾਰਨ ਲਈ ਝੱਟ ਤਿਆਰ ਕੀਤਾ ਜਾ ਸਕਦਾ ਹੈ| ਅੱਜਕੱਲ ਸੋਸ਼ਲ ਮੀਡੀਆ ਉਪਰ ਕਿਸੇ ਨਾ ਕਿਸੇ ਧਾਰਮਿਕ ਗੁਰੂ, ਦੇਵੀ ਦੇਵਤਿਆਂ ਅਤੇ ਹੋਰ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਹਨਾਂ ਦੀਆਂ ਅਜੀਬ- ਗਰੀਬ ਤਸਵੀਰਾਂ ਬਣਾ ਕੇ ਪੋਸਟ ਕੀਤੀਆਂ ਜਾ ਰਹੀਆਂ ਹਨ| ਇਹ ਕਾਰਵਾਈ ਅਕਸਰ ਵੇਖਣ ਵਿੱਚ ਆ ਜਾਂਦੀ ਹੈ ਅਤੇ ਅਜਿਹਾ ਹਰੇਕ ਧਰਮ ਦੇ ਗੁਰੂਆਂ, ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨਾਲ ਹੋ ਰਿਹਾ ਹੈ| ਇਹਨਾਂ ਤਸਵੀਰਾਂ ਵਿੱਚ ਦੇਵੀ ਦੇਵਤਿਆਂ ਅਤੇ ਧਰਮ ਗੁਰੂਆਂ ਦੀਆਂ ਅਸਲ ਤਸਵੀਰਾਂ ਦਾ ਮੂੰਹ ਕਟ ਕੇ ਕਿਸੇ ਜਾਨਵਰ ਦੀ ਫੋਟੋ ਉਪਰ ਜਾਂ ਨੰਗੀਆਂ ਕੁੜੀਆਂ ਦੇ ਨਾਲ ਖੜੇ ਕਿਸੇ ਵਿਅਕਤੀ ਦੇ ਮੂੰਹ ਉਪਰ ਲਗਾ ਦਿੱਤਾ ਜਾਂਦਾ ਹੈ| ਇਸ ਤਰ੍ਹਾਂ ਦੀਆਂ ਤਸਵੀਰਾਂ ਤੁਰਤ ਫੁਰਤ ਵਿੱਚ ਹੀ ਵਾਇਰਲ ਵੀ ਹੋ ਜਾਂਦੀਆਂ ਹਨ|
ਦੇਵੀ ਦੇਵਤਿਆਂ ਜਾਂ ਗੁਰੂਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਦੀ ਇਹ ਕਾਰਵਾਈ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦੀ ਹੈ| ਅਸਲ ਵਿੱਚ ਅਜਿਹੀਆਂ ਤਸਵੀਰਾਂ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਦਾ ਮੰਤਵ ਵੀ ਇਸ ਤਰੀਕੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਆਪਣਾ ਸੁਆਰਥ ਸਿੱਧ ਕਰਨਾ ਹੁੰਦਾ ਹੈ| ਇਹ ਉਹ ਲੋਕ ਹਨ ਜਿਹੜੇ ਦੇਸ਼ ਅਤੇ ਸਮਾਜ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ| ਭਾਰਤ ਵਿੱਚ ਪਹਿਲਾਂ ਹੀ ਧਰਮ ਆਧਾਰਿਤ ਦੰਗੇ ਫਸਾਦ ਹੁੰਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਕਾਰਨ ਵੀ ਅਕਸਰ ਦੰਗੇ ਭੜਕ ਜਾਂਦੇ ਹਨ| ਪਿਛਲੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਸ ਤਸਵੀਰ ਨੂੰ ਸੋਸ਼ਲ ਮੀਡੀਆ ਉਪਰ ਪੋਸਟ ਕੀਤਾ ਗਿਆ ਹੈ ਅਤੇ ਇਹ ਤਸਵੀਰ ਬਹੁਤ ਤੇਜੀ ਨਾਲ ਵਾਇਰਲ ਹੋ ਗਈ ਹੈ ਜਿਸ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਂਵਾਂ ਨੂੰ ਡੂੰਘੀ ਸੱਟ ਵੱਜੀ ਹੈ| ਇਸਤੋਂ ਪਹਿਲਾਂ ਵੀ ਸ਼ਰਾਰਤੀ ਅਨਸਰਾਂ ਵਲੋਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ ਅਤੇ ਬਾਅਦ ਵਿੱਚ ਸਿੱਖ ਸ਼ਰਧਾਲੂਆਂ ਵਲੋਂ ਅਜਿਹੇ ਅਨਸਰਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਬਕ ਵੀ ਸਿਖਾਇਆ ਜਾਂਦਾ ਰਿਹਾ ਹੈ|
ਅਜਿਹੀਆਂ ਘਟਨਾਵਾਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ| ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ ਤੇ ਪੋਸਟ ਕਰਨ ਵਾਲੇ ਵਿਅਕਤੀ ਦੀ ਭਾਵੇਂ ਪਹਿਚਾਨ ਨਹੀਂ ਹੋਈ ਹੈ ਪਰੰਤੂ ਉਸ ਵਲੋਂ ਖੁਦ ਨੂੰ ਇੱਕ ਜਾਤੀ ਵਿਸ਼ੇਸ਼ ਨਾਲ ਸੰਬੰਧਿਤ ਦੱਸ ਕੇ ਕਿਹਾ ਗਿਆ ਹੈ ਕਿ ਸਿਰਫ ਉਸਦੀ ਜਾਤੀ ਵਿਸ਼ੇਸ਼ ਵਿੱਚ ਹੀ ਮਹਾਂਪੁਰਖ ਹੋਏ ਹਨ ਅਤੇ ਉਸ ਵਲੋਂ ਹੋਰਨਾਂ ਜਾਤੀਆਂ/ਧਰਮਾਂ ਦੇ ਮਹਾਂਪੁਰਸ਼ਾਂ ਦੇ ਖਿਲਾਫ ਅਪਸ਼ਬਦ ਵਰਤੇ ਗਏ ਹਨ| ਕਿਸੇ ਸਿਰਫਿਰੇ ਵਿਅਕਤੀ ਦੀਆਂ ਅਜਿਹੀਆਂ ਕਾਰਵਾਈਆਂ ਪੰਜਾਬ ਦੇ ਮਾਹੌਲ ਨੂੰ ਮੁੜ ਖਰਾਬ ਕਰਨ ਦਾ ਕਾਰਨ ਬਣ ਸਕਦੀਆਂ ਹਨ|
ਅਜਿਹਾ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਜਾਣ ਬੁਝ ਕੇ ਪੋਸਟ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨ ਵਿਚ ਲਗੇ ਹੋਏ ਹਨ| ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਪਹਿਲਾਂ ਤਾਂ ਅਜਿਹਾ ਕੁਝ ਕਦੇ ਕਦਾਰ ਹੀ ਹੁੰਦਾ ਸੀ ਪਰ ਪਿਛਲੇ ਕੁੱਝ ਸਾਲਾਂ ਦੌਰਾਨ ਅਜਿਹੀਆਂ ਕਾਰਵਾਈਆਂ ਬਹੁਤ ਜਿਆਦਾ ਵੱਧ ਗਈਆਂ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਵਾਲੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਆਮ ਹੋ ਗਈਆਂ ਹਨ| ਕਈ ਵਾਰ ਤਾਂ ਅਜਿਹਾ ਵੀ ਹੋਇਆ ਹੈ ਕਿ ਸਰਕਾਰ ਵਲੋਂ ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਨੂੰ ਸੁਰਖਿਆ ਮੁਹਈਆ ਕਰਵਾਈ ਜਾਂਦੀ ਰਹੀ ਹੈ|
ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛੇੜਛਾੜ ਦੀ ਇਹ ਕਾਰਵਾਈ ਵੇਖ ਕੇ ਆਮ ਸਿੱਖਾਂ ਦਾ ਖੂਨ ਖੌਲਦਾ ਹੈ| ਸਿੱਖ ਸ਼ਰਧਾਲੂ ਹੁਣ ਸਰਕਾਰ ਦਾ ਮੂੰਹ ਵੇਖ ਰਹੇ ਹਨ ਕਿ ਸਰਕਾਰ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰੇ ਪਰ ਸਰਕਾਰ ਇਸ ਮਾਮਲੇ ਵਿੱਚ ਵੀ ਹਮੇਸ਼ਾ ਵਾਂਗ ਹੀ ਅਵੇਸਲੀ ਦਿਖਦੀ ਹੈ| ਇਸ ਮਾਮਲੇ ਉਪਰ ਸਿਆਸੀ ਆਗੂਆਂ ਦੀ ਚੁੱਪੀ ਵੀ ਖਟਕਦੀ ਹੈ| ਸਾਡੇ ਆਗੂ ਇਕ ਦੂਜੇ ਦੀ ਨਿਖੇਧੀ ਕਰਨ ਤਕ ਹੀ ਸੀਮਿਤ ਦਿਖਦੇ ਹਨ ਪਰ ਇਸ ਸੰਵੇਦਨਸੀਲ ਮਸਲੇ ਉਪਰ ਕੋਈ ਵੀ ਸਿੱਖ ਰਾਜਸੀ ਆਗੂ ਜੁਬਾਨ ਨਹੀਂ ਖੋਲ੍ਹ ਰਿਹਾ| ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਸੋਸ਼ਲ ਮੀਡੀਆ ਉਪਰ ਅਜਿਹੀਆਂ ਬੇਅਦਬੀ ਵਾਲੀਆਂ ਤਸਵੀਰਾਂ ਪਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਹਾਲਾਤ ਮੁੜ ਖਰਾਬ ਹੋ ਸਕਦੇ ਇਸ ਲਈ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *